ਪੰਜਾਬ ਦੀਆਂ ਸ਼ਰਾਬ ਉਤਪਾਦਕ ਇਕਾਈਆਂ ਦਾ ਤੀਜੀ ਧਿਰ ਤੋਂ ਕਰਵਾਇਆ ਜਾਵੇਗਾ ਆਡਿਟ

News18 Punjabi | News18 Punjab
Updated: July 5, 2021, 8:31 PM IST
share image
ਪੰਜਾਬ ਦੀਆਂ ਸ਼ਰਾਬ ਉਤਪਾਦਕ ਇਕਾਈਆਂ ਦਾ ਤੀਜੀ ਧਿਰ ਤੋਂ ਕਰਵਾਇਆ ਜਾਵੇਗਾ ਆਡਿਟ
ਪੰਜਾਬ ਦੀਆਂ ਸ਼ਰਾਬ ਉਤਪਾਦਕ ਇਕਾਈਆਂ ਦਾ ਤੀਜੀ ਧਿਰ ਤੋਂ ਕਰਵਾਇਆ ਜਾਵੇਗਾ ਆਡਿਟ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਸੂਬੇ ਦੇ ਆਬਕਾਰੀ ਵਿਭਾਗ ਨੇ ਬੀਤੇ ਵਰ੍ਹੇ ਤੋਂ ਸੂਬੇ ਵਿੱਚ ਸ਼ਰਾਬ ਉਤਪਾਦਕ ਇਕਾਈਆਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਵੱਲੋਂ ਆਈ.ਆਈ.ਟੀ ਰੋਪੜ ਨਾਲ ਭਾਈਵਾਲੀ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਇਕਾਈਆਂ ਵਿਖੇ ਮਾਸ ਫਲੋ ਮੀਟਰਾਂ ਦੇ ਤਕਨੀਕੀ ਆਡਿਟ ਅਤੇ ਲੇ-ਆਊਟ ਦੇ ਢਾਂਚਾਗਤ ਆਡਿਟ ਨੂੰ ਅੰਜਾਮ ਦਿੱਤਾ ਜਾ ਸਕੇ।

ਆਈ.ਆਈ.ਟੀ. ਰੋਪੜ ਦੇ ਮਾਹਿਰਾਂ ਦੀ ਟੀਮ ਦੁਆਰਾ ਇਹ ਆਡਿਟ ਪ੍ਰਕਿਰਿਆ ਅੱਜ ਡੇਰਾਬੱਸੀ ਦੀ ਮੈਸਰਜ ਰਾਜਸਥਾਨ ਲਿਕੁਅਰਜ਼ ਲਿਮਟਿਡ ਤੋਂ ਸ਼ੁਰੂ ਕਰ ਦਿੱਤੀ ਗਈ ਅਤੇ 6 ਮਹੀਨਿਆਂ ਦੌਰਾਨ ਸੂਬੇ ਦੀਆਂ ਸਾਰੀਆਂ ਉਤਪਾਦਨ ਇਕਾਈਆਂ ਨੂੰ ਕਵਰ ਕਰੇਗੀ। ਇਸ ਆਡਿਟ ਦਾ ਮਕਸਦ ਐਕਸਟਰਾ ਨਿਯੂਟਰਲ ਐਲਕੋਹਲ (ਈ.ਐਨ.ਏ.) ਦੀ ਚੋਰੀ ਨੂੰ ਰੋਕਦੇ ਹੋਏ ਸੂਬੇ ਦਾ ਮਾਲੀਆ ਸੁਰੱਖਿਅਤ ਕਰਨਾ ਹੈ।

ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਨਿਵੇਕਲੀ ਪਹਿਲ ਤਹਿਤ ਇਕ ਆਜ਼ਾਦ ਸੰਸਥਾ ਦੀ ਮਦਦ ਨਾਲ 16 ਡਿਸਟੀਲਰੀਆਂ, 4 ਬੀਅਰ ਬਣਾਉਣ ਦੇ ਕਾਰਖਾਨਿਆਂ ਅਤੇ 25 ਬਾਟਲਿੰਗ ਪਲਾਂਟਾਂ ਦੀ ਸ਼ਮੂਲੀਅਤ ਵਾਲੀਆਂ ਉਤਪਾਦਨ ਇਕਾਈਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਆਡਿਟ ਕੀਤਾ ਜਾਵੇਗਾ। ਇਨ੍ਹਾਂ ਇਕਾਈਆਂ ਵਿੱਚ, ਡੀ-ਨੇਚਰਡ ਸਪੀਰਿਟ, ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ, ਪੰਜਾਬ ਵਿੱਚ ਬਣੀ ਮੱਧਮ ਦਰਜੇ ਦੀ ਸ਼ਰਾਬ ਅਤੇ ਬੀਅਰ ਦਾ ਉਤਪਾਦਨ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਇਕਾਈਆਂ ਦੀ ਸਥਾਪਨਾ ਆਬਕਾਰੀ ਵਿਭਾਗ ਦੁਆਰਾ ਆਬਕਾਰੀ ਕਾਨੂੰਨਾਂ ਦੇ ਨਿਯਮਾਂ ਅਨੁਸਾਰ ਲਾਈਸੈਂਸ ਜਾਰੀ ਕਰਕੇ ਕੀਤੀ ਜਾਂਦੀ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਐਕਸਟਰਾ ਨਿਯੂਟਰਲ ਐਲਕੋਹਲ (ਈ.ਐਨ.ਏ.)/ਡੀ ਨੇਚਰਡ ਸਪੀਰਿਟ/ਰੈਕਟੀਫਾਈਡ ਸਪੀਰਿਟ ਲੇਜਾਣ ਲਈ ਸਥਾਪਿਤ ਇਕਾਈਆਂ ਅਤੇ ਪਾਈਪਲਾਈਨਾਂ ਦੀ ਢਾਂਚਾਗਤ ਬਣਤਰ ਦਾ ਆਬਕਾਰੀ ਕਾਨੂੰਨਾਂ ਦੇ ਅਨੁਸਾਰ ਹੋਣਾ ਜਰੂਰੀ ਹੈ। ਹਾਲ ਹੀ ਵਿੱਚ ਮਾਸ ਫਲੋ ਮੀਟਰਾਂ ਨੂੰ ਸਾਰੀਆਂ ਡਿਸਟਿਲਰੀਆਂ, ਬਾਟਲਿੰਗ ਪਲਾਂਟਾਂ ਅਤੇ ਬੀਅਰ ਉਤਪਾਦਕ ਕਾਰਖਾਨਿਆਂ ਵਿੱਚ ਆਬਕਾਰੀ ਵਿਭਾਗ ਦੀ ਪਹਿਲ ’ਤੇ ਸਥਾਪਤ ਕੀਤਾ ਗਿਆ ਤਾਂ ਜੋ ਇਨਾਂ ਡਿਸਟਿਲਰੀਆਂ ਦੁਆਰਾ ਉਤਪਾਦਨ ਕੀਤੀ ਜਾਂਦੀ ਈ.ਐਨ.ਏ. ਜਾਂ ਹੋਰ ਸ਼ਰਾਬ ਦੀਆਂ ਕਿਸਮਾਂ ਦੀਆਂ ਮਾਤਰਾ ਦਾ ਸਹੀ ਪਤਾ ਲਗਾਇਆ ਜਾ ਸਕੇ ਜਿਨਾਂ ਨੂੰ ਬਾਅਦ ਵਿੱਚ ਬਾਟਲਿੰਗ ਲਈ ਭੇਜ ਦਿੱਤਾ ਜਾਂਦਾ ਹੈ।

ਆਬਕਾਰੀ ਅਧਿਕਾਰੀਆਂ ਵੱਲੋਂ ਇਨ੍ਹਾਂ ਇਕਾਈਆਂ ’ਤੇ ਕਰੜੀ ਨਿਗਾਹ ਰੱਖੀ ਜਾਂਦੀ ਹੈ ਅਤੇ ਕਿਸੇ ਵੀ ਉਣਤਾਈ ਦੀ ਸੂਰਤ ਵਿੱਚ ਇਕਾਈਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਇਨ੍ਹਾਂ ਉਤਪਾਦਨ ਇਕਾਈਆਂ ਦੇ ਕੰਮਕਾਜ ਵਿੱਚ ਪਾਰਦਰਸ਼ਿਤਾ ਲਿਆਉਣ ਹਿੱਤ ਹੀ ਆਈ.ਆਈ.ਟੀ. ਰੋਪੜ ਵਰਗੀ ਸੰਸਥਾ ਤੋਂ ਥਰਡ ਪਾਰਟੀ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਤਕਨੀਕੀ ਮਾਹਿਰਾਂ ਦੀ ਸ਼ਮੂਲੀਅਤ ਵਾਲੀ ਇੱਕ ਟੀਮ ਹਰੇਕ ਇਕਾਈ ਦਾ ਆਡਿਟ ਕਰਕੇ ਆਪਣੀ ਰਿਪੋਰਟ ਦੇਵੇਗੀ ਅਤੇ ਪੂਰੀ ਡੂੰਘਾਈ ਨਾਲ ਮਾਸ ਫਲੋ ਮੀਟਰਾਂ ਦੇ ਕੰਮਕਾਜ ਅਤੇ ਢਾਂਚਾਗਤ ਬਣਤਰ ਦੀ ਜਾਂਚ ਕਰੇਗੀ। ਇਸ ਆਡਿਟ ਦਾ ਸਾਰਾ ਖਰਚਾ ਆਬਕਾਰੀ ਵਿਭਾਗ ਵੱਲੋਂ ਕੀਤਾ ਜਾਵੇਗਾ।

ਇਸ ਢਾਂਚਾਗਤ ਬਣਤਰ ਦੇ ਆਡਿਟ ਦਾ ਮਕਸਦ ਇਹ ਵੇਖਣਾ ਹੈ ਕਿ ਪਲਾਂਟ ਅਤੇ ਉਸ ਦੇ ਬਣੇ ਹੋਏ ਢਾਂਚੇ, ਵਿਭਾਗ ਦੁਆਰਾ ਮਨਜੂਰਸ਼ੁਦਾ ਸਾਈਟ ਮੈਪ ਦੇ ਅਨੁਸਾਰ ਹਨ ਜਾਂ ਨਹੀਂ। ਇਸ ਦੇ ਨਾਲ ਹੀ ਉਤਪਾਦਕ ਇਕਾਈ ਵਿੱਚ ਵਿਛਾਈਆਂ ਗਈਆਂ ਪਾਈਪਲਾਈਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਜਾਂਚ ਦਾ ਮਕਸਦ ਬਣਾਉਣਾ ਹੈ ਕਿ ਕੋਈ ਵੀ ਅਜਿਹੀ ਸਮਾਨਾਂਤਰ ਪਾਈਪ ਲਾਈਨ ਨਾ ਹੋਵੇ ਜੋ ਕਿ ਸਪੀਰਿਟ ਨੂੰ ਆਮ ਵਹਾਅ ਨਾਲੋਂ ਵੱਧ ਮਾਤਰਾ ਵਿੱਚ ਨਾ ਲਿਜਾ ਸਕੇ।

ਮਾਸ ਫਲੋ ਮੀਟਰਾਂ ਦਾ ਤਕਨੀਕੀ ਆਡਿਟ ਕਰਨ ਦਾ ਮਕਸਦ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਵਿਆਸ-ਮਿਣਤੀ ਦੀ ਜਾਂਚ ਕਰਨਾ ਹੋਵੇਗਾ। ਇਸ ਦੇ ਨਾਲ ਹੀ ਇਸ ਪੱਖ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਫਲੋ ਮੀਟਰਾਂ ਦੁਆਰਾ ਸਪੀਰਿਟ ਦੇ ਪੂਰੇ ਵਹਾਅ ਦੀ ਮਿਣਤੀ ਕੀਤੀ ਜਾ ਰਹੀ ਹੈ ਜਾਂ ਨਹੀਂ ਅਤੇ ਕਿਤੇ ਕੋਈ ਹੋਰ ਪਾਈਪ ਲਾਈਨ ਤਾਂ ਨਹੀਂ ਵਿਛਾਈ ਗਈ ਜੋ ਕਿ ਫਲੋ ਮੀਟਰ ਨੂੰ ਬਾਈਪਾਸ ਕਰਦੀ ਹੋਵੇ।
Published by: Gurwinder Singh
First published: July 5, 2021, 8:31 PM IST
ਹੋਰ ਪੜ੍ਹੋ
ਅਗਲੀ ਖ਼ਬਰ