ਰਮਨਦੀਪ ਸਿੰਘ ਭਾਗੂ
ਪੰਜਾਬ ਸਰਕਾਰ ਹੁਣ ਫਰਜ਼ੀ ਬੁਢਾਪਾ ਪੈਨਸ਼ਨਧਾਰਕਾਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਸਰਕਾਰ ਨੇ ਅਜਿਹੇ ਫਰਜ਼ੀ ਪੈਨਸ਼ਨਧਾਰਕਾਂ ਦੀ ਪਛਾਣ ਕਰ ਲਈ ਹੈ ਤੇ ਉਹਨਾਂ ਕੋਲੋਂ ਹੁਣ ਤੱਕ ਲਾਭ ਦੇ ਤੌਰ 'ਤੇ ਦਿੱਤੀ ਗਈ ਰਕਮ ਦੀ ਸਰਕਾਰ ਵਸੂਲੀ ਕਰੇਗੀ। ਸਰਕਾਰ ਵੱਲੋਂ 13-6-2017 ਜਾਰੀ ਨੋਟੀਫਿਕੇਸ਼ਨ ਤਹਿਤ ਕਰਵਾਈ ਪੜਤਾਲ ਦੌਰਾਨ ਹੁਣ ਤੱਕ ਸੂਬੇ 'ਚ ਬੁਢਾਪਾ ਪੈਨਸ਼ਨ ਦੇ 70 ਹਜ਼ਾਰ ਤੋਂ ਵੱਧ ਲਾਭਪਾਤਰੀ ਅਯੋਗ ਪਾਏ ਗਏ ਹਨ। ਇਹਨਾਂ ਅਯੋਗ ਲਾਭਪਾਤਰੀਆਂ ਦੀ ਗਿਣਤੀ 70,137 ਬਣਦੀ ਹੈ ਜਿਹਨਾਂ ਕੋਲੋਂ ਤਕਰੀਬਨ 1,62,35,25,800 ਦੀ ਵਸੂਲੀ ਕੀਤੀ ਜਾਣੀ ਹੈ। ਇਹਨਾਂ ਲੋਕਾਂ ਤੋਂ ਵਸੂਲੀ ਲਈ ਸਰਕਾਰ ਜ਼ਿਲ੍ਹਾ ਪੱਧਰ 'ਤੇ ਸਮਾਜਿਕ ਸੁਰੱਖਿਆ ਅਫ਼ਸਰ ਦੀ ਅਗਵਾਈ 'ਚ ਇੱਕ ਕਮੇਟੀ ਬਣਾਏਗੀ। ਇਹ ਕਮੇਟੀ ਹੀ ਰਿਕਵਰੀ ਦੇ ਮਾਪਦੰਡ ਤੈਅ ਕਰੇਗੀ।
ਕਿਹੜੇ ਜ਼ਿਲ੍ਹੇ ‘ਚ ਕਿੰਨੇ ਅਯੋਗ ਲਾਭਪਾਤਰੀ : ਅਯੋਗ ਲਾਭਪਾਤਰੀ ਵਸੂਲੀਯੋਗ ਰਾਸ਼ੀ1. ਸੰਗਰੂਰ 12573 26.63 ਕਰੋੜ2. ਅੰਮ੍ਰਿਤਸਰ 7853 19.95 ਕਰੋੜ3. ਪਟਿਆਲਾ 6528 19.63 ਕਰੋੜ4. ਗੁਰਦਾਸਪੁਰ 4120 11.67 ਕਰੋੜ5. ਲੁਧਿਆਣਾ 1954 4.48 ਕਰੋੜ6. ਹੁਸ਼ਿਆਰਪੁਰ 1025 3.02 ਕਰੋੜ7. ਫਾਜ਼ਿਲਕਾ 2452 6.14 ਕਰੋੜ8. ਮੁਕਤਸਰ 7441 15.70 ਕਰੋੜ9. ਤਰਨਤਾਰਨ 3207 2.16 ਕਰੋੜ10. ਬਠਿੰਡਾ 8762 17.00 ਕਰੋੜ
ਕਿਹੜੇ ਲੋਕਾਂ ਤੋਂ ਹੋਵੇਗੀ ਵਸੂਲੀ ?
1. ਉਹ ਲਾਭਪਾਤਰੀ ਜਿਹਨਾਂ ਨੇ ਬੁਢਾਪਾ ਪੈਨਸ਼ਨ ਲੈਣ ਲਈ ਘੱਟ ਉਮਰ ਹੋਣ ਦੇ ਬਾਵਜੂਦ ਵੀ ਇਸ ਪੈਨਸ਼ਨ ਦਾ ਲਾਭ ਲਿਆ ਹੈ। ਅਜਿਹੇ ਲੋਕਾਂ ਨੁੰ ਹੁਣ ਆਪਣੀ ਉਮਰ ਦੇ ਦਸਤਾਵੇਜ਼ ਕਮੇਟੀ ਅੱਗੇ ਪੇਸ਼ ਕਰਨਗੇ ਹੋਣਗੇ। ਦਸਤਾਵੇਜ਼ਾਂ ਦੀ ਘੋਖ ਤੋਂ ਬਾਅਦ ਕਮੇਟੀ ਉਹਨਾਂ ਤੋਂ ਰਿਕਵਰੀ ਬਾਰੇ ਵਿਚਾਰ ਕਰੇਗੀ।
2. ਉਹ ਲਾਭਪਾਤਰੀ ਜਿਹਨਾਂ ਨੇ ਬੁਢਾਪਾ ਪੈਨਸ਼ਨ ਲੈਣ ਲਈ ਆਪਣੀ ਆਮਦਨ ਦੇ ਸਰੋਤ ਸਰਕਾਰ ਤੋਂ ਛੁਪਾ ਕੇ ਰੱਖੇ ਹਨ। ਆਮਦਨ ਦੇ ਸਰੋਤਾਂ ਦੀ ਸਹੀ ਜਾਣਕਾਰੀ ਨਾ ਦੇਣ ਵਾਲੇ ਬੁਢਾਪਾ ਪੈਨਸ਼ਨ ਲਈ ਅਯੋਗ ਪਾਏ ਗਏ ਹਨ ਅਤੇ ਸਰਕਾਰ ਇਹਨਾਂ ਤੋਂ ਰਿਕਵਰੀ ਕਰੇਗੀ।
3. ਉਹ ਲਾਭਪਾਤਰੀ ਜੋ ਵੱਧ ਜ਼ਮੀਨ ਕਰਕੇ ਅਯੋਗ ਪਾਏ ਗਏ ਹਨ, ਸਰਕਾਰ ਉਹਨਾਂ ਤੋਂ ਵੀ ਮਾਲੀਆ ਐਕਟ ਤਹਿਤ ਪੈਨਸ਼ਨ ਦੀ ਰਕਮ ਦੀ ਵਸੂਲੀ ਕਰੇਗੀ।
ਪੰਜਾਬ 'ਚ ਬੁਢਾਪਾ ਪੈਨਸ਼ਨ ਲਈ ਯੋਗ ਉਮੀਦਵਾਰ ਕੌਣ ?
1. ਪੰਜਾਬ 'ਚ ਬੁਢਾਪਾ ਪੈਨਸ਼ਨ ਲਈ ਉਹ ਯੋਗ ਉਮੀਦਵਾਰ ਹਨ ਜਿਹਨਾਂ ਔਰਤਾਂ ਦੀ ਉਮਰ 58 ਸਾਲ ਜਾਂ ਉਸ ਤੋਂ ਵੱਧ ਹੈ। ਇਸੇ ਤਰ੍ਹਾਂ ਮਰਦਾਂ ਲਈ ਘੱਟੋ-ਘੱਟ ਉਮਰ 65 ਸਾਲ ਤੈਅ ਕੀਤੀ ਗਈ ਹੈ। ਜੇ ਕਿਸੇ ਨੇ ਇਸ ਉਮਰ ਤੋਂ ਘੱਟ ਹੋਣ ਦੇ ਬਾਵਜੂਦ ਬੁਢਾਪਾ ਪੈਨਸ਼ਨ ਲਵਾਈ ਹੈ ਤਾਂ ਉਹ ਅਯੋਗ ਹੈ।
2. ਇਸ ਤਰ੍ਹਾਂ ਜਿਹੜੇ ਲੋਕਾਂ ਦੀ ਆਮਦਨ 60,000 ਸਲਾਨਾ ਤੱਕ ਹੈ ਉਹ ਬੁਢਾਪਾ ਪੈਨਸ਼ਨ ਲੈਣ ਦੇ ਹੱਕਦਾਰ ਹਨ, ਪਰ ਜਿਹੜੇ ਲੋਕਾਂ ਦੀ ਆਮਦਨ 60 ਹਜ਼ਾਰ ਤੋਂ ਉੱਪਰ ਹੈ ਅਤੇ ਉਹ ਬੁਢਾਪਾ ਪੈਨਸ਼ਨ ਲੈ ਰਹੇ ਹਨ ਤਾਂ ਉਹ ਅਯੋਗ ਹਨ।
3. ਉਹ ਪਤੀ/ਪਤਨੀ ਜਿਹਨਾਂ ਦੋਵਾਂ ਕੋਲ ਮਿਲਾ ਕੇ ਵੱਧ ਤੋਂ ਵੱਧ 2.5 ਏਕੜ ਨਹਿਰੀ ਜ਼ਮੀਨ ਜਾਂ 5 ਏਕੜ ਬਰਾਨੀ ਜਾਂ ਸੇਮਗ੍ਰਸਤ ਇਲਾਕੇ 'ਚ 5 ਏਕੜ ਜ਼ਮੀਨ ਹੋਵੇ। ਇਸ ਤੋਂ ਵੱਧ ਜ਼ਮੀਨ ਵਾਲੇ ਵੀ ਬੁਢਾਪਾ ਪੈਨਸ਼ਨ ਲਈ ਅਯੋਗ ਹਨ।
ਸਰਕਾਰ ਦਾ ਤਰਕਸਮਾਜਿਕ ਸੁਰੱਖਿਆ ਤੇ ਮਹਿਲਾ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਨਿਊਜ਼18 ਨੂੰ ਦੱਸਿਆ ਕਿ ਅਕਾਲੀ ਦਲ ਬੀਜੇਪੀ ਸਰਕਾਰ ਵੇਲੇ ਸਮਾਜਿਕ ਪੈਨਸ਼ਨਾਂ ਨੂੰ ਲੈ ਕੇ ਵੱਡੇ ਪੱਧਰ 'ਤੇ ਗੜਬੜੀ ਹੋਈ ਸੀ। ਇਸ ਲਈ ਜੂਨ 2017 'ਚ ਸਰਕਾਰ ਵੱਲੋਂ ਪੜਤਾਲ ਕਰਵਾਈ ਗਈ ਜਿਸ ਵਿੱਚ ਕਰੀਬ 70 ਹਜ਼ਾਰ ਪੈਨਸ਼ਨਧਾਰਕ ਜਾਅਲੀ ਪਾਏ ਗਏ ਹਨ ਜਿਸ ਨਾਲ ਸੂਬੇ ਦੇ ਖਜ਼ਾਨੇ ਨੂੰ ਕਰੀਬ 162 ਕਰੋੜ ਦਾ ਚੂਨਾ ਲੱਗਿਆ ਹੈ। ਅਰੁਣਾ ਚੌਧਰੀ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਪੰਜਾਬ 'ਚ ਸਿਰਫ 19 ਲੱਖ 75 ਹਜ਼ਾਰ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਮਾਜਿਕ ਪੈਨਸ਼ਨ ਦਿੱਤੀ ਜਾਂਦੀ ਸੀ ਜਦਕਿ ਹੁਣ ਇਹਨਾਂ ਦੀ ਗਿਣਤੀ ਕਰੀਬ 25 ਲੱਖ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।