
ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰੀ ਖੇਤਰ ਨੁੰ ਵਿਰਾਸਤੀ ਮਾਰਗ ਦੀ ਤਰਜ਼ ’ਤੇ ਵਿਕਸਤ ਕਰਨ ਦਾ ਕੀਤਾ ਐਲਾਨ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਅੰਮ੍ਰਿਤਸਰ ਪੂਰਬੀ ਵਿਚ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ ਦੇ ਤਿੰਨ ਮੌਜੂਦਾ ਕੌਂਸਲਰ ਅਤੇ ਹੋਰ ਇਲਾਕਿਆਂ ਦੇ ਆਗੂ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਉਮੀਦਵਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਤਸ਼ਾਹ ਨਾਲ ਭਰੇ ਦਰਸ਼ਕਾਂ ਦੀ ਭੀੜ ਨੂੰ ਸੰਬੋਧਨ ਕੀਤਾ, ਨੇ ਕੌਂਸਲਰਾਂ ਰਾਜੇਸ਼ ਮਦਾਨ, ਰਾਜਿੰਦਰ ਸੈਣੀ ਤੇ ਲੱਡੂ ਪਹਿਲਵਾਨ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰਪਾਲ ਸ਼ਰਮਾ, ਸਾਬਕਾ ਕੌਂਸਲਰ ਰਛਪਾਲ ਕੌਰ ਬਾਜਵਾ ਤੇ ਜਗਤਾਰ ਸਿੰਘ ਵੇਰਕਾ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਦੇ ਵੀ ਅੰਮ੍ਰਿਤਸਰ ਲਈ ਕੁਝ ਨਹੀਂ ਕੀਤਾ। ਉਸਨੇ ਪਿਛਲੇ ਪੰਜ ਸਾਲਾਂ ਦੌਰਾਨ ਅੰਮ੍ਰਿਤਸਰ ਪੂਰਬੀ ਨੁੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ। ਪਹਿਲਾਂ ਉਸਨੇ ਸਥਾਨਕ ਸਰਕਾਰ ਮੰਤਰੀ ਹੁੰਦਿਆਂ ਸ੍ਰੀ ਦਰਬਾਰ ਸਾਹਿਬ ਨੁੰ ਜਾਂਦੇ ਵਿਰਾਸਤੀ ਮਾਰਗ ਦਾ ਰੱਖ ਰਖਾਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸ . ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਵਿਸ਼ਵ ਦੇ ਨਕਸ਼ੇ ’ਤੇ ਪਹਿਲਾਂ ਹੀ ਸ਼ਾਮਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੁੰਦਰਤਾ ਲਈ ਕੰਮ ਕੀਤਾ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਅੰਮ੍ਰਿਤਸਰ ਪੂਰਬੀ ਦੇ ਸਾਰੇ ਵਿਕਾਸ ਕਾਰਜ ਤਰਜੀਹ ਦੇ ਆਧਾਰ ’ਤੇ ਮੁਕੰਮਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਟਰਾਂਸਪੋਰਟ ਨਗਰ ਨੁੰ ਤਬਦੀਲ ਕਰਾਂਗੇ ਅਤੇ ਇਸਦੀ ਥਾਂ ਇਥੇ ਵਪਾਰ ਮੁੜ ਸਥਾਪਿਤ ਕਰਨ ਵਾਸਤੇ ਅਲਾਟ ਕਰਾਂਗੇ। ਅਸੀਂ ਆਧੁਨਿਕ ਸਹੂਲਤਾਂ ਵਾਲੀ ਸਬਜ਼ੀ ਮੰਡੀ ਬਣਾਵਾਂਗੇ ਤੇ ਫੋਕਲ ਪੁਆਇੰਟ ਨੂੰ ਨਵੇਂ ਸਿਰੇ ਤੋਂ ਸੰਵਾਂਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪੁਰਾਣੇ ਅੰਮ੍ਰਿਤਸਰ ਸ਼ਹਿਰੀ ਖੇਤਰ ਨੁੰ ਵਿਰਾਸਤੀ ਮਾਰਗ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ।
ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਰਿਕਾਰਡ ਫਰਕ ਨਾਲ ਜਿੱਤਣਗੇ। ਉਹਨਾਂ ਕਿਹਾ ਕਿ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਿੱਧੂ ਦੇ ਹੰਕਾਰੀ ਰਵੱਈਏ ਤੋਂ ਤੰਗ ਆ ਗਏ ਹਨ। ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਸਿੱਧੂ ਨੇ ਹਲਕੇ ਵਾਸਤੇ ਕੱਖ ਨਹੀਂ ਕੀਤਾ ਅਤੇ ਭਵਿੱਖ ਵਿਚ ਵੀ ਨਹੀਂ ਕਰੇਗਾ, ਇਸੇ ਲਈ ਉਹ ਧੜਾਧੜ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ. ਮਜੀਠੀਆ ਦੇ ਖਿਲਾਫ ਬੇਸਿਰ ਪੈਰ ਦੇ ਦੋਸ਼ ਲਗਾ ਦਿੱਤੇ ਗਏ। ਉਹਨਾਂ ਕਿਹਾ ਸਰਦਾਰ ਮਜੀਠੀਆ ਤੇ ਉਹਨਾਂ ਦਾ ਪਰਿਵਾਰ ਨਾ ਸਿਰਫ ਬੇਹੱਦ ਧਾਰਮਿਕ ਤੇ ਰੱਬ ਤੋਂ ਡਰਨ ਵਾਲਾ ਹੈ ਬਲਕਿ ਉਹਨਾਂ ਵੱਲੋਂ ਸਮਾਜ ਦੀ ਸੇਵਾ ਤੇ ਸਿਆਸੀ ਸੇਵਾ ਦਾ ਇਕ ਸਰਵੋਤਮ ਰਿਕਾਰਡ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਇਹ ਕਿਹਾ ਹੈ ਕਿ ਸਰਦਾਰ ਮਜੀਠੀਆ ਦੇ ਖਿਲਾਫ ਨਸ਼ੇ ਦੇ ਕੇਸ ਵਿਚ ਕੋਈ ਵੀ ਸਬੂਤ ਪੇਸ਼ ਕਰ ਦੇਵੇ ਤਾਂ ਮੈਂ ਰਾਜਨੀਤੀ ਹਮੇਸ਼ਾ ਲਈ ਛੱਡ ਦਿਆਂਗਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਦੇ ਲੋਕ ਵੀ ਅਜਿਹੇ ਝੁਠੇ ਦੋਸ ਲਗਾਉਣ ਦਾ ਜਵਾਬ ਸਿੱਧੂ ਨੁੰ 20 ਫਰਵਰੀ ਨੁੰ ਦੇਣਗੇ।
ਇਸ ਮੌਕੇ ਸ. ਮਜੀਠੀਆ ਨੇ ਕਾਂਗਰਸੀ ਕੌਂਸਲਰਾਂ ਅਤੇ ਹੋਰ ਆਗੂਆਂ ਦਾ ਉਹਨਾਂ ’ਤੇ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਇਹ ਮੇਰਾ ਮਿਸ਼ਨ ਹੋਵੇਗਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਦਾ ਤੇਜ਼ ਰਫਤਾਰ ਵਿਕਾਸ ਹੋਵੇ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਤੋਂ ਬਾਅਦ ਹਲਕੇ ਵਿਚ ਵਿਕਾਸ ਕਾਰਜ ਤਰਜੀਹ ਦੇ ਆਧਾਰ ’ਤੇ ਕਰਵਾਏ ਜਾਣਗੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।