Home /News /punjab /

ਨਸ਼ਿਆਂ ਦੇ ਕੇਸ ਵਿਚ ਝੂਠਾ ਫਸਾਉਣ ਤੇ ਪੈਸੇ ਵਸੂਲਣ ਦੇ ਦੋਸ਼ ਵਿਚ ਇੰਸਪੈਕਟਰ ਸਣੇ ਤਿੰਨ ਮੁਲਾਜ਼ਮ ਬਰਖਾਸਤ

ਨਸ਼ਿਆਂ ਦੇ ਕੇਸ ਵਿਚ ਝੂਠਾ ਫਸਾਉਣ ਤੇ ਪੈਸੇ ਵਸੂਲਣ ਦੇ ਦੋਸ਼ ਵਿਚ ਇੰਸਪੈਕਟਰ ਸਣੇ ਤਿੰਨ ਮੁਲਾਜ਼ਮ ਬਰਖਾਸਤ

 • Share this:
  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਜਾਰੀ ਰੱਖਦੇ ਹੋਏ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਦੋ ਵਿਅਕਤੀਆਂ ਨੂੰ ਨਸ਼ਿਆਂ ਦੇ ਕੇਸ ਵਿੱਚ ਫਸਾਉਣ ਅਤੇ ਵੱਡੀ ਰਕਮ ਵਸੂਲਣ ਦੇ ਮਾਮਲੇ ਵਿੱਚ ਇੱਕ ਇੰਸਪੈਕਟਰ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।

  ਪੁਲਿਸ ਨੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ, ਏਐਸਆਈ ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਫਿਰੋਜ਼ਪੁਰ ਵਿੱਚ ਨਾਰਕੋਟਿਕ ਕੰਟਰੋਲ ਸੈੱਲ ਵਿੱਚ ਤਾਇਨਾਤ ਸਨ। ਇੰਸਪੈਕਟਰ ਬਾਜਵਾ ਨੂੰ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ (ਆਈਜੀਪੀ) ਜਸਕਰਨ ਸਿੰਘ ਨੇ ਬਰਖਾਸਤ ਕਰ ਦਿੱਤਾ ਹੈ, ਜਦੋਂ ਕਿ ਏਐਸਆਈ ਅੰਗਰੇਜ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਨੂੰ ਐਸਐਸਪੀ ਫਿਰੋਜ਼ਪੁਰ ਸੁਰਿੰਦਰ ਲਾਂਬਾ ਨੇ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਘੋਰ ਅਣਗਹਿਲੀ ਲਈ ਬਰਖਾਸਤ ਕਰ ਦਿੱਤਾ ਹੈ।

  ਇਨ੍ਹਾਂ ਮੁਲਜ਼ਮਾਂ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 311 (2) ਤਹਿਤ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 166, 167, 195, 471, 218, ਅਤੇ 120-ਬੀ ਅਤੇ ਧਾਰਾਵਾਂ 21, 59, ਅਤੇ 13 ਦੇ ਤਹਿਤ 25 ਜੁਲਾਈ, 2022 ਨੂੰ ਤਿੰਨਾਂ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।

  ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੀ ਟੀਮ ਨੇ ਇੰਸਪੈਕਟਰ ਬਾਜਵਾ, ਏਐਸਆਈ ਅੰਗਰੇਜ ਅਤੇ ਐਚਸੀ ਜੋਗਿੰਦਰ ਦੀ ਅਗਵਾਈ ਵਿੱਚ 20 ਜੁਲਾਈ, 2022 ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਕਥਿਤ ਤੌਰ 'ਤੇ 1 ਕਿਲੋ ਹੈਰੋਇਨ ਪਾ ਕੇ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 5 ਲੱਖ ਰੁਪਏ ਦੀ ਬਰਾਮਦਗੀ ਦਿਖਾ ਕੇ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਇਆ ਗਿਆ।

  ਮੁਲਜ਼ਮ ਇੰਸਪੈਕਟਰ ਬਾਜਵਾ ਵੱਲੋਂ ਥਾਣਾ ਫਿਰੋਜ਼ਪੁਰ ਛਾਉਣੀ ਵਿਖੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮੁੱਢਲੇ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਸਾਰਾ ਮਾਮਲਾ ਰਚਿਆ ਸੀ ਅਤੇ ਦੋਵਾਂ ਵਿਅਕਤੀਆਂ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਨੀਅਤ ਨਾਲ ਉਨ੍ਹਾਂ ਤੋਂ ਪੈਸੇ ਹੜੱਪ ਲਏ ਸਨ।

  ਉਨ੍ਹਾਂ ਕਿਹਾ ਕਿ ਜਦੋਂ ਵਿਸਤ੍ਰਿਤ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲ ਕੋਈ ਸਪੱਸ਼ਟੀਕਰਨ ਨਹੀਂ ਸੀ।
  Published by:Gurwinder Singh
  First published:

  Tags: Crime news, Drug Mafia, Drug Overdose Death, Drug pills

  ਅਗਲੀ ਖਬਰ