
ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਬਿਕਰਮ ਸਿੰਘ ਮਜੀਠੀਆ
ਅੰਮ੍ਰਿਤਸਰ: ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਜਿਹਨਾਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ, ਲੋਕ ਉਹਨਾਂ ਨੁੰ ਸਬਕ ਸਿਖਾਉਣਗੇ ਤੇ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨਾਲ ਧੋਖਾ ਕਰਨ ਅਤੇ ਪਿਛਲੇ 18 ਸਾਲਾਂ ਤੋਂ ਹਲਕੇ ਦੀ ਭਲਾਈ ਵਾਸਤੇ ਕੱਖ ਨਾ ਕਰਨ ਦਾ ਦੋਸ਼ ਲਗਾਇਆ।
ਸ. ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਸਨ। ਇਸ ਤੋਂ ਪਹਿਲਾਂ ਉਹਨਾਂ ਮਜੀਠਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਭਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸਨੇ ਲੋਕਾਂ ਨਾਲ ਧੋਖਾ ਤੇ ਦਗਾ ਕੀਤਾ, ਲੋਕ ਉਸਦੀ ਕਿਸਮਤ ਦਾ ਫੈਸਲਾ ਆਪ ਕਰਨਗੇ। ਉਹਨਾਂ ਕਿਹਾ ਕਿ ਸਿੱਧੂ ਜੋੜੇ ਨੇ ਤਕਰੀਬਨ ਦੋ ਦਹਾਕਿਆਂ ਵਿਚ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਸੜਕਾਂ, ਸੀਵਰੇਜ ਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਹਾਲੇ ਤੱਕ ਲੋਕਾਂ ਨੂੰ ਨਹੀਂ ਮਿਲ ਰਿਹਾ। ਸ੍ਰੀ ਨਵਜੋਤ ਸਿੱਧੂ ਕਿਸੇ ਨਾ ਕਿਸੇ ਰੂਪ ਵਿਚ 18 ਸਾਲਾਂ ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕਰਦੇ ਆ ਰਹੇ ਹਨ। ਉਸ ਨੇ ਇਸ ਹਲਕੇ ਲਈ ਕੱਖ ਨਹੀਂ ਕੀਤਾ। ਹੁਣ ਲੋਕ ਉਸਨੂੰ ਨੁੰ ਉਹਨਾਂ ਦਾ ਰਿਪੋਰਟ ਕਾਰਡ ਪੁੱਛਣਗੇ। ਉਹਨਾਂ ਕਿਹ ਕਿ ਉਹ ਕਾਲਪਨਿਕ ਪੰਜਾਬ ਮਾਡਲ ਨਾਲ ਲੋਕਾਂ ਨੁੰ ਮੂਰਖ ਨਹੀਂ ਬਣਾ ਸਕਦਾ। ਉਸਨੁੰ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੁੰ ਦੱਸਣਾ ਪਵੇਗਾ ਕਿ ਉਸਨੇ ਇਕ ਪ੍ਰਤੀਨਿਧ ਵਜੋਂ ਉਹਨਾਂ ਨੁੰ ਫੇਲ੍ਹ ਕਿਉਂ ਕੀਤਾ।
ਇਸ ਤੋਂ ਪਹਿਲਾਂ ਮਜੀਠਾ ਵਿਖੇ ਅਕਾਲੀ ਆਗੂ ਨੇ ਕਿਹਾ ਕਿ ਉਹ ਆਪ ਤੇ ਕਾਂਗਰਸ ਵੱਲੋਂ ਖੜ੍ਹੇ ਕੀਤੇ ਦੋ ਭਰਾਵਾਂ ਦੇ ਖਿਲਾਫ ਚੋਣ ਲੜ ਰਹੇ ਹਨ। ਵੱਡਾ ਭਰਾ ਲਾਲੀ ਮਜੀਠੀਆ ਪਹਿਲਾਂ ਕਾਂਗਰਸ ਵਿਚ ਸੀ ਤੇ ਹੁਣ ਆਪ ਵਿਚ ਚਲਾ ਗਿਆ। ਕਾਂਗਰਸ ਵਿਚ ਉਸਦੀ ਥਾਂ ਉਸਦੇ ਛੋਟੇ ਭਰਾ ਨੇ ਲੈ ਲਈ ਹੈ। ਦੋਵੇਂ ਭਰਾ ਭ੍ਰਿਸ਼ਟਾਚਾਰ ਦੀ ਲੁੱਟ ਤੋਂ ਆਪਸ ਵਿਚ ਲੜ ਪਏ ਹਨ। ਪਰ ਉਹਨਾਂ ਦੀ ਲਾਲਸਾ ਤੇ ਮੌਕਾਪ੍ਰਸਤੀ ਨੇ ਦੋਵਾਂ ਨੁੰ ਬੇਨਕਾਬ ਕਰ ਦਿੱਤਾ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਆਪ ਕਾਂਗਰਸ ਪਾਰਟੀ ਦੀ ਬੀ ਟੀਮ ਹੈ।
ਸ. ਮਜੀਠੀਆ ਨੇ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਨੇ ਕਿਵੇਂ ਉਹਨਾਂ ਨੁੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਪੂਰੀ ਵਾਹ ਲਗਾਈ। ਉਹਨਾਂ ਕਿਹਾ ਕਿ ਐਨ ਡੀ ਪੀ ਐਸ ਐਕਟ ਦੀ ਧਾਰਾ 37 ਦੀ ਦੁਰਵਰਤੋਂ ਜਾਣ ਬੁੱਝ ਕੇ ਉਹਨਾਂ ਦੇ ਖਿਲਾਫ ਕੀਤੀ ਗਈ ਤਾਂ ਜੋ ਉਹਨਾਂ ਨੁੰ ਅਗਾਉਂ ਜ਼ਮਾਨਤ ਨਾ ਮਿਲ ਸਕੇ ਕਿਉਂਕਿ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਇਕ ਹਦਾਇਤ ਕੀਤੀ ਹੋਈ ਹੈ। ਭਾਵੇਂ ਹਾਈ ਕੋਰਟ ਨੇ ਸਪਸ਼ਟ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਤੋਂ ਰਾਹਤ ਹਾਸਲ ਕਰਨ ਵਾਸਤੇ ਮੈਨੁੰ ਸਮਾਂ ਦੇਣ ਦੀ ਮੇਰੀ ਅਪੀਲ ’ਤੇ ਵਿਚਾਰ ਕਰੇਗੀ ਪਰ ਇਸਦੇ ਬਾਵਜੂਦ ਕਾਂਗਰਸ ਸਰਕਾਰ ਨੇ ਮੇਰੇ ਘਰਾਂ ’ਤੇ ਛਾਪੇ ਮਾਰੇ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧ ਵਿਚ ਚੋਣ ਕਮਿਸ਼ਨ ਨੁੰ ਸ਼ਿਕਾਇਤ ਕੀਤੀ ਹੈ ਤੇ ਇਸ ਲਈ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਸ. ਮਜਰੀਠੀਆ ਨੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਦੇ ਡਾਇਰੈਕਟਰ ਬੀ ਚੰਦਰਸ਼ੇਖਰ ਨੁੰ ਵੀ ਪੁੱਛਿਆ ਕਿ ਉਹਨਾਂ ਕਿਸ ਦੀਆਂ ਹਦਾਇਤਾਂ ’ਤੇ ਉਹਨਾਂ ਖਿਲਾਫ ਛਾਪੇਮਾਰੀ ਕੀਤੀ। ਉਹਨਾਂ ਦੱਸਿਆ ਕਿ ਕਿਵੇਂ ਸਾਬਕਾ ਪੁਲਿਸ ਮੁਖੀ ਸਿਧਾਰਥ ਚਟੋਪਾਧਿਆਏ ਦੇ ਕਹਿਣ ’ਤੇ ਉਹਨਾਂ ਦੇ ਖਿਲਾਫ ਨਸ਼ਿਆਂ ਦਾ ਝੂਠਾ ਕੇਸ ਦਰਜ ਕੀਤਾ ਗਿਆ ਹਾਲਾਂਕਿ ਚਟੋਪਾਧਿਆਏ ਦੇ ਨਸ਼ਾ ਤਸਕਰਾਂ ਤੇ ਭਗੌੜਿਆਂ ਨਾਲ ਸੰਬੰਧ ਪਹਿਲਾਂ ਹੀ ਉਜਾਗਰ ਹੋ ਗਏ ਹਨ।
ਪੱਤਰਕਾਰਾਂ ਨੇ ਸ. ਮਜੀਠੀਆ ਨੂੰ ਕਿਹਾ ਕਿ ਉਹ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵੱਲੋਂ ਲਾਏ ਦੋਸ਼ਾਂ ਕਿ ਉਸਨੇ ਆਪਣੀ ਮਾਂ ਨੁੰ ਘਰੋਂ ਕੱਢ ਦਿੱਤਾ ਤੇ ਉਸ ਨਾਲ ਬਹੁਤ ਮਾੜਾ ਸਲੂਕ ਕੀਤਾ, ਬਾਰੇ ਕੁਝ ਕਹਿਣ ਤਾਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਦਾ ਇਹ ਰਿਕਾਰਡ ਹੈ ਕਿ ਉਹ ਆਪਣੇ ਨਜ਼ਦੀਕੀ ਰਹੇ ਹਰ ਵਿਅਕਤੀ ਨੁੰ ਧੋਖਾ ਦਿੰਦਾ ਹੈ। ਲੋਕ ਪਹਿਲਾਂ ਹੀ ਕਹਿ ਰਹੇ ਹਨ ਕਿ ਜਿਹੜਾ ਆਪਣੀ ਮਾਂ ਦਾ ਨਹੀਂ ਹੋ ਸਕਿਆ, ਉਹ ਹੋਰ ਕਿਸੇ ਦਾ ਕੀ ਹੋਵੇਗਾ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।