• Home
 • »
 • News
 • »
 • punjab
 • »
 • PUNJAB ELECTION 2022 ENTREPRENEURSHIP IS THE FUTURE OF PUNJAB PUNJABIYAT AND PUNJAB MODEL PUNJAB CONGRESS PRESIDENT

Punjab Election 2022: ਉੱਦਮਤਾ ਪੰਜਾਬ, ਪੰਜਾਬੀਅਤ ਅਤੇ ‘ਪੰਜਾਬ ਮਾਡਲ’ ਦਾ ਭਵਿੱਖ ਹੈ : ਪੰਜਾਬ ਕਾਂਗਰਸ ਪ੍ਰਧਾਨ

Youtube Video
 • Share this:
  ਚੰਡੀਗੜ੍ਹ- ਪੰਜਾਬ ਮਾਡਲ ਦੀਆਂ ਵੱਖੋ-ਵੱਖ ਵਿਸ਼ੇਸ਼ਤਾਵਾਂ ਉੱਪਰ ਰੌਸ਼ਨੀ ਪਾਉਂਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਨੇ ‘ਨਵਾਂ ਪੰਜਾਬ’ ਮੁਹਿੰਮ ਤਹਿਤ “ਨੌਜਵਾਨ, ਹੁਨਰ ਅਤੇ ਉੱਦਮਤਾ” ਪ੍ਰੋਗਰਾਮ ਦਾ ਐਲਾਨ ਕੀਤਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਪੰਜਾਬ ਮਾਡਲ’ ਸਿਰਫ਼ ਚੋਣਾਂ ਦਾ ਮਾਡਲ ਨਹੀਂ ਹੈ, ਸਗੋਂ ਸਮੁੱਚੇ ਪੰਜਾਬੀਆਂ ਲਈ ਉਨ੍ਹਾਂ ਦੀਆਂ ਭੂਗੋਲਿਕ ਸਥਿਤੀਆਂ, ਸਮਾਜਿਕ ਅਤੇ ਆਰਥਿਕ ਲੋੜਾਂ ਅਨੁਸਾਰ ਤਿਆਰ ਕੀਤਾ ਗਿਆ ਇੱਕ ਖੋਜ ਭਰਪੂਰ ਰੋਡਮੈਪ ਹੈ। ਅੱਜ ਦੀ ਨੌਜਵਾਨ  ਪੀੜ੍ਹੀ ਪੰਜਾਬ ਦੀ ਉਮੀਦ ਹਨ। ਉਨ੍ਹਾਂ ਵਿੱਚ ਅਥਾਹ ਊਰਜਾ ਹੈ ਅਤੇ ਇਹ ਭਾਰਤ ਅਤੇ ਵਿਦੇਸ਼ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਰਾਹੀਂ ਸਾਬਤ ਹੋਇਆ ਹੈ। ਇਸ ਲਈ, ਨੌਜਵਾਨਾਂ, ਹੁਨਰ, ਉੱਦਮ ਅਤੇ ਖੇਡਾਂ ਲਈ ਇੱਕ ਯੋਗ ਵਾਤਾਵਰਣ ਬਣਾਉਣ ਵਾਸਤੇ ਇੱਕ ਸੰਪੂਰਨ ਰੋਡ ਮੈਪ ਹੋਣਾ ਬਹੁਤ ਮਹੱਤਵਪੂਰਨ ਹੈ, ਤਾਂ ਜੋ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ। ਇੱਕ-ਦੋ ਨੁਕਤੇ ਇਸ ਵਿਸ਼ਾਲ ਯੋਜਨਾ ਦੀ ਲੋੜ ਨਹੀਂ ਹਨ, ਇਸ ਲਈ ਇੱਕ ਬਹੁ-ਪੱਖੀ ਪਹੁੰਚ ਹੀ ਸਹੀ ਹੱਲ ਹੈ, ਜਿਸਦਾ ਮੈਂ ਅੱਜ ਐਲਾਨ ਕਰਨ ਜਾ ਰਿਹਾ ਹਾਂ।

  ਪਹਿਲਾ ਕਦਮ :

  ਡਾ. ਮਨਮੋਹਨ ਸਿੰਘ ਦੇ ਨਜ਼ਰੀਏ ਅਤੇ ਨੀਤੀ ਅਨੁਸਾਰ ਕਲੱਸਟਰ ਆਧਾਰਿਤ ਵਿਕਾਸ ਮਾਡਲ ਦੀ ਲੋੜ ਹੈ।  ਇਸ ਪ੍ਰੌਗਰਾਮ ਅਧੀਨ ਉੱਦਮਤਾ ਅਤੇ ਹੁਨਰ ਵਿਕਾਸ ਦੀ ਪਹਿਲੀ ਖਾਸੀਅਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 10 ਉਦਯੋਗਿਕ ਅਤੇ 13 ਫੂਡ ਪ੍ਰੋਸੈਸਿੰਗ ਕਲੱਸਟਰਾਂ ਦੀ ਸਥਾਪਨਾ ਕਰਨਾ ਹੋਵੇਗੀ, ਜਿਨ੍ਹਾਂ ਨਾਲ ਸਬੰਧਤ ਅਤੇ ਲੋੜੀਂਦੇ ਹੁਨਰ ਸਿਖਲਾਈ ਕੇਂਦਰ ਵੀ ਖੋਲ੍ਹੇ ਜਾਣਗੇ। ਕਲੱਸਟਰ ਅਧੀਨ ਕਿਸੇ ਖੇਤਰ ਵਿੱਚ ਸੈਂਕੜੇ ਅਜਿਹੇ ਛੋਟੇ ਕਾਰੋਬਾਰ ਵਿਕਸਤ ਕੀਤੇ ਜਾਂਦੇ ਹਨ ਜੋ ਉਸ ਖੇਤਰ ਵਿੱਚ ਉਪਲਬਧ ਹੁਨਰਮੰਦਾਂ, ਫ਼ਸਲੀ ਪੈਟਰਨ, ਮਿੱਟੀ, ਜ਼ਮੀਨ, ਸਥਾਨਕ ਗਿਆਨ ਅਤੇ ਹੋਰ ਤੱਤਾਂ ਉੱਪਰ ਆਧਾਰਿਤ ਹੁੰਦੇ ਹਨ। ਇਸ ਨਾਲ ਨਾ ਸਿਰਫ਼ ਵਧੇਰੇ ਰੁਜ਼ਗਾਰ ਪੈਦਾ ਹੋਵੇਗਾ ਬਲਕਿ ਪੰਜਾਬ ਦੇ ਲੋਕਾਂ ਨੂੰ ਸੁਤੰਤਰ, ਉੱਨਤ ਅਤੇ ਅਣਥੱਕ ਵੀ ਬਣਾਏਗਾ। ਪ੍ਰਸਤਾਵਿਤ ਪ੍ਰੋਗਰਾਮ ਅਧੀਨ ਉਲੀਕੇ ਗਏ ਕਾਰਜ ਹੇਠ ਲਿਖੇ ਅਨੁਸਾਰ ਹਨ:

  ● ਮੋਹਾਲੀ: ਮੋਹਾਲੀ ਪੰਜਾਬ ਰਾਜ ਦੀ ਤਕਨੀਕੀ ਤਰੱਕੀ ਦੇ ਕੇਂਦਰ ਵਿੱਚ ਰਿਹਾ ਹੈ। ਪਰ ਸਾਡੇ ਨੌਜਵਾਨ ਬੇਹਤਰ ਕਾਰੋਬਾਰੀ ਮੌਕੇ ਲੱਭਣ ਬੈਂਗਲੋਰ, ਹੈਦਰਾਬਾਦ ਜਾਂਦੇ ਹਨ, ਜਦਕਿ ਅਸੀਂ ਉਨ੍ਹਾਂ ਨੂੰ ਇੱਥੇ ਅਜਿਹੇ ਮੌਕੇ ਪ੍ਰਦਾਨ ਨਹੀਂ ਕਰਦੇ। ਮੋਹਾਲੀ ਵਿੱਚ ਅਤਿ-ਆਧੁਨਿਕ ਆਈ.ਟੀ. ਕੇਂਦਰ ਸਥਾਪਤ ਕਰਨ ਅਤੇ ਸਟਾਰਟਅੱਪ ਸਿਟੀ ਸ਼ੁਰੂ ਕਰਨ ਦੇ ਨਾਲ, ਇਸ ਸ਼ਹਿਰ ਅੰਦਰ ਮਿਲੇਨੀਅਲ ਟੈਕ-ਸਿਟੀ (Millennial Tech-City) ਬਣਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸਹਾਇਕ ਉਦਯੋਗ ਵੱਜੋਂ, ਮੋਹਾਲੀ ਵਿੱਚ ਹਾਈਟੈਕ ਮੈਟਲ ਕਲੱਸਟਰ ਅਤੇ ਐਡਵਾਂਸਡ ਮਸ਼ੀਨਰੀ ਕਲੱਸਟਰ ਸੈੱਟਅੱਪ ਸਥਾਪਤ ਹੋਣਗੇ।

  ● ਲੁਧਿਆਣਾ: ਲੁਧਿਆਣਾ ਪੰਜਾਬ ਰਾਜ ਦਾ ਵਪਾਰਕ ਕੇਂਦਰ ਅਤੇ ਇੱਕ ਪੈਸੇ ਵਾਲਾ ਸ਼ਹਿਰ ਹੈ। ਸ਼ਹਿਰ ਦੇ ਯੂ.ਐਸ.ਪੀ (unique selling proposition) ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਵਿਚ ਇਲੈਕਟ੍ਰਿਕ ਵਾਹਨ ਉਤਪਾਦਨ ਕਲੱਸਟਰ ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਸ ਤੋਂ ਬਿਨਾਂ ਹੈਂਡਲੂਮ ਅਤੇ ਕੱਪੜਾ ਕਲੱਸਟਰ ਜਿਸ ਲਈ ਲੁਧਿਆਣਾ ਪਹਿਲਾਂ ਹੀ ਪ੍ਰਸਿੱਧ ਹੈ; ਆਟੋ ਟੈਕ ਕਲੱਸਟਰ; ਫਾਊਂਡਰੀ ਕਲੱਸਟਰ; ਟੂਲ ਅਤੇ ਕਲ-ਪੁਰਜਾ ਕਲੱਸਟਰ ਵੀ ਬਣਾਏ ਜਾਣਗੇ। ਨਵੀਂ ਬਿਜਲਈ ਵਾਹਨ ਅਤੇ ਸੈਮੀਕੰਡਕਟਰ ਨੀਤੀ ਦੇ ਨਾਲ, ਪੰਜਾਬ ਵਿੱਚ ਲੁਧਿਆਣਾ ਅੰਦਰ ਬਿਜਲਈ ਵਾਹਨ ਅਤੇ ਸੈਮੀਕੰਡਕਟਰ ਉਦਯੋਗ ਦਾ ਧੁਰਾ ਬਣਨ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਈਵੀ ਸਕੂਟੀ ਦੀ ਪਹਿਲੀ ਗਾਹਕ ਹੋਵੇਗੀ ਅਤੇ ਇਸ ਨੂੰ ਸਾਡੀਆਂ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਵਿਆਜ ਮੁਕਤ, ਸਸਤੀ ਕੀਮਤ 'ਤੇ ਦੇਵਾਂਗੇ, ਵਾਤਾਵਰਣ ਪੱਖੀ ਵੀ ਹੋਵੇਗੀ।

  ● ਕਪੂਰਥਲਾ ਅਤੇ ਬਟਾਲਾ: ਫਾਊਂਡਰੀ ਅਤੇ ਜਨਰਲ ਇੰਜਨੀਅਰਿੰਗ ਕਲੱਸਟਰ

  ● ਪਟਿਆਲਾ: ਕਟਿੰਗ ਟੂਲ ਕਲੱਸਟਰ, ਫੂਡ ਪ੍ਰੋਸੈਸਿੰਗ, ਫੁਲਕਾਰੀ ਅਤੇ ਗਹਿਣੇ

  ● ਮਲੇਰਕੋਟਲਾ: ਫਰਨੀਚਰ ਅਤੇ ਫਿਕਸਚਰ, ਜੁੱਤੀਆਂ ਅਤੇ ਚਮੜਾ

  ● ਗੋਬਿੰਦਗੜ੍ਹ: ਸਟੀਲ ਰੀ-ਰੋਲਿੰਗ ਦੇ ਨਾਲ ਆਟੋਮੋਟਿਵ ਨਾਲ ਸਬੰਧਤ ਕਲੱਸਟਰ। ਪੀਐਚਡੀ ਚੈਂਬਰ ਆਫ ਕਮਰਸ ਅਨੁਸਾਰ ਇੱਥੇ ਸਟੀਲ ਉਦਯੋਗ ਪਹਿਲਾਂ ਹੀ ਹੈ, ਇਸਨੂੰ ਆਟੋਮੋਟਿਵ ਕਲ-ਪੁਰਜਿਆਂ ਨਾਲ ਵਧਾਇਆ ਜਾ ਸਕਦਾ ਹੈ।

  ● ਅੰਮ੍ਰਿਤਸਰ: ਸਿਹਤ ਅਤੇ ਸੈਰ-ਸਪਾਟਾ ਹੱਬ; ਬੁਣਾਈ ਕਲੱਸਟਰ, ਇੱਥੇ ਪਰਵਾਸੀ ਪੰਜਾਬੀ ਇਲਾਜ ਕਰਵਾਉਣ ਆਉਂਦੀ ਹਨ, ਸਰਕਾਰੀ ਇਸਨੂੰ ਹੋਰ ਸਹਿਯੋਗ ਕਰੇਗੀ। ਹਵਾਈ ਅੱਡੇ ਨੇੜੇ ਨਿਊ ਇਕਨਾਮਿਕ ਜ਼ੋਨ ਬਣਾਇਆ ਜਾਵੇਗਾ।

  ● ਜਲੰਧਰ: ਸਰਜੀਕਲ (ਮੈਡੀਕਲ ਉਪਕਰਣ) ਕਲੱਸਟਰ, ਖੇਡਾਂ ਦਾ ਸਮਾਨ। ਆਦਮਪੁਰ ਹਵਾਈ ਅੱਡੇਦਾ ਨਵੀਨੀਕਰਨ ਕੀਤਾ ਜਾਵੇਗਾ।

  ● ਮਲੋਟ: ਟੈਕਸਟਾਈਲ, ਆਟੋਮੋਟਿਵ ਪੁਰਜੇ

  ● ਬਠਿੰਡਾ ਅਤੇ ਮਾਨਸਾ: ਪੈਟਰੋ ਕੈਮੀਕਲਜ਼, ਤੇਲ ਰਿਫਾਇਨਰੀ ਅਤੇ ਫਾਊਂਡਰੀਆਂ

  ● ਕਿਸਾਨਾਂ ਨੂੰ ਪ੍ਰੋਸੈਸਰ ਅਤੇ ਵਪਾਰੀ ਬਣਨ ਦੇ ਸਮਰੱਥ ਬਣਾਉਣ ਲਈ 13 ਐਗਰੋ-ਪ੍ਰੋਸੈਸਿੰਗ ਕਲੱਸਟਰ (ਫੂਡ ਪਾਰਕ)।

  ਇਸ ਸਭ ਦੇ ਸਮਾਨਾਂਤਰ ‘ਪੰਜਾਬ ਮਾਡਲ’ ਦੇ ਆਧਾਰ ਪੰਜਾਬ ਦੀ ਖੇਤੀ ਆਰਥਿਕਤਾ ਵੱਲ ਧਿਆਨ ਦੇਣਾ ਜ਼ਰੂਰੀ ਹੈ। ਖੇਤੀਬਾੜੀ ਦੇ ਨਾਲ, “ਨੌਜਵਾਨ, ਹੁਨਰ ਅਤੇ ਉੱਦਮਤਾ” ਪੰਜਾਬ ਬਹੁਪੱਖੀ ਵਿਕਾਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੰਜਾਬ ਦੀ ਖੇਤੀ ਉਪਜ 'ਤੇ ਪੂੰਜੀ ਲਗਾ ਕੇ, ਦੂਜੇ ਰਾਜਾਂ ਨੇ ਆਪਣੇ ਲਈ ਮਾਲੀਆ, ਰੁਜ਼ਗਾਰ ਅਤੇ ਤਰੱਕੀ ਹਾਸਲ ਕੀਤੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਆਪਣੇ ਲੋਕਾਂ ਲਈ ਖੜ੍ਹਾ ਹੋਵੇ ਅਤੇ ਖੇਤੀ ਦੇ ਕਾਰੋਬਾਰ ਵਿੱਚ ਉੱਦਮੀ ਬਣ ਕੇ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਵੇ ਅਤੇ ਭੋਜਨ, ਅਨਾਜ, ਰੁਜ਼ਗਾਰ ਅਤੇ ਆਮਦਨ ਦੇ ਸਰੋਤਾਂ ਲਈ ਆਤਮ-ਨਿਰਭਰ ਹੋਵੇ।

  ਇਸ ਲਈ ‘ਪੰਜਾਬ ਮਾਡਲ’ ਤਹਿਤ, “ਐਗਰੋ-ਪ੍ਰੋਸੈਸਿੰਗ ਸੈਂਟਰ ਅਤੇ ਫੂਡ ਪਾਰਕ” ਵਿਕਸਤ ਕਰਨ ਦਾ ਪ੍ਰਸਤਾਵ ਹੈ। ਵਿਕਾਸ ਲਈ ਚੁਣੇ ਖੇਤਰ/ਇਲਾਕੇ ਨੂੰ ਢੁਕਵੀਂ ਫ਼ਸਲ ਦੇ ਆਧਾਰ 'ਤੇ ਵੰਡਿਆ ਜਾਵੇਗਾ। ਸੂਬਾ ਸਰਕਾਰ ਕਿਸਾਨਾਂ ਦਾ ਹਰ ਪੱਖੋਂ ਸਹਿਯੋਗ ਕਰੇਗੀ ਅਤੇ ਫਸਲਾਂ ਦੀ ਵਿਸ਼ੇਸ਼ਤਾ ਦੇ ਆਧਾਰ 'ਤੇ ਸਹਿਕਾਰੀ ਸੰਸਥਾਵਾਂ ਨੂੰ ਸ਼ਕਤੀ ਪ੍ਰਦਾਨ ਕਰੇਗੀ। ਫੂਡ ਪਾਰਕਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਅਨਾਜ ਨਿਮਨਲਿਖਤ ਹੋਣਗੇ:

  ● ਕਣਕ ਅਤੇ ਚੌਲਾਂ ਤੋਂ ਬਣਨ ਵਾਲੇ ਉਤਪਾਦ (derivatives): ਪੰਜਾਬ ਵਿੱਚ ਕਣਕ ਅਤੇ ਚੌਲਾਂ ਦੀ ਪੈਦਾਵਾਰ ਅਤੇ ਇਨ੍ਹਾਂ ਤੋਂ ਬਣਨ ਵਾਲੇ ਉਤਪਾਦ ਨਿਰਯਾਤ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਕਣਕ ਅਤੇ ਚੌਲਾਂ ਦੇ ਡੈਰੀਵੇਟਿਵਜ਼ ਦੀ ਮਾਰਕੀਟ ਕੈਪ ਲਗਭਗ 80 ਮਿਲੀਅਨ ਅਮਰੀਕੀ ਡਾਲਰ ਹੈ ਅਤੇ ਵਿਸ਼ਵ ਵਿੱਚ ਕਣਕ ਅਤੇ ਚੌਲਾਂ ਦੇ ਸਭ ਤੋਂ ਵੱਡੇ ਖੇਤੀਬਾੜੀ ਨਿਰਯਾਤਕਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਡੈਰੀਵੇਟਿਵਜ਼ ਦੀ ਇਸ ਮਾਰਕੀਟ ਕੈਪ ਵਿਚ ਪੰਜਾਬ ਦਾ ਹਿੱਸਾ 1% ਵੀ ਨਹੀਂ ਹੈ। ਫੂਡ ਪਾਰਕ ਅਤੇ ਐਗਰੋ ਸੈਂਟਰ ਇਨ੍ਹਾਂ ਦੋ ਫਸਲਾਂ 'ਤੇ ਕੇਂਦਰਿਤ ਹੋਵੇਗਾ ਤਾਂ ਜੋ ਇਸਨੂੰ ਪੰਜਾਬ ਦੇ ਲੋਕਾਂ ਦੀ ਪੂੰਜੀ ਬਣਾਇਆ ਜਾ ਸਕੇ।

  ● ਖਾਣ ਤੇ ਪਕਾਉਣ ਲਈ ਤਿਆਰ: ਮੱਕੀ, ਰਾਜਮਾ, ਚੌਲ, ਪੋਹਾ ਆਦਿ।

  ● ਪ੍ਰੋਸੈਸ ਕੀਤੇ ਫ਼ਲ-ਸਬਜ਼ੀਆਂ: ਫਲਾਂ ਦੇ ਜੂਸ, ਚਟਣੀਆਂ ਆਦਿ

  ● ਡੇਅਰੀ ਅਤੇ ਬੇਕਰੀ ਉਤਪਾਦ

  ● ਮੱਛੀ ਅਤੇ ਮੁਰਗੀ ਪਾਲਣ

  ਦੂਜਾ ਕਦਮ : ਕਾਰੋਬਾਰ ਕਰਨ ਦੇ ਸੌਖੇ ਨਿਯਮ ਅਤੇ ਸੰਰਚਨਾਤਮਕ ਢਾਂਚਿਆਂ ਵਿੱਚ ਨਿਵੇਸ਼

  ਇਸ ਤੋਂ ਪਹਿਲਾਂ ਵੀ ਕਲੱਸਟਰ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਸਿਰਫ਼ ਕਲੱਸਟਰ ਦਾ ਐਲਾਨ ਹੀ ਕਾਫ਼ੀ ਨਹੀਂ ਹੁੰਦਾ। ਇਸ ਲਈ ਇੱਕ ਯੋਗ ਵਾਤਾਵਰਣ ਦੀ ਲੋੜ ਹੈ। ਇੱਕ ਵਾਰ ਸਰਕਾਰ ਨਿਵੇਸ਼ ਕਰੇ ਤਾਂ ਪ੍ਰਾਈਵੇਟ ਸੈਕਟਰ ਆਪੇ ਰੀਸ ਕਰਦਾ ਹੈ। ਚੀਨ 20-30 ਸਾਲਾਂ ਵਿੱਚ ਨਿਰਮਾਣ ਦੁਆਰਾ ਇੱਕ ਸੁਪਰ ਪਾਵਰ ਬਣ ਗਿਆ ਹੈ।

  ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਇਹ ਸਮਝਦੀ ਹੈ ਕਿ ਇਹਨਾਂ ਸਾਰੇ ਯਤਨਾਂ ਲਈ ‘ਪੰਜਾਬ ਮਾਡਲ’ ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਦੇ ਕਦਮ-ਦਰ-ਕਦਮ ਮਾਰਗਦਰਸ਼ਨ ਅਤੇ ਸਮਰਥਨ ਦੀ ਲੋੜ ਹੋਵੇਗੀ। ਇਸ ਉਦੇਸ਼ ਲਈ ਸਰਕਾਰ ਦੁਆਰਾ ‘ਪੰਜਾਬ ਮਾਡਲ’ ਤਹਿਤ ਸੁਵਿਧਾ ਅਤੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕੀਤਾ ਜਾਵੇਗਾ ਜੋ ਉਲੀਕੇ ਪ੍ਰੋਗਰਾਮਾਂ ਨਾਲ ਸਬੰਧਤ ਕਲੱਸਟਰਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਸੁਵਿਧਾ ਕੇਂਦਰ ਦੀਆਂ ਵਿਸ਼ੇਸ਼ਤਾਵਾਂ ਇਹ ਹੋਣਗੀਆਂ:

  ● ਘੱਟੋ-ਘੱਟ ਕਾਗਜ਼ੀ ਕਾਰਵਾਈ ਅਤੇ ਸਮਾਂਬੱਧ ਕਲੀਅਰੈਂਸ/ਪ੍ਰਵਾਨਗੀ/ਪੁੱਛਗਿੱਛ/ਟੈਕਸ ਮੁਲਾਂਕਣਾਂ ਲਈ ਸਿੰਗਲ ਵਿੰਡੋ ਸਿਸਟਮ ਲਈ ਆਨਲਾਈਨ ਪੋਰਟਲ (ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ; ਬਿਲਡਿੰਗ ਪਲਾਨ ਅਤੇ ਫੈਕਟਰੀ ਨਕਸ਼ੇ ਆਦਿ ਲਈ)

  ● ਜ਼ਿਲ੍ਹਾ ਪੱਧਰ 'ਤੇ ਸਥਾਨਕ ਮਨਜ਼ੂਰੀਆਂ (DC's)

  ● ਉਦਯੋਗਾਂ ਕੋਲ ਓਪਨ-ਸੋਰਸ ਬਿਜਲੀ ਰਾਹੀਂ ਭਾਰਤ ਵਿੱਚ ਕਿਤੇ ਵੀ ਸਸਤੀ ਬਿਜਲੀ ਖਰੀਦਣ ਦਾ ਵਿਕਲਪ ਹੋਵੇਗਾ, PSTCL ਇਸਨੂੰ ਟ੍ਰਾਂਸਫਰ ਕਰਨ ਵਿੱਚ ਮਦਦ ਕਰੇਗਾ।

  ● ਅਦਾਲਤਾਂ 'ਤੇ ਨਿਰਭਰਤਾ ਘਟਾਉਣ, ਵਿਵਾਦਾਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਅਤੇ ਮਿਆਰੀ ਵਿਵਾਦ ਹੱਲ ਲਈ ਅੰਤਰਰਾਸ਼ਟਰੀ ਸਾਲਸੀ ਕੇਂਦਰ ਸਥਾਪਤ ਕੀਤਾ ਜਾਵੇਗਾ। ਇਹ ਵਿਦੇਸ਼ੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਹੋਰ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰੇਗਾ। ਭਾਰਤ ਅੰਦਰ ਸਿਰਫ਼ 2 ਅਜਿਹੇ ਕੇਂਦਰ ਹਨ (ਬੰਬੇ ਅਤੇ ਹੈਦਰਾਬਾਦ)। ਸਿੰਗਾਪੁਰ ਵਿੱਚ ਸਭ ਤੋਂ ਵਧੀਆ ਸਾਲਸੀ ਅਤੇ ਕਾਨੂੰਨ ਵਿਵਸਥਾ ਹੈ, ਇਸਲਈ ਪੂਰੀ ਦੁਨੀਆ ਉੱਥੇ ਜਾਂਦੀ ਹੈ। ਇਸੇ ਤਰ੍ਹਾਂ, ਜੀਐਸਟੀ ਪ੍ਰਣਾਲੀ ਦੇ ਇੱਕ ਪ੍ਰਭਾਵਸ਼ਾਲੀ ਨਿਵਾਰਨ ਨੂੰ ਵੀ ਲਿਆਂਦਾ ਜਾਵੇਗਾ ਅਤੇ ਸਾਰੇ ਗੁੰਡਾ ਟੈਕਸ ਖਤਮ ਕੀਤੇ ਜਾਣਗੇ।

  ● ਨਿਰਯਾਤ ਆਧਾਰਿਤ ਇਕਾਈਆਂ  (EOZs) ਲਈ ਟੈਕਸ ਪ੍ਰੋਤਸਾਹਨ

  ● ਛੋਟੇ ਤੇ ਕੁਟੀਰ ਉਦਯੋਗਾਂ ਅਤੇ ਨੌਜਵਾਨਾਂ ਨੂੰ ਸਮਰਪਿਤ ਸਨਅਤ।

  ਤੀਜਾ ਕਦਮ : ਨੌਜਵਾਨ ਪੀੜ੍ਹੀ ਵਿੱਚ ਨਿਵੇਸ਼ ; ਘਰੇਲੂ ਕਾਰੋਬਾਰ ਅਤੇ ਹੁਨਰ ਵਿਕਾਸ

  ਇਸ ਤੋਂ ਇਲਾਵਾ, ਪੰਜਾਬ ਦੇ ਨੌਜਵਾਨਾਂ ਨੂੰ ‘ਪੰਜਾਬ ਮਾਡਲ’ ਦੀ ਕ੍ਰਾਂਤੀ ਵਿੱਚ ਹਿੱਸਾ ਲੈਣ ਲਈ ਲਾਮਬੰਦ ਕਰਨ ਅਤੇ ਨੌਜਵਾਨ ਪੀੜ੍ਹੀ ਦਰਪੇਸ਼ ਨਸ਼ਿਆਂ ਦੇ ਸੰਕਟ ਨਾਲ ਲੜਨ ਲਈ, ‘ਪੰਜਾਬ ਮਾਡਲ’ ਤਹਿਤ ਹੇਠਾਂ ਦਿੱਤੇ ਕਦਮ ਪ੍ਰਸਤਾਵਿਤ ਹਨ:

  ਘਰੇਲੂ ਉੱਦਮ ਨੀਤੀ ਹਰ ਘਰ ਲਈ ਲਿਆਂਦੀ ਜਾਵੇਗੀ ਜੋ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਇਸਦਾ ਲਾਹਾ ਲੈ ਸਕੇਗਾ। ਈ-ਕਾਮਰਸ, ਕਲਾਉਡ ਕਿਚਨ, ਮਾਰਕੀਟਿੰਗ, ਵਰਚੁਅਲ ਅਸਿਸਟੈਂਟ, ਡਿਜ਼ਾਈਨਿੰਗ, ਟਿਊਸ਼ਨ, ਕਲਾ ਅਤ ਹੋਰ ਘਰੇਲੂ ਉਦਯੋਗ ਖੋਲ੍ਹਣ ਲਈ ਕੋਈ ਵੀ ਵਿਅਕਤੀ 2 ਲੱਖ ਤੱਕ ਦਾ ਸਿਕਿਓਰਿਟੀ ਅਤੇ ਵਿਆਜ ਮੁਕਤ ਕਰਜ਼ਾ ਪ੍ਰਾਪਤ ਕਰ ਸਕੇਗਾ।

  ● ਖੇਤਰ ਵਿੱਚ ਉਦਯੋਗਾਂ ਦੀ ਭਾਈਵਾਲੀ ਵਿੱਚ, ਉਪਰੋਕਤ ਕਲੱਸਟਰਾਂ ਦੇ ਆਧਾਰ 'ਤੇ 23 ਵਿਸ਼ਵ ਪੱਧਰੀ ਹੁਨਰ ਕੇਂਦਰ ਖੋਲ੍ਹੇ ਜਾਣਗੇ। ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਨੌਜਵਾਨ ਪੀੜ੍ਹੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਹਿੱਸੇਦਾਰਾਂ (ਸਿੱਖਿਆ ਸੰਸਥਾਵਾਂ, ਸਰਕਾਰ ਅਤੇ ਉਦਯੋਗ) ਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ।

  ਹੁਨਰ ਕੇਂਦਰ ਰੌਸ਼ਨ ਦਿਮਾਗ ਨੌਜਵਾਨਾਂ ਨੂੰ ਲੇਖਾਕਾਰੀ ਅਤੇ ਬੁੱਕਕੀਪਿੰਗ ਕੋਰਸ, ਮੈਡੀਕਲ ਲੈਬ ਟੈਕਨੀਸ਼ੀਅਨ ਕੋਰਸ, ਮੋਬਾਈਲ, ਲੈਪਟਾਪ, ਕੰਪਿਊਟਰ ਅਤੇ ਘਰੇਲੂ ਉਪਕਰਨਾਂ ਦੀ ਮੁਰੰਮਤ ਦੀ ਸਿਖਲਾਈ, ਪਲੰਬਿੰਗ, ਚਿਣਾਈ, ਇਲੈਕਟ੍ਰੀਕਲ ਸਿਖਲਾਈ, ਮੋਟਰ ਸਾਈਕਲ ਅਤੇ ਕਾਰ ਮਕੈਨਿਕ ਕੋਰਸ, ਮੇਕਅਪ, ਸੰਚਾਰ ਕੋਰਸ, ਖੇਤੀਬਾੜੀ ਤੇ ਬਾਗਬਾਨੀ ਕੋਰਸ ਅਤੇ ਬਿਊਟੀਸ਼ੀਅਨ ਕੋਰਸ ਵਰਗੇ ਖੇਤਰਾਂ ਵਿੱਚ ਸਿਖਲਾਈ ਦੇਣਗੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਦੇ ਨੌਜਵਾਨ ਨਾ ਸਿਰਫ਼ ਪੰਜਾਬ ਦੇ ਅੰਦਰ ਹੀ ਸਵੈ-ਰੁਜ਼ਗਾਰ ਦੇ ਯੋਗ ਬਣਨ, ਸਗੋਂ ਉਹ ਜਿੱਥੇ ਵੀ ਜਾਣ ਉੱਥੇ ਹੀ ਆਤਮ ਨਿਰਭਰ ਹੋ ਕੇ ਜ਼ਿੰਦਗੀ ਬਸਰ ਕਰਨ ਦੇ ਕਾਬਲ ਵੀ ਹੋਣ।

  ● ਨਵੇਂ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਵਾਲੇ ਨੌਜਵਾਨਾਂ ਲਈ 1000 ਕਰੋੜ ਦਾ ਫੰਡ: ਇੱਕ ਵਾਰ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ, ਆਧੁਨਿਕਤਾ ਅਤੇ ਉੱਦਮਤਾ ਵਿਚ ਉੱਨਤੀ ਪ੍ਰਾਪਤ ਕਰਨ ਲਈ, ਸੂਬਾ ਸਰਕਾਰ ਨੌਜਵਾਨਾਂ ਨੂੰ ਇੱਕ ਸਹਾਇਤਾ ਢਾਂਚਾ ਪ੍ਰਦਾਨ ਕਰਨਾ ਆਪਣੀ ਜ਼ਿੰਮੇਵਾਰੀ ਸਮਝਦਾ ਹੈ, ਜਿਸ ਕਰਕੇ 1000 ਕਰੋੜ ਰੁਪਏ ਦਾ ਵੈਂਚਰ ਕੈਪੀਟਲ ਫੰਡ ਬਣਾਇਆ ਜਾਵੇਗਾ। ਇਸ ਅਧੀਨ ਕਾਰਪੋਰੇਟਾਂ ਨਾਲ ਸਾਂਝੇਦਾਰੀ ਵਿੱਚ ਸਰਕਾਰ ਅਤੇ ਇਸ ਵੈਂਚਰ ਕੈਪੀਟਲ ਤੋਂ ਸਟਾਰਟ-ਅੱਪਸ ਖਾਸ ਤੌਰ 'ਤੇ ਨੌਜਵਾਨ ਉੱਦਮੀਆਂ ਦੁਆਰਾ ਚਲਾਏ ਜਾ ਰਹੇ ਕਾਰੋਬਾਰਾਂ ਨੂੰ 6% ਵਿਆਜ ਦਰ 'ਤੇ 16 ਲੱਖ ਤੱਕ ਦਾ ਸੀਡ ਫੰਡਿੰਗ ਸਹਾਇਤਾ ਪ੍ਰੋਗਰਾਮ ਪ੍ਰਦਾਨ ਕਰਨ ਦੀ ਯੋਜਨਾ ਹੈ।

  ● ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨ ਸਵੈ-ਰੁਜ਼ਗਾਰ ਗਰੁੱਪ ਬਣਾਏ ਜਾਣਗੇ: 5 ਤੋਂ ਵੱਧ ਉੱਦਮੀਆਂ ਦੇ ਸਮੂਹ ਨੂੰ ਸਰਕਾਰੀ ਸਲਾਹ, ਹੁਨਰ, 25% ਕਾਰਪਸ ਨਿਵੇਸ਼, ਸਸਤੇ ਕਰਜ਼ੇ ਅਤੇ ਬਾਜ਼ਾਰ ਤੱਕ ਪਹੁੰਚ ਪ੍ਰਦਾਨ ਕੀਤੀ ਜਾਵੇਗੀ। ਇਸ ਪ੍ਰੋਗਰਾਮ ਤਹਿਤ ਵਪਾਰਕ ਮੌਕੇ ਮੁਹੱਈਆ ਕਰਵਾਏ ਜਾਣਗੇ, ਜਿਸ ਵਿਚ : ਫੂਡ ਪ੍ਰੋਸੈਸਿੰਗ (ਸ਼ਹਿਦ, ਗੁੜ, ਬਿਸਕੁਟ); ਨਿਰਮਾਣ (ਜੁੱਤੀ ਬਣਾਉਣਾ, ਖੇਡਾਂ ਦਾ ਸਮਾਨ, ਹੈਂਡਲੂਮ, ਟੂਲ ਅਤੇ ਕਲ-ਪੁਰਜੇ ਆਦਿ), ਆਈ.ਟੀ./ਬੀ.ਪੀ.ਓ., ਵੈੱਬਸਾਈਟ ਡਿਜ਼ਾਈਨਿੰਗ, ਹੋਟਲ ਅਤੇ ਸੈਰ-ਸਪਾਟਾ ਏਜੰਸੀਆਂ; ਆਵਾਜਾਈ ਅਤੇ ਢੋਆ-ਢੁਆਈ; ਜਾਇਦਾਦ ਪ੍ਰਬੰਧਨ; ਮੈਡੀਕਲ ਅਤੇ ਡਾਇਗਨੌਸਟਿਕਸ ਲੈਬ, ਆਦਿ ਸ਼ਾਮਲ ਹੋਣਗੇ।

  ਚੌਥਾ ਕਦਮ : ਨੌਜਵਾਨ ਪੀੜ੍ਹੀ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦਾ ਤਿੰਨ ਪੱਧਰੀ ਮਾਡਲ

  ਅੰਤਿਮ ਪਰ ਬੇਹੱਦ ਅਹਿਮ ਪੰਜਾਬ ਨੂੰ ਦੇਸ਼ ਵਿੱਚ ਸਭ ਤੋਂ ਵਧੀਆ ਅਤੇ ਸਭ ਤੋਂ ਯੋਗ ਐਥਲੀਟ ਤੇ ਖੇਡ ਸ਼ਖਸੀਅਤਾਂ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਜਲੰਧਰ, ਭਾਰਤ ਅੰਦ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਧੁਰਾ ਹੈ। ਹਾਲਾਂਕਿ ਉੱਦਮ ਹਰ ਕਿਸੇ ਦੀ ਕਾਬਲੀਅਤ ਨਹੀਂ ਹੈ, ਪਰ ਪੰਜਾਬ ਦਾ ਨੌਜਵਾਨ ਯਕੀਨੀ ਤੌਰ 'ਤੇ ਖੇਡਾਂ ਵੱਲ ਪ੍ਰੇਰਿਤ ਹੈ। ਇਸ ਦੀ ਰੋਸ਼ਨੀ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਇੱਕ ਖਿਡਾਰੀ ਹੋਣ ਦੇ ਅਨੁਭਵ ਤੋਂ ਸੇਧ ਲੈਂਦਿਆਂ ‘ਪੰਜਾਬ ਮਾਡਲ’ ਪੰਜਾਬ ਭਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਏਗਾ। ਇਹ  ਮਾਝਾ,  ਮਾਲਵਾ ਅਤੇ ਦੁਆਬਾ ਵਿੱਚ ਕੌਮਾਂਤਰੀ ਪੱਧਰ ਦੀਆਂ ਖੇਡ ਅਕਾਦਮੀਆਂ ਦੀ ਸਥਾਪਨਾ ਕਰੇਗਾ। ‘ਪੰਜਾਬ ਮਾਡਲ’ ਦੀ ਖੇਡ ਨੀਤੀ ਵਿੱਚ ਇੱਕ 3 ਪੱਧਰੀ ਪ੍ਰਣਾਲੀ ਹੋਵੇਗੀ ਜੋ ਘੱਟ ਤੋਂ ਘੱਟ ਨਿਵੇਸ਼ ਕਰਕੇ ਵੱਧ ਤੋਂ ਵੱਧ ਪ੍ਰਾਪਤੀਆਂ ਨੂੰ ਦਰਸਾਉਂਦੀ ਹੈ। "ਪੰਜਾਬ ਖੇਡ ਨੀਤੀ" ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਹੇਠ ਲਿਖੇ ਨੁਕਤੇ ਸ਼ਾਮਲ ਹੋਣਗੇ:

  ● ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣਾ: ਪੰਜਾਬ ਦੇ ਹਰ ਪਿੰਡ ਨੂੰ ਖੇਡਾਂ ਜਿਵੇਂ ਕਿ ਬੈਡਮਿੰਟਨ, ਕਬੱਡੀ, ਵਾਲੀਬਾਲ, ਕੁਸ਼ਤੀ ਅਤੇ ਜਿਮ ਲਈ ਬੁਨਿਆਦੀ ਖੇਡ ਢਾਂਚਾ ਪ੍ਰਦਾਨ ਕੀਤਾ ਜਾਵੇਗਾ।

  ● ਹਰ 10 ਪਿੰਡਾਂ ਵਿੱਚੋਂ ਇੱਕ ਬੁਨਿਆਦੀ ਸਟੇਡੀਅਮ/ਗਰਾਊਂਡ ਅਥਲੈਟਿਕਸ, ਹਾਕੀ ਅਤੇ ਫੁੱਟਬਾਲ ਲਈ ਸਹੂਲਤਾਂ ਨਾਲ ਲੈਸ ਹੋਵੇਗਾ।

  ● ‘ਪੰਜਾਬ ਮਾਡਲ’ ਯੋਗ ਖਿਡਾਰੀਆਂ ਨੂੰ ਵਜ਼ੀਫ਼ਾ, ਭੋਜਨ, ਸਿੱਖਿਆ ਅਤੇ ਖੇਡਾਂ ਦਾ ਸਾਮਾਨ ਸਪਾਂਸਰ ਕਰੇਗਾ।

  ● ‘ਪੰਜਾਬ ਮਾਡਲ’ ਦਾ ਉਦੇਸ਼ 10 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਤਰਾਸ਼ਨਾ ਅਤੇ ਉਨ੍ਹਾਂ ਨੂੰ ਉੱਨਤ ਹੁਨਰ ਅਤੇ ਪੇਸ਼ੇਵਰ ਖੇਡਾਂ ਲਈ ਛੋਟੀ ਉਮਰ ਤੋਂ ਸਿਖਲਾਈ ਦੇਣਾ ਹੈ।

  ● ਪੇਂਡੂ ਓਲੰਪਿਕ ਦਾ ਆਯੋਜਨ ਕਰਨਾ: ਰਾਜ ਸਰਕਾਰ ਆਪਣੇ ਪੱਧਰ ਉੱਪਰ ਪੰਜਾਬ ਰਾਜ ਪੇਂਡੂ ਓਲੰਪਿਕ ਦੀ ਮੇਜ਼ਬਾਨੀ ਕਰੇਗਾ ਤਾਂ ਕਿ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲੇ ਦਾ ਹਾਣੀ ਬਣਾਇਆ ਜਾ ਸਕੇ ਅਤੇ ਉਹ ਭਵਿੱਖ ਵਿਚ ਦੇਸ਼ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਣ।

  ● ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 10% ਸਰਕਾਰੀ ਨੌਕਰੀਆਂ ਖਿਡਾਰੀਆਂ ਲਈ ਰਾਖਵੀਆਂ ਹੋਣਗੀਆਂ।

  ● ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਰੀਰਕ ਸਿੱਖਿਆ 'ਤੇ ਧਿਆਨ ਕੇਂਦਰਤ ਕਰਿਆ ਜਾਵੇਗਾ।

  ਇਹ ਸਾਰੇ ਅਤੇ ਹੋਰ ਵੀ ਬਹੁਤ ਸਾਰੇ ਯਤਨ ਅਗਲੇ 5 ਸਾਲਾਂ ਵਿੱਚ ਸ਼ਹਿਰੀ ਰੁਜ਼ਗਾਰ ਗਾਰੰਟੀ ਮਿਸ਼ਨ ਰਾਹੀਂ ਨਾ ਸਿਰਫ਼ 5 ਲੱਖ ਤੋਂ ਵੱਧ ਨੌਕਰੀਆਂ ਹੀ ਪੈਦਾ ਨਹੀਂ ਕਰਨਗੇ, ਸਗੋਂ ਪੰਜਾਬ ਵਿੱਚ ਨਸ਼ੇ ਦੇ ਮੁੱਦੇ ਨਾਲ ਨਜਿੱਠਣ ਨੂੰ ਸਮਰਪਿਤ ਸੈਂਟਰ ਸਥਾਪਤ ਵਿੱਚ ਵੀ ਮਦਦ ਕਰਨਗੇ। ਪੰਜਾਬ ਕਾਂਗਰਸ ਵੱਲੋਂ ਨੌਜਵਾਨਾਂ ਨੂੰ ਵਪਾਰ, ਖੇਡਾਂ ਅਤੇ ਵਿਕਾਸ ਦੀ ਊਰਜਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸੂਬੇ ਵਿਚ ਭਵਿੱਖ ਦੇ ਆਗੂ ਬਣਾਇਆ ਜਾਵੇਗਾ। “ਨੌਜਵਾਨ, ਹੁਨਰ ਅਤੇ ਉੱਦਮਤਾ” ਪ੍ਰੋਗਰਾਮ ਸੂਬੇ ਦਾ ਕਾਇਆ ਕਲਪ ਕਰ ਸਕਦਾ ਹੈ। ਇਹ ਇਤਿਹਾਸਕ ਮੌਕਾ ਹੈ ਕਿ ਅਸੀਂ ਇਸ ਤਬਦੀਲੀ ਦਾ ਹਿੱਸਾ ਬਣੀਏ ਅਤੇ ਉਸ ਭਵਿੱਖ ਦੀ ਸਿਰਜਣਾ ਕਰੀਏ ਜਿਸ ਵਿੱਚ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਜਿਉਂਦੇ ਦੇਖਣਾ ਚਾਹੁੰਦੇ ਹਾਂ।
  Published by:Ashish Sharma
  First published: