ਸਰਹੱਦੀ ਇਲਾਕੇ ਪੁਲਿਸ ਛਾਉਣੀ 'ਚ ਤਬਦੀਲ, ਕਮਾਂਡੋ ਤੇ ਪੁਲਿਸ ਅਮਲੇ ਵੱਲੋਂ ਸਰਚ ਅਭਿਆਨ

News18 Punjab
Updated: October 12, 2019, 12:17 PM IST
share image
ਸਰਹੱਦੀ ਇਲਾਕੇ ਪੁਲਿਸ ਛਾਉਣੀ 'ਚ ਤਬਦੀਲ, ਕਮਾਂਡੋ ਤੇ ਪੁਲਿਸ ਅਮਲੇ ਵੱਲੋਂ ਸਰਚ ਅਭਿਆਨ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਬਟਾਲਾ, ਡੇਰਾ ਬਾਬਾ ਨਾਨਕ ਅਤੇ ਬਲਾਕ ਕਲਾਨੌਰ ਦੇ ਪਿੰਡਾਂ 'ਚ ਸਰਚ ਅਭਿਆਨ

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਬਟਾਲਾ, ਡੇਰਾ ਬਾਬਾ ਨਾਨਕ ਅਤੇ ਬਲਾਕ ਕਲਾਨੌਰ ਦੇ ਪਿੰਡਾਂ 'ਚ ਸਰਚ ਅਭਿਆਨ

  • Share this:
  • Facebook share img
  • Twitter share img
  • Linkedin share img
ਡਰੋਨ ਮਾਮਲੇ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵੱਲੋਂ ਅੱਤਵਾਦੀ ਹਮਲੇ ਦੀ ਇਨਪੁੱਟ ਤੋਂ ਬਾਅਦ ਜਿੱਥੇ ਪਠਾਨਕੋਟ ਖੇਤਰ 'ਚ ਰੈੱਡ ਅਲਰਟ ਜਾਰੀ ਹੋਇਆ ਸੀ, ਉੱਥੇ ਹੀ ਇਸ ਅਲਰਟ ਦੇ ਚੱਲਦਿਆਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਬਟਾਲਾ, ਡੇਰਾ ਬਾਬਾ ਨਾਨਕ ਅਤੇ ਬਲਾਕ ਕਲਾਨੌਰ ਦੇ ਪਿੰਡਾਂ 'ਚ ਸਰਚ ਅਭਿਆਨ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਪਹੁੰਚੀ ਪੁਲਿਸ ਕਾਰਨ ਸਾਰੇ ਇਲਾਕੇ ਛਾਉਣੀ 'ਚ ਤਬਦੀਲ ਹੋ ਗਏ ਹਨ।

ਪੁਲਿਸ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ 'ਚ ਚਲਾਏ ਜਾ ਰਹੇ ਸਰਚ ਅਭਿਆਨ 'ਚ ਐਸ.ਪੀ, ਡੀ.ਐੱਸ.ਪੀ., ਇੰਸਪੈਕਟਰ, ਸਬ-ਇੰਸਪੈਕਟਰ ਦੇ ਅਹੁਦੇ ਦੇ ਪੁਲਿਸ ਅਫ਼ਸਰਾਂ ਤੋਂ ਇਲਾਵਾ 400 ਦੇ ਕਰੀਬ ਦੀ ਨਫ਼ਰੀ ਸ਼ਾਮਲ ਹੈ। ਅਲਰਟ ਦੇ ਚੱਲਦਿਆਂ ਪਹਿਲੇ ਦਿਨ 10 ਟੀਮਾਂ ਸਰਚ ਅਭਿਆਨ ਦੇ ਕੰਮ ਨੂੰ ਨੇਪਰੇ ਚੜ੍ਹਾਉਣਗੀਆਂ, ਜਿਸ ਦੀ ਕਮਾਨ ਪੁਲਿਸ ਦੇ ਉੱਚ ਅਫ਼ਸਰਾਂ ਦੇ ਹੱਥਾਂ 'ਚ ਹੋਵੇਗੀ। ਦੱਸ ਦਈਏ ਕਿ ਅੱਤਵਾਦੀ ਹਮਲੇ ਦੇ ਖ਼ਦਸ਼ੇ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ’ਚ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। ਪਿਛਲੇ ਦਿਨੀਂ ਪੰਜਾਬ ਅੰਦਰ ਡਰੋਨ ਰਾਹੀਂ ਭਾਰਤੀ ਹੱਦ ਅੰਦਰ ਸੁੱਟੇ ਗਏ ਹਥਿਆਰਾਂ ਅਤੇ ਖ਼ੁਫ਼ੀਆ ਏਜੰਸੀਆਂ ਦੀਆਂ ਲਗਾਤਾਰ ਮਿਲ ਰਹੀਆਂ ਰਿਪੋਰਟਾਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ।

ਪਠਾਨਕੋਟ ’ਚ ਪੁਲੀਸ ਦੇ ਆਲਾ ਅਧਿਕਾਰੀਆਂ ਨੇ ਡੇਰੇ ਲਗਾ ਲਏ ਹਨ। ਜਾਣਕਾਰੀ ਅਨੁਸਾਰ ਤਿੰਨ ਦਿਨ ਤੱਕ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ। ਬਾਹਰਲੇ ਜ਼ਿਲ੍ਹਿਆਂ ਤੋਂ 2500 ਦੇ ਕਰੀਬ ਪੁਲਿਸ ਜਵਾਨਾਂ ਅਤੇ ਕਮਾਂਡੋਜ਼ ਨੂੰ ਬੁਲਾਇਆ ਗਿਆ ਹੈ। 400 ਦੇ ਕਰੀਬ ਗੰਨਮੈਨਾਂ ਨੂੰ ਪੀਏਪੀ ਵਿੱਚ ਤੁਰੰਤ ਵਾਪਸ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪਠਾਨਕੋਟ ਦੇ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਖਾਲੀ ਕਰਵਾ ਲਿਆ ਗਿਆ ਹੈ ਅਤੇ ਉਥੇ ਬੈੱਡ ਰਾਖਵੇਂ ਰੱਖ ਲਏ ਗਏ ਹਨ। ਹਸਪਤਾਲ ਦੇ ਸਾਰੇ ਅਮਲੇ ਨੂੰ ਡਿਊਟੀ ਉਪਰ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਂਜ ਕੋਈ ਵੀ ਪੁਲਿਸ ਅਧਿਕਾਰੀ ਇਸ ਕਵਾਇਦ ਬਾਰੇ ਖੁੱਲ੍ਹ ਕੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਪਠਾਨਕੋਟ ਪੰਜਾਬ ਦਾ ਅਹਿਮ ਜ਼ਿਲ੍ਹਾ ਹੈ ਕਿਉਂਕਿ ਇਹ ਸਰਹੱਦੀ ਇਲਾਕਾ ਹੈ ਅਤੇ ਜੰਮੂ-ਕਸ਼ਮੀਰ ਦੀ ਹੱਦ ਵੀ ਇਸ ਦੇ ਨਾਲ ਲੱਗਦੀ ਹੈ। ਇਥੇ ਏਅਰ ਫੋਰਸ ਦਾ ਹਵਾਈ ਅੱਡਾ ਹੋਣ ਕਰਕੇ ਇਹ ਸ਼ਹਿਰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
ਪੰਜਾਬ ਪੁਲਿਸ ਦੇ ਏਡੀਜੀਪੀ (ਲਾਅ ਐਂਡ ਆਰਡਰ) ਵੱਲੋਂ ਲਿਖੇ ਗਏ ਪੱਤਰ ਵਿੱਚ ਉਨ੍ਹਾਂ 2485 ਪੀਏਪੀ ਜਵਾਨਾਂ ਨੂੰ ਵਿਸ਼ੇਸ਼ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹੋਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਗਿਆ ਹੈ ਕਿ ਉਹ ਆਪਣੇ ਹਥਿਆਰਾਂ, ਵਰਦੀਆਂ ਤੇ ਬਿਸਤਰਿਆਂ ਸਮੇਤ ਤੁਰਤ ਜਿਥੇ ਵੀ ਭੇਜਿਆ ਜਾਂਦਾ ਹੈ, ਪਹੁੰਚ ਜਾਣ। ਇਸ ਤੋਂ ਇਲਾਵਾ 400 ਗੰਨਮੈਨਾਂ ਨੂੰ ਇਸ ਅਪਰੇਸ਼ਨ ਦਾ ਹਿੱਸਾ ਬਣਨ ਲਈ ਕਿਹਾ ਗਿਆ ਹੈ। ਇਹ ਸਰਚ ਅਪਰੇਸ਼ਨ 13 ਅਕਤੂਬਰ ਤੱਕ ਚੱਲੇਗਾ। ਸੂਤਰਾਂ ਅਨੁਸਾਰ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਗੁਆਂਢੀ ਮੁਲਕ ਵੱਲੋਂ ਡਰੋਨਾਂ ਰਾਹੀਂ ਭਾਰਤੀ ਹੱਦ ਅੰਦਰ ਪਿਛਲੇ ਦਿਨੀਂ ਹਥਿਆਰ ਸੁੱਟੇ ਗਏ ਹਨ ਜੋ ਅਤਿਵਾਦੀਆਂ ਤੱਕ ਪਹੁੰਚਣੇ ਹਨ। ਉਨ੍ਹਾਂ ਦਾ ਪਤਾ ਲਾਉਣ ਲਈ ਇਹ ਅਪਰੇਸ਼ਨ ਜ਼ਰੂਰੀ ਮੰਨਿਆ ਜਾ ਰਿਹਾ ਹੈ।
First published: October 12, 2019
ਹੋਰ ਪੜ੍ਹੋ
ਅਗਲੀ ਖ਼ਬਰ