
(file photo)
ਚੰਡੀਗੜ੍ਹ- ਪੰਜਾਬ ਵਿੱਚ ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ 'ਤੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਚੰਨੀ 'ਤੇ ਵੱਡਾ ਦੋਸ਼ ਲਾਇਆ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਸੀ.ਐਮ ਚੰਨੀ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਭਾਗੀਦਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਨ੍ਹਾਂ 'ਚ ਸੋਚਣ ਦੀ ਵੀ ਸ਼ਕਤੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸਿੱਧੂ ਤੇ ਚੰਨੀ ਪੰਜਾਬ ਲਈ ਠੀਕ ਨਹੀਂ ਹਨ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਕੋਲ ਵਿਕਾਸ ਦਾ ਕੋਈ ਮਾਡਲ ਨਹੀਂ ਹੈ। 'ਆਪ' ਦੇ ਸੀਐਮ ਚਿਹਰੇ ਭਗਵੰਤ ਮਾਨ ਬਾਰੇ ਕੈਪਟਨ ਨੇ ਕਿਹਾ ਕਿ ਉਹ ਕਾਮੇਡੀਅਨ ਹਨ। ਪੰਜਾਬ ਨੂੰ ਕਾਮੇਡੀ ਦੀ ਨਹੀਂ, ਗੰਭੀਰਤਾ ਦੀ ਲੋੜ ਹੈ।
ਕਾਬਲੇਗੌਰ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ 'ਤੇ ਤਿੱਖਾ ਹਮਲਾ ਬੋਲਦੀਆਂ ਕਿਹਾ, ਉਸ ਦੀ ਸਰਕਾਰ ਨੇ ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਨਾਕਾਬੰਦੀ ਦੀ ਵਿਉਂਤਬੰਦੀ ਕੀਤੀ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਗੰਭੀਰ ਕੁਤਾਹੀ ਹੋਈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਉਸ ਹੀ ਪੁਲ ਤੋਂ ਲੰਘ ਚੁੱਕੇ ਸਨ, ਜਿੱਥੇ ਬਾਅਦ ਵਿੱਚ ਪ੍ਰਧਾਨ ਮੰਤਰੀ ਲੰਮੇ ਸਮੇਂ ਲਈ ਫਸੇ ਰਹੇ ਸਨ ਅਤੇ ਉੱਥੇ ਪਹਿਲੇ ਕੋਈ ਨਾਕਾਬੰਦੀ ਨਹੀਂ ਸੀ। "ਸਪੱਸ਼ਟ ਤੌਰ 'ਤੇ, ਚੰਨੀ ਸਰਕਾਰ ਨੇ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਉਹ ਕਿਸਾਨਾਂ ਨੂੰ ਨਾ ਹਟਾਏ ਜੋ ਭਾਜਪਾ ਦੀਆਂ ਬੱਸਾਂ ਨੂੰ ਮੌਕੇ 'ਤੇ ਪਹੁੰਚਣ ਤੋਂ ਰੋਕ ਰਹੇ ਸਨ।"
ਸਾਬਕਾ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਸੁਰੱਖਿਆ ਦੀ ਇੱਕ ਵੱਡੀ ਕਮੀ ਦੱਸਦਿਆਂ ਕਿਹਾ ਕਿ ਅਜਿਹੀ ਘਟਨਾ ਦਾ ਸਾਹਮਣਾ ਕਿਸੇ ਵੀ ਸੰਵਿਧਾਨਕ ਮੁਖੀ ਨੂੰ ਨਹੀਂ ਕਰਨਾ ਪੈਣਾ ਚਾਹੀਦਾ ਸੀ, ਜੋਕਿ ਕੌਮਾਂਤਰੀ ਸਰਹੱਦ ਦੇ ਨੇੜੇ ਹੋਣ ਕਾਰਨ ਪ੍ਰਧਾਨ ਮੰਤਰੀ ਦੀ ਜਾਨ ਲਈ ਖ਼ਤਰਾ ਵੀ ਬਣ ਸਕਦਾ ਸੀ। ਓਹਨਾ ਕਿਹਾ ਕਿ ਚੰਨੀ ਨੂੰ ਵਿਰੋਧੀ ਸੂਰ ਅਖਤੀਆਰਣ ਦੀ ਬਜਾਏ ਸਪੱਸ਼ਟ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਸੀ। "ਅਸੀਂ ਇਕ ਸੰਵੇਦਨਸ਼ੀਲ ਸਰਹੱਦੀ ਰਾਜ ਹਾਂ ਅਤੇ ਪਾਕਿਸਤਾਨੀ ਆਈ ਐੱਸ ਆਈ ਹਮੇਸ਼ਾ ਇੱਥੇ ਮੁਸੀਬਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸਾਨੂੰ ਅਹੇਜੀ ਅਣਗਿਹਲੀ ਤੋਂ ਹਰ ਹਾਲ ਵਿੱਚ ਬਚਣਾ ਚਾਹੀਦਾ ਸੀ।"
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।