Home /News /punjab /

Punjab Election 2022: ਪਿੰਡਾਂ ਦੇ ਨਾਂ ਨਾਲ ਮਸ਼ਹੂਰ ਨੇ ਵੱਡੀ ਗਿਣਤੀ ਉਮੀਦਵਾਰ ਅਤੇ ਵੱਡੇ ਰਾਜਨੀਤਕ ਲੋਕ  

Punjab Election 2022: ਪਿੰਡਾਂ ਦੇ ਨਾਂ ਨਾਲ ਮਸ਼ਹੂਰ ਨੇ ਵੱਡੀ ਗਿਣਤੀ ਉਮੀਦਵਾਰ ਅਤੇ ਵੱਡੇ ਰਾਜਨੀਤਕ ਲੋਕ  

ਸੰਕੇਤਿਕ ਤਸਵੀਰ

ਸੰਕੇਤਿਕ ਤਸਵੀਰ

ਜੱਸੀ, ਕਾਂਗੜ, ਮਲੂਕਾ, ਬਾਦਲ, ਕੋਟਫੱਤਾ ,ਕੋਟਭਾਈ , ਵੜਿੰਗ , ਸਿਧਾਣਾ, ਭੂੰਦੜ,ਮਜੀਠਾ ,  ਮੋਫਰ ਹਨ ਪਿੰਡਾਂ ਦੇ ਨਾਂਅ

  • Share this:

ਭੂੰਦੜ, ਕਾਂਗੜ, ਜੱਸੀ, ਮਲੂਕਾ, ਬਾਦਲ, ਸਿਧਾਣਾ ਇਹ ਨਾਂਅ ਪੜਦਿਆਂ ਹੀ ਦਿਮਾਗ ’ਚ ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚ ਨਿੱਤਰੇ ਉਮੀਦਵਾਰ ਚੇਤੇ ਆ ਜਾਂਦੇ ਹਨ ਪਰ ਅਸਲ ’ਚ ਇਹ ਨਾਂਅ ਪਿੰਡਾਂ ਦੇ ਹਨ।  ਇਨਾਂ ਪਿੰਡਾਂ ’ਚੋਂ ਉੱਠਕੇ ਸਿਆਸਤ ’ਚ ਆਏ ਆਗੂਆਂ ਨੇ ਆਪਣੇ ਨਾਂਅ ਦੇ ਨਾਲ ਪਿੰਡਾਂ ਦੇ ਨਾਂਅ ਨੂੰ ਜੋੜਿਆ ਤਾਂ ਉਹ ਪਿੰਡਾਂ ਦੇ ਨਾਂਅ ਨਾਲ ਜ਼ਿਆਦਾ ਚਰਚਿਤ ਹੋਏ।

ਵੇਰਵਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਚੋਣ ਲੜ ਰਹੇ ਹਨ। ਪੰਜਾਬ ਦੀ ਸਿਆਸਤ ’ਚ ਹਰਮਿੰਦਰ ਸਿੰਘ ਨੂੰ ਜੱਸੀ ਵਜੋਂ ਜਾਣਿਆ ਜਾਂਦਾ ਹੈ, ਜਦੋਂਕਿ ਜੱਸੀ ਬਾਗਵਾਲੀ ਉਨਾਂ ਦਾ ਪਿੰਡ ਹੈ, ਜੋ ਬਠਿੰਡਾ-ਡੱਬਵਾਲੀ ਰੋਡ ’ਤੇ ਸਥਿਤ ਹੈ।

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਦਾ ਪਿੰਡ ਕਾਂਗੜ ਹੈ, ਜਦੋਂਕਿ ਹਲਕੇ ਦੇ ਲੋਕ ਉਨਾਂ ਨੂੰ ਕਾਂਗੜ ਵਜੋਂ ਵੀ ਜਾਣਦੇ ਹਨ ਇਸੇ ਤਰਾਂ ਹਲਕਾ ਰਾਮਪੁਰਾ ਫੂਲ ਤੋਂ ਹੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ  ਹਨ, ਜਿੰਨਾਂ ਦਾ ਪਿੰਡ ਮਲੂਕਾ ਹੈ ਉਹ ਸਿਕੰਦਰ ਸਿੰਘ ਮਲੂਕਾ ਵਜੋਂ ਪਹਿਚਾਣੇ ਜਾਂਦੇ ਹਨ।

ਵਿਧਾਨ ਸਭਾ ਹਲਕਾ ਮੌੜ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਸਿਧਾਣਾ ਹਨ ਲਖਵੀਰ ਸਿੰਘ ਨੇ ਆਪਣੇ ਪਿੰਡ ਦੇ ਨਾਂਅ ਸਿਧਾਣੇ ਨੂੰ ਆਪਣੇ ਨਾਂਅ ਨਾਲ ਰੱਖਕੇ ਬਰਾਬਰ ਦੀ ਪਹਿਚਾਣ ਦਿਵਾਈ ਹੈ।  ਪਿੰਡ ਕੋਟਫੱਤਾ ਤੋਂ ਦਰਸ਼ਨ ਸਿੰਘ ਕੋਟਫੱਤਾ ਹਲਕਾ ਭੁੱਚੋ ਮੰਡੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ, ਜਦੋਂਕਿ ਅਮਿਤ ਰਤਨ ਕੋਟਫੱਤਾ ਹਲਕਾ ਬਠਿੰਡਾ ਦਿਹਾਤੀ ਤੋਂ  ਆਮ ਆਦਮੀ ਪਾਰਟੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ।

ਜ਼ਿਲਾ ਮਾਨਸਾ ਦੀ ਸਿਆਸਤ ’ਚ ਭੂੰਦੜ ਅਤੇ ਮੋਫਰ ਨਾਂਅ ਕਾਫੀ ਚਰਚਿਤ ਰਹਿੰਦੇ ਹਨ। ਇਸ ਵਾਰ ਵੀ ਵਿਧਾਨ ਸਭਾ ਚੋਣਾਂ ’ਚ ਹਲਕਾ ਸਰਦੂਲਗੜ ਤੋਂ ਪਿੰਡ ਭੂੰਦੜ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਦਿਲਰਾਜ ਸਿੰਘ ਅਤੇ ਕਾਂਗਰਸ ਵੱਲੋਂ ਪਿੰਡ ਮੋਫਰ ਵਾਲੇ ਬਿਕਰਮ ਸਿੰਘ ਚੋਣ ਮੈਦਾਨ ’ਚ ਹਨ। ਇਹ ਸਿਰਫ ਕੁੱਝ ਕੁ ਉਮੀਦਵਾਰਾਂ ਦੀਆਂ ਹੀ ਉਦਾਹਰਨਾਂ ਹਨ, ਇਨਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਉਮੀਦਵਾਰ ਹਨ ਜਿੰਨਾਂ ਵੱਲੋਂ ਆਪਣੇ ਨਾਂਅ ਦੇ ਨਾਲ ਪਿੰਡ ਨੂੰ ਵੀ ਬਰਾਬਰ ਰੱਖਿਆ ਹੈ।

ਸਿਆਸਤ ’ਚ ਪਿੰਡ ਬਾਦਲ ਹੈ ਸਭ ਤੋਂ ਵੱਧ ਚਰਚਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਬਾਦਲ ਪੰਜਾਬ ਦੇ ਸਿਆਸੀ ਨਕਸ਼ੇ ’ਚ ਸਭ ਤੋਂ ਵੱਧ ਚਰਚਿਤ ਹੈ। ਇਸ ਪਿੰਡ ਦੇ ਪ੍ਰਕਾਸ਼ ਸਿੰਘ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਜਦੋਂਕਿ ਸੁਖਬੀਰ ਸਿੰਘ ਇੱਕ ਵਾਰ ਉਪ ਮੁੱਖ ਮੰਤਰੀ ਇਸੇ ਪਿੰਡ ਦਾ ਮਨਪ੍ਰੀਤ ਸਿੰਘ ਪੰਜਾਬ ਦਾ ਵਿੱਤ ਮੰਤਰੀ ਰਹਿ ਚੁੱਕਾ ਹੈ। ਜੇਕਰ ਬਾਦਲ ਪਿੰਡ ’ਚ ਜਾ ਕੇ ਕੋਈ ਪੁੱਛ ਲਵੇ ਕਿ ਪ੍ਰਕਾਸ਼ ਸਿੰਘ ਦੇ ਘਰ ਜਾਣਾ ਹੈ ਤਾਂ ਸ਼ਾਇਦ ਦੱਸਣ ਵਾਲਾ ਥੋੜਾ ਸਮਾਂ ਸੋਚਣ ਲੱਗੇ ਕਿ ਕੌਣ ਪ੍ਰਕਾਸ਼ ਸਿੰਘ ਪਰ ਪ੍ਰਕਾਸ਼ ਸਿੰਘ ਬਾਦਲ ਕਹਿਣ ’ਤੇ ਝੱਟ ਸਮਝ ਆ ਜਾਂਦਾ ਹੈ । ਇਸ ਪਿੰਡ ’ਚੋਂ ਹੁਣ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਸ੍ਰੋਮਣੀ ਅਕਾਲੀ ਦਲ ਦੇ, ਸੁਖਬੀਰ ਸਿੰਘ ਬਾਦਲ ਹਲਕਾ ਜਲਾਲਾਬਾਦ ਤੋਂ ਸ੍ਰੋਮਣੀ ਅਕਾਲੀ ਦਲ ਦੇ ਅਤੇ ਮਨਪ੍ਰੀਤ ਸਿੰਘ ਬਾਦਲ ਹਲਕਾ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਹਨ।

ਵੜਿੰਗ ਪਿੰਡ ਦਾ ਜ਼ਿਕਰ ਹੁੰਦਿਆਂ ਹੀ ਟਰਾਂਸਪੋਰਟ ਮੰਤਰੀ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਸਾਹਮਣੇ ਆ ਜਾਂਦਾ ਹੈ। ਕੋਟਭਾਈ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਪ੍ਰੀਤਮ ਸਿੰਘ ਕੋਟਭਾਈ  ਹਰਪ੍ਰੀਤ ਸਿੰਘ ਕੋਟਭਾਈ ਵਰਗੇ  ਲੀਡਰਾਂ ਦੇ ਨਾਮ ਅੱਜ ਵੀ ਸਾਰਿਆਂ ਦੇ ਜ਼ਿਹਨ ਵਿੱਚ ਹਨ।

ਸਿਆਸਤ ਵਿੱਚ ਗੱਲ ਕੀਤੀ ਜਾਵੇ ਤਾਂ ਮਜੀਠਾ  ਹਲਕਾ ਵੀ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਨਾਮ ਹੈ, ਜਿੱਥੇ  ਬਿਕਰਮਜੀਤ ਸਿੰਘ ਮਜੀਠੀਆ ਦੇ ਨਾਮ ਦਾ ਜ਼ਿਕਰ ਹੁੰਦਾ ਹੈ  ਇਹ ਤਾਂ ਅਸੀਂ ਮਾਲਵਾ ਦੇ ਕੁੱਝ ਹੀ ਪਿੰਡਾਂ ਦਾ ਜ਼ਿਕਰ ਕੀਤਾ ਜੀ ਪੂਰੇ ਪੰਜਾਬ ਦੇ ਪਿੰਡਾਂ ਦਾ ਜ਼ਿਕਰ ਕਰਨਾ ਹੋਵੇ  ਤਾਂ ਗਿਣਤੀ ਬਹੁਤ ਵੱਡੀ ਹੋ ਸਕਦੀ ਹੈ ਜਿੱਥੇ ਉਮੀਦਵਾਰ ਅਤੇ ਨੇਤਾਵਾਂ ਦੇ ਨਾਮ  ਪਿੰਡਾਂ ਦੇ ਨਾਮ ਵਜੋਂ ਜਾਣੇ ਜਾਂਦੇ ਹਨ।

Published by:Ashish Sharma
First published:

Tags: AAP Punjab, Punjab Assembly Polls, Punjab Assembly Polls 2022, Punjab BJP, Punjab Congress, Punjab Election 2022, Shiromani Akali Dal