ਸੋਮਵਾਰ ਨੂੰ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਰਅਸਲ ਲੁਧਿਆਣਾ ਦੇ ਵਿੱਚ 8 ਫਰਵਰੀ 2022 ਨੂੰ ਦਰਜ ਕੀਤੇ ਗਏ ਚੋਣ ਵਿਵਾਦ ਦੇ ਇੱਕ ਮਾਮਲੇ ਵਿੱਚ ਬੈਂਸ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਰੈਗੂਲਰ ਜ਼ਮਾਨਤ ਮਿਲ ਗਈ ਹੈ।
ਜਬਰ-ਜਨਾਹ ਦੇ ਮਾਮਲੇ ਵਿੱਚ ਹਾਲੇ ਫੈਸਲਾ ਨਹੀਂ
ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੁਲਿਸ ਦੇ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡਾਬਾ ਇਲਾਕੇ ਵਿੱਚ ਚੋਣ ਧੜੇਬਾਜ਼ੀ ਦੇ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਖਿਲਾਫ ਇੱਕ ਔਰਤ ਦੇ ਵੱਲੋਂ ਜਬਰ-ਜਨਾਹ ਦਾ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। ਜਬਰ-ਜਨਾਹ ਦੇ ਇਸ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਫੈਸਲਾ ਨਹੀਂ ਸੁਣਾਇਆ ਗਿਆ ਹੈ।
ਸਿਮਰਜੀਤ ਬੈਂਸ ਨੇ ਕੋਰਟ ਵਿੱਚ ਕੀਤਾ ਸੀ ਸਰੰਡਰ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੁਲਾਈ 2022 ਨੂੰ ਜਨਬਰ ਜਨਾਹ ਦੇ ਮਾਮਲੇ ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।ਸਿਮਰਜੀਤ ਸਿੰਘ ਬੈਂਸ ਉੱਪਰ 44 ਸਾਲਾ ਔਰਤ ਨਾਲ ਜਬਰ-ਜਨਾਹ ਕਰਨ ਦਾ ਇਲਜ਼ਾਮ ਹੈ।ਇਸ ਮਾਮਲੇ ਵਿੱਚ 16 ਜੁਲਾਈ 2021 ਨੂੰ ਲੁਧਿਆਣਾ ਅਦਾਲਤ ਦੀਆਂ ਹਦਾਇਤਾਂ 'ਤੇ ਬੈਂਸ ਅਤੇ ਉਸ ਦੇ ਦੋ ਭਰਾਵਾਂ ਸਮੇਤ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਪੀੜਤ ਔਰਤ ਵੱਲੋਂ ਜਾਇਦਾਦ ਦੇ ਝਗੜੇ ਵਿੱਚ ਮੰਗੀ ਮਦਦ
ਜਬਰ-ਜਨਾਹ ਦੇ ਮਾਮਲੇ ਵਿੱਚ ਪੀੜਤ ਔਰਤ ਦੇ ਵੱਲੋਂ ਦਰਜ਼ ਕਰਵਾਈ ਗਈ ਸ਼ਿਕਾਇਤ ਵਿੱਚ ਇਹ ਕਿਹਾ ਗਿਆ ਸੀ ਕਿ ਉਸ ਨੇ ਜਾਇਦਾਦ ਨਾਲ ਜੁੜੇ ਮਾਮਲੇ 'ਚ ਮਦਦ ਲਈ ਸਾਬਕਾ ਵਿਧਾਇਕ ਦੇ ਕੋਲ ਪਹੁੰਚ ਕੀਤੀ ਸੀ। ਇਸ ਤੋਂ ਬਾਅਦ ਸਾਬਕਾ ਵਿਧਾਇਕ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ ਸੀ। ਪੁਲਿਸ ਨੇ ਇਸੇ ਮਾਮਲੇ ਵਿੱਚ ਬੈਂਸ ਦੇ ਭਰਾ ਅਤੇ ਨਿੱਜੀ ਸਹਾਇਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ।
ਫਿਲਹਾਲ ਸਿਮਰਜੀਤ ਸਿੰਘ ਬੈਂਸ ਨੂੰ ਹਾਈ ਕੋਰਟ ਦੇ ਵੱਲੋਂ 8 ਫਰਵਰੀ 2022 ਨੂੰ ਦਰਜ ਕੀਤੇ ਗਏ ਚੋਣ ਵਿਵਾਦ ਦੇ ਇੱਕ ਮਾਮਲੇ ਵਿੱਚ ਰੈਗੁਲਰ ਜ਼ਮਾਨਤ ਮਿਲ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bail, Bains, Punjab, Punjab And Haryana High Court