ਚੰਡੀਗੜ੍ਹ: ਲੁਧਿਆਣਾ ਦੇ ਪਾਇਲ ਨਗਰ ਨੇੜੇ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਇੱਕ ਗੱਡੀ ਨਹਿਰ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਬੁਰੀ ਤਰ੍ਹਾਂ ਜ਼ਖਮੀ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਹਾਲਾਂਕਿ ਇਸ ਬਾਰੇ ਵਿਸਥਾਰਤ ਜਾਂਚ ਤੋਂ ਬਾਅਦ ਹੀ ਕੁਝ ਹੋਰ ਕਿਹਾ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਹਾਦਸਾ ਸੋਮਵਾਰ ਰਾਤ ਕਰੀਬ 11.30 ਵਜੇ ਵਾਪਰਿਆ। ਫਾਰਚੂਨਰ ਕਾਰ ਵਿੱਚ ਛੇ ਵਿਅਕਤੀ ਜਾ ਰਹੇ ਸਨ। ਜਦੋਂ ਉਹ ਪਾਇਲ ਨੇੜੇ ਪਿੰਡ ਝਮਟ ਪੁਲ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਿਆ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਤਿੰਦਰ ਸਿੰਘ (40) ਪੁੱਤਰ ਭਗਵੰਤ ਸਿੰਘ, ਜਗਤਾਰ ਸਿੰਘ (45) ਪੁੱਤਰ ਬਾਵਾ ਸਿੰਘ, ਜੱਗਾ ਸਿੰਘ (35) ਪੁੱਤਰ ਭਜਨ ਸਿੰਘ, ਕੁਲਦੀਪ ਸਿੰਘ (45) ਪੁੱਤਰ ਕਰਨੈਲ ਸਿੰਘ ਵਾਸੀ ਅਤੇ ਜਗਦੀਪ ਸਿੰਘ (35) ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ।
ਹਾਦਸੇ ਵਿੱਚ ਕਾਰ ਵਿੱਚ ਸਵਾਰ ਸੰਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਨੰਗਲਾ ਵਾਲ-ਵਾਲ ਬਚ ਗਿਆ। ਉਹ ਨਹਿਰ ਵਿੱਚ ਤੈਰ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਹਾਦਸੇ 'ਚ ਵਾਲ-ਵਾਲ ਬਚੇ ਸੰਦੀਪ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਲਾਸ਼ਾਂ ਨੂੰ ਬਰਾਮਦ ਕਰ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਮੁੱਢਲੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਦੱਸ ਦਈਏ ਕਿ ਪਿਛਲੇ ਹਫਤੇ ਵੀ ਇਕ ਕਾਰ 'ਚ ਸਵਾਰ 7 'ਚੋਂ 5 ਲੋਕਾਂ ਦੀ ਨਹਿਰ 'ਚ ਡਿੱਗਣ ਨਾਲ ਮੌਤ ਹੋ ਗਈ ਸੀ। ਕਾਰ ਇੱਕ ਪ੍ਰਾਈਵੇਟ ਬੱਸ ਨਾਲ ਟਕਰਾ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ।
ਦੂਜੇ ਪਾਸੇ ਅਬੋਹਰ 'ਚ ਤੇਲ ਟੈਂਕਰ ਨੇ ਤਿੰਨ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਮੰਗਲਵਾਰ ਸਵੇਰੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤੇਲ ਟੈਂਕਰ ਦਾ ਡਰਾਈਵਰ ਬਾਈਕ ਸਵਾਰਾਂ ਨੂੰ ਓਵਰਟੇਕ ਕਰ ਰਿਹਾ ਸੀ, ਜਦੋਂ ਸਾਹਮਣੇ ਤੋਂ ਇਕ ਵਾਹਨ ਆਇਆ ਤਾਂ ਟੈਂਕਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਬਾਈਕ ਸਵਾਰਾਂ ਨਾਲ ਟਕਰਾ ਗਿਆ। ਮਰਨ ਵਾਲਿਆਂ ਵਿੱਚ ਮਾਂ-ਪੁੱਤ ਅਤੇ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਸ਼ਾਮਲ ਹੈ।