ਚੰਡੀਗੜ੍ਹ : ਪੰਜਾਬ ਲਈ ਅੱਜ ਫੈਸਲੇ ਦਾ ਦਿਨ ਹੈ। ਕੁਝ ਘੰਟਿਆਂ ਬਾਅਦ ਤੈਅ ਹੋ ਜਾਵੇਗਾ ਪੰਜਾਬ ਦਾ ਨਵਾਂ ਸਰਦਾਰ ਕੌਣ ਹੋਵੇਗਾ। EVMs ਮਸ਼ੀਨਾਂ ਖੁਲਣ ਨਾਲ ਠੀਕ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਨਤੀਜੇ ਆਉਣ 'ਚ ਕੁਝ ਹੀ ਪਲ ਬਾਕੀ ਹਨ। ਨਤੀਜਿਆਂ ਤੋਂ ਪਹਿਲਾਂ ਸਿਆਸੀ ਲੀਡਰਾਂ ਦੀਆਂ ਧੜਕਣਾਂ ਤੇਜ ਹੋਈਆਂ ਹਨ। 117 ਹਲਕਿਆਂ ਦੇ ਲਈ 66 ਥਾਵਾਂ ਤੇ ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਨਿਊਜ਼18 ਦੀ ਵੈੱਬਸਾਈਟ 'ਤੇ ਪਲ-ਪਲ ਦੀ ਖ਼ਬਰ ਮਿਲੇਗੀ। ਪੰਜਾਬ ਦੀ ਸਭ ਤੋਂ ਵੱਡੀ ਚੋਣ ਜੰਗ ਦੀ ਕਵਰੇਜ ਲਈ ਨਿਊਜ਼18 ਦੀ ਟੀਮ ਚੱਪੇ ਚੱਪੇ ਤੇ ਤਾਇਨਾਤ ਹੈ ਹਰ ਕਾਊਂਟਿੰਗ ਸੈਂਟਰ ਤੋਂ ਸਭ ਤੋਂ ਤੇਜ਼ ਅਤੇ ਸਭ ਤੋਂ ਸਟੀਕ ਨਤੀਜਿਆਂ ਬਾਰੇ ਸਿੱਧੀ ਜਾਣਕਾਰੀ ਮਿਲੇਗੀ ।
ਪੰਜਾਬ ਵਿੱਚ 20 ਫਰਵਰੀ ਨੂੰ ਪਈਆਂ ਵੋਟਾਂ ਵਿੱਚ 71.95 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ। ਇਹ ਪੰਜਾਬ ਦੀਆਂ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। News18.com ਨੇ ਪੰਜਾਬ ਦੀ ਮਾਲਵਾ ਪੱਟੀ ਦੇ ਲਗਭਗ 60 ਹਲਕਿਆਂ ਵਾਲੇ 12 ਜ਼ਿਲ੍ਹਿਆਂ ਦੀ ਯਾਤਰਾ ਕਰਦਿਆਂ ਇੱਕ ਹਫ਼ਤਾ ਬਿਤਾਇਆ, ਜੋ ਕਿ 117 ਵਿੱਚੋਂ ਅੱਧੇ ਤੋਂ ਵੱਧ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਭੇਜਦਾ ਹੈ ਅਤੇ ਅਕਸਰ ਇਹ ਨਿਰਧਾਰਤ ਕਰਦਾ ਹੈ ਕਿ ਰਾਜ ਵਿੱਚ ਕੌਣ ਸੱਤਾ ਵਿੱਚ ਆਵੇਗਾ। 2017 ਦੀਆਂ ਪੰਜਾਬ ਚੋਣਾਂ ਵਿੱਚ 'ਆਪ' ਦੀਆਂ 20 ਵਿੱਚੋਂ 18 ਜਿੱਤਾਂ ਮਾਲਵੇ ਤੋਂ ਆਈਆਂ ਸਨ, ਜਦਕਿ ਕਾਂਗਰਸ ਨੇ ਇੱਥੇ ਤਕਰੀਬਨ 40 ਸੀਟਾਂ ਜਿੱਤੀਆਂ ਸਨ। ਫਰੀਦਕੋਟ ਵਿੱਚ 2015 ਵਿੱਚ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਵਿੱਚ ਗੁੱਸੇ ਕਾਰਨ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਇਆ ਸੀ।
74 ਸੀਟਾਂ ਹਰ ਸਾਲ ਰੁਖ਼ ਬਦਲਦੀਆਂ
ਹੁਣ ਤੁਹਾਨੂੰ ਪੰਜਾਬ ਦੀਆਂ ਰੁਖ਼ ਬਦਲਦੀਆਂ (SWING SEATS) ਬਾਰੇ ਦੱਸਦੇ ਹਾਂ। ਇਹ ਉਹ ਸੀਟਾਂ ਹੁੰਦੀਆਂ ਨੇ, ਜੋ ਸਾਲ ਦਰ ਸਾਲ ਆਪਣਾ ਫ਼ਰਮਾਨ ਬਦਲਦੀਆਂ ਰਹਿੰਦੀਆਂ ਹਨ। ਇੱਕ ਸੋਧ ਮੁਤਾਬਿਕ ਪੰਜਾਬ 'ਚ ਕੁੱਲ 74 ਸੀਟਾਂ ਰੁਖ਼ ਬਦਲਦੀਆਂ ਹਨ। ਮਤਲਬ ਪੰਜਾਬ ਦੀਆਂ ਸੀਟਾਂ 117 ਚੋਂ 63 ਫ਼ੀਸਦ ਸੀਟਾਂ ਹਰ ਚੋਣ ਵਿੱਚ ਆਪਣਾ ਰੁਖ਼ ਬਦਲਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸਵਿੰਗ ਕਰਦੀਆਂ ਇਨ੍ਹਾਂ 74 ਚੋਂ 47 ਸੀਟਾਂ ਸਿਰਫ਼ ਇਕੱਲੇ ਮਾਲਵੇ ਖਿੱਤੇ ਦੀਆਂ ਹਨ। ਇੰਨਾਂ ਸੀਟਾਂ ਵਿੱਚ ਜਾਤ ਫੈਕਟਰ ਵੀ ਕੰਮ ਕਰਦਾ ਹੈ। ਜੇਕਰ ਇਨ੍ਹਾਂ 74 ਸਵਿੰਗ ਸੀਟਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ 25 ਸੀਟਾਂ ਸਿੱਖ ਬਹੁਗਿਣਤੀ ਵਾਲੀਆਂ ਹਨ ਜਦਕਿ 37 ਸੀਟਾਂ ਵਿੱਚ 30 ਫ਼ੀਸਦ ਤੋਂ ਵੱਧ ਦਲਿਤ ਹਨ।
ਪੰਜਾਬ ਦੀਆਂ 'ਵਫ਼ਾਦਾਰ' ਸੀਟਾਂ
ਓਥੇ ਹੀ ਪੰਜਾਬ ਦੀਆਂ 43 ਸੀਟਾਂ ਅਜਿਹੀਆਂ ਹਨ, ਜੋ ਹਰ ਵਾਰ ਇੱਕ ਖਾਸ ਪਾਰਟੀ ਪ੍ਰਤੀ ਵਫ਼ਾਦਾਰ ਰਹਿੰਦੀਆਂ ਹਨ। ਕਦੇ-ਕਦਾਈਂ ਹੀ ਇਹ ਸੀਟਾਂ ਆਪਣਾ ਮੂਡ ਬਦਲਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 43 ਸੀਟਾਂ ਵਿੱਚੋਂ 32 ਸੀਟਾਂ ਹਮੇਸ਼ਾਂ ਕਾਂਗਰਸ ਦੀਆਂ ਵਫ਼ਾਦਾਰ ਰਹੀਆਂ ਹਨ। 2017 ਵਿੱਚ ਇਨ੍ਹਾਂ 32 ਸੀਟਾਂ ਕਰਕੇ ਹੀ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ।
ਕਾਂਗਰਸ ਦਾ ਦਲਿਤ ਫੈਕਟਰ
ਕਾਂਗਰਸ ਦਾ ਦਲਿਤ ਫੈਕਟਰ ਵੀ ਕਿਤੇ ਨਾ ਕਿਤੇ ਉਸ ਨੂੰ ਮਜ਼ਬੂਤੀ ਦਿੰਦਾ ਹੈ ਪਰ ਇੱਕ ਸੋਧ ਮੁਤਾਬਿਕ 2012 ਤੋਂ 2019 ਦੇ ਅਰਸੇ ਦੌਰਾਨ ਕਾਂਗਰਸ ਦਾ ਹਿੰਦੂ ਦਲਿਤ ਵੋਟ ਸ਼ੇਅਰ ਵਧਿਆ ਜਦਕਿ ਇਸੇ ਅਰਸੇ ਦੇ ਦੌਰਾਨ ਕਾਂਗਰਸ ਨਾਲੋਂ ਸਿੱਖ ਦਲਿਤ ਵੋਟ ਸ਼ੇਅਰ ਟੁੱਟ ਗਿਆ।
ਪੰਜਾਬ ਚੁਣਦਾ ਨਵੇਂ ਚਿਹਰੇ !
ਇਸੇ ਵਿਚਾਲੇ ਤੁਹਾਨੂੰ ਇੱਕ ਦਿਲਚਸਪ ਜਾਣਕਾਰੀ ਵੀ ਦਿੰਦੇ ਹਾਂ ਕਿ ਪੰਜਾਬ ਹਰ ਵਾਰ ਚੋਣਾਂ ਵਿੱਚ ਨਵੇਂ ਚਿਹਰਿਆਂ ਦਾ ਦਿਲ ਖੋਲ੍ਹ ਕੇ ਸੁਆਗਤ ਕਰਦਾ ਹੈ। ਇੱਕ ਸੋਧ ਮੁਤਾਬਿਕ 2002 ਵਿੱਚ 51 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। 2007 ਵਿੱਚ ਦੁਬਾਰਾ ਫਿਰ 51 ਨਵੇਂ ਚਿਹਰਿਆਂ ਨੂੰ ਜਿਤਾ ਕੇ ਵਿਧਾਨਸਭਾ ਭੇਜਿਆ। ਇਸੇ ਤਰ੍ਹਾਂ 2012 ਵਿੱਚ ਇਹ ਗਿਣਤੀ ਵਧ ਕੇ 55 ਹੋ ਗਈ ਤੇ 2017 ਵਿੱਚ ਤਾਂ ਪੰਜਾਬ ਦੇ ਲੋਕਾਂ ਨੇ 61 ਨਵੇਂ ਚਿਹਰਿਆਂ ਨੂੰ ਵਿਧਾਇਕਾਂ ਦੇ ਰੂਪ ਵਿੱਚ ਆਪਣਾ ਨੁਮਾਇੰਦਾ ਚੁਣਿਆ ਹੈ।
ਪੰਜਾਬ 'ਚ ਵਿਧਾਇਕਾਂ ਦੀ ਹਾਰ-ਜਿੱਤ
2002 ਵਿੱਚ 78 ਵਿਧਾਇਕਾਂ ਨੇ ਦੁਬਾਰਾ ਚੋਣਾਂ ਲੜੀਆਂ ਤੇ ਉਨ੍ਹਾਂ ਵਿੱਚੋਂ ਸਿਰਫ਼ 28 ਉਮੀਦਵਾਰ ਹੀ ਜਿੱਤ ਹਾਸਲ ਸਕੇ ਜਦਕਿ 50 ਨੂੰ ਹਾਰ ਮਿਲੀ। ਇਸੇ ਤਰ੍ਹਾਂ 2007 ਵਿੱਚ 88 ਵਿਧਾਇਕਾਂ ਨੇ ਦੁਬਾਰਾ ਚੋਣਾਂ ਲੜੀਆਂ ਜਦਕਿ 88 ਚੋਂ ਸਿਰਫ਼ 34 ਹੀ ਜਿੱਤ ਸਕੇ ਬਾਕੀ ਹਾਰ ਗਏ। 2012 ਵਿੱਚ 73 ਵਿਧਾਇਕਾਂ ਵਿੱਚੋਂ 41 ਹੀ ਜਿੱਤ ਸਕੇ ਜਦਕਿ 32 ਵਿਧਾਇਕਾਂ ਨੂੰ ਹਾਰ ਮਿਲੀ। 2017 ਵਿੱਚ 81 ਵਿਧਾਇਕ ਦੁਬਾਰਾ ਚੋਣ ਮੈਦਾਨ ਚ ਉਤਰੇ ਅਤੇ ਇਨ੍ਹਾਂ ਵਿੱਚਂ 36 ਹੀ ਜਿੱਤ ਸਕੇ ਜਦਕਿ 45 ਹਾਰ ਗਏ।
ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਚੁਣਿਆ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ?
7 ਫਰਵਰੀ ਨੂੰ ਰਾਹੁਲ ਗਾਂਧੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਵਜੋਂ ਐਲਾਨਣ ਨਾਲ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਸਥਾਨਕ ਲੋਕਾਂ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਇਸ ਕਦਮ ਨੇ ਪੰਜਾਬ ਦੀ ਦਲਿਤ ਅਬਾਦੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ, ਜਿਨ੍ਹਾਂ ਨੂੰ ਸ਼ੱਕ ਸੀ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਇੱਕ ਜੱਟ ਸਿੱਖ ਨੂੰ ਚੁਣਨ ਲਈ ਵਾਪਸ ਚਲੇ ਜਾਵੇਗੀ। ਪੰਜਾਬ ਵਿੱਚ 34 ਰਾਖਵੇਂ ਹਲਕੇ ਹਨ। ਈਡੀ ਦੇ ਛਾਪਿਆਂ ਅਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਉਸਦੇ ਭਤੀਜੇ ਦੀ ਗ੍ਰਿਫਤਾਰੀ ਕਾਰਨ ਇੱਕ ਵੱਡਾ ਕਾਰਡ ਜੋ ਕਾਂਗਰਸ ਨੇ ਚੰਨੀ ਲਈ ਕੰਮ ਕਰ ਸਕਦਾ ਮਹਿਸੂਸ ਕੀਤਾ ਸੀ, ਉਹ ਸੀ "ਹਮਦਰਦੀ ਕਾਰਡ"। ਕਾਂਗਰਸ ਵੀ ਚੰਨੀ 'ਚ 'ਸਥਾਨਕ ਪੰਜਾਬੀ ਕਾਰਡ' ਖੇਡਣਾ ਚਾਹੁੰਦੀ ਸੀ, ਇਸ ਨੂੰ ਅਰਵਿੰਦ ਕੇਜਰੀਵਾਲ ਦੇ 'ਬਾਹਰਲੇ' ਅਕਸ ਨਾਲ ਜੋੜ ਕੇ ਦੇਖਿਆ ਗਿਆ।
ਹੋਰ ਪਾਰਟੀ ਨੂੰ ਜਿੱਤ ਦੀ ਉਮੀਦ
ਪੰਜਾਬ ਕਾਂਗਰਸ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਐਗਜ਼ਿਟ ਪੋਲਾਂ ਵਿੱਚ ਉਨ੍ਹਾਂ ਦੀ ਹਾਰ ਦੀ ਭਵਿੱਖਬਾਣੀ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਜਿੱਤ ਹਾਸਲ ਕਰੇਗੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ, ਜਿਸ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਹਨ ਅਤੇ 117 ਸੀਟਾਂ ਵਿੱਚੋਂ 80 ਤੋਂ ਵੱਧ ਸੀਟਾਂ ਜਿੱਤੇਗੀ।
ਭਾਜਪਾ ਨੇ ਕਿਹਾ ਹੈ ਕਿ ਇਸ ਵਾਰ ਪਾਰਟੀ ਲਈ ਪ੍ਰਭਾਵਸ਼ਾਲੀ ਨਤੀਜੇ ਹੋਣਗੇ। ਜਦੋਂ ਕਿ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ - ਪਿਛਲੇ ਸਾਲ ਪੰਜਾਬ ਕਾਂਗਰਸ ਦੇ ਸੰਕਟ ਦੇ ਕੇਂਦਰ ਵਿੱਚ - ਨੇ ਕਿਹਾ ਹੈ ਕਿ ਉਸਦੀ ਨਵੀਂ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਨੇ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।
‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਭਗਵੰਤ ਮਾਨ ਨੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਅਗਲੀ ਸਰਕਾਰ ਬਣਾਏਗੀ ਅਤੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੀ ਸਿਆਸਤ ਉਨ੍ਹਾਂ ਦੇ ਸਿਰ ਨਹੀਂ ਚੜ੍ਹੇਗੀ।
ਸਿੱਧੂ ਨੇ ਬੁਲਾਈ CLP ਦੀ ਮੀਟਿੰਗ
ਨਤੀਜਿਆਂ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਕਾਂਗਰਸ ਦਾ ਮਹਾਮੰਥਨ ਹੋਇਆ ਹੈ। ਦਿੱਲੀ ਤੋਂ ਆਏ ਅਬਜ਼ਰਵਰਾਂ ਨੇ ਬੈਠਕ ਕੀਤੀ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਖ-ਵੱਖ ਕੀਤੀ ਆਬਜ਼ਰਵਰਾਂ ਨਾਲ ਮੀਟਿੰਗ ਕੀਤੀ ਹੈ। ਕਾਂਗਰਸ ਨੇ ਅੱਜ ਹੀ ਬੁਲਾਈ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਨਤੀਜਿਆਂ ਤੋਂ ਬਾਅਦ ਸ਼ਾਮ 5 ਵਜੇ ਚੰਡੀਗੜ੍ਹ ਕਾਂਗਰਸ ਭਵਨ ਚ ਮੀਟਿੰਗ ਹੋਵੇਗੀ। ਨਵਜੋਤ ਸਿੱਧੂ ਨੇ ਨਵੇਂ ਚੁਣੇ ਜਾਣ ਵਾਲੇ ਵਿਧਾਇਕਾਂ ਨੂੰ ਮੀਟਿੰਗ ਵਿੱਚ ਬੁਲਾਇਆ ਹੈ।
ਮਾਨ ਦੇ ਘਰ ਵਿਆਹ ਵਰਗਾ ਮਾਹੌਲ
ਨਤੀਜਿਆਂ ਤੋਂ ਪਹਿਲਾਂ ਭਗਵੰਤ ਮਾਨ ਦੇ ਸੰਗਰੂਰ ਵਾਲੇ ਘਰ ਵਿੱਚ ਵਿਆਹ ਵਰਗਾ ਮਹੌਲ ਹੈ। ਜਿੱਤ ਦੀ ਖੁਸ਼ੀ ਮਨਾਉਣ ਲਈ ਡੀਜੇ ਲੱਗਿਆ ਹੈ ਅਤੇ ਮਿਠਾਈਆਂ ਪਹੁੰਚੀਆਂ ਹਨ। ਮਾਨ ਦੇ ਘਰ ਬਾਹਰ ਸੁਰੱਖਿਆ ਵਧਾਈ ਗਈ ਹੈ।
ਅਕਾਲੀ ਦਲ ਨੂੰ ਚੰਗੇ ਨਤੀਜੇ ਦੀ ਉਮੀਦ
ਐਗਜਿਟ ਪੋਲ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਨੂੰ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਸੁਖਬੀਰ ਬਾਦਲ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਪੈਡ ਸਰਵੇ ਉੱਤੇ ਯਕੀਨ ਨਹੀਂ ਕਰਦੇ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਸਰਵੇ ਵਿੱਚ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਬਣਾ ਰਹੀ ਹੈ।
ਜੇਤੂ ਉਮੀਦਵਾਰ ਦੇ ਇਕੱਠ/ਜਲੂਸ ਤੇ ਹੋਵੇਗੀ ਪੂਰਣ ਪਾਬੰਦੀ
ਇਸ ਵਾਰ ਉਮੀਦਵਾਰ ਜਿੱਤ ਦੇ ਜਸ਼ਨ ਨਹੀਂ ਮਨਾ ਸਕਣਗੇ। ਜੇਤੂ ਰੈਲੀ ਕੱਢਣ ਤੇ ਰੋਕ ਲਗਾਈ ਗਈ ਹੈ। ਸਿਰਫ਼ ਦੋ ਲੋਕਾਂ ਨਾਲ ਜਾ ਕੇ ਸਰਟੀਫਿਕੇਟ ਲੈ ਸਕਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਕਿਹਾ ਕਿ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ, ਸਾਰੇ ਜ਼ਿਲ੍ਹਿਆਂ ਵਿੱਚ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਮਨਾਹੀ ਵਾਲੇ ਉਪਾਅ ਲਾਗੂ ਕੀਤੇ ਗਏ ਹਨ ਅਤੇ ਗਿਣਤੀ ਕੇਂਦਰਾਂ ਦੇ ਬਾਹਰ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਗਿਣਤੀ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੇਤੂ ਉਮੀਦਵਾਰ ਜਾਂ ਉਸ ਦੇ ਅਧਿਕਾਰਤ ਨੁਮਾਇੰਦੇ ਨਾਲ ਸਿਰਫ਼ ਦੋ ਵਿਅਕਤੀ ਹੀ ਸਰਟੀਫਿਕੇਟ ਲੈਣ ਲਈ ਗਿਣਤੀ ਕੇਂਦਰ ਵਿੱਚ ਜਾ ਸਕਦੇ ਹਨ, ਨਾਲ ਨਾਲ ਉਨ੍ਹਾਂ ਕਿਹਾ ਕਿ ਜਿੱਤ ਦੇ ਜਲੂਸ ਕੱਢਣ ਦੀ ਮਨਾਹੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Election Results 2022, Punjab Election Results 2022