ਚੰਡੀਗੜ੍ਹ- ਪੰਜਾਬ ਵਿੱਚ ਪਿਛਲੇ ਸਾਲ ਦੀਆਂ ਸਰਦੀਆਂ ਦੇ ਮੁਕਾਬਲੇ ਇਸ ਸਾਲ ਦਸੰਬਰ ਵਿੱਚ ਬਿਜਲੀ ਦੀ ਮੰਗ ਵਿੱਚ ਜ਼ਿਆਦਾ ਵਾਧਾ ਹੋਇਆ ਹੈ। ਮਾਹਿਰ ਇਸ ਨੂੰ ਸੂਬੇ ਵਿੱਚ ਦਿੱਤੀ ਜਾ ਰਹੀ ਬਿਜਲੀ ਦੇ 300 ਮੁਫ਼ਤ ਯੂਨਿਟਾਂ ਨਾਲ ਜੋੜ ਕੇ ਦੇਖ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਦੋ ਮਹੀਨਿਆਂ ਦੌਰਾਨ ਸੂਬੇ ਦੇ 91 ਫੀਸਦੀ ਵਸਨੀਕਾਂ ਨੂੰ ਜ਼ੀਰੋ ਬਿਜਲੀ ਬਿੱਲ (Punjab Electricity Bill Subsidy) ਪ੍ਰਾਪਤ ਹੋਏ ਹਨ। ਪਿਛਲੇ ਸਾਲ 3 ਦਸੰਬਰ ਦੇ ਇਸੇ ਦਿਨ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ 19 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਇਹ ਖਪਤ 6,033 ਮੈਗਾਵਾਟ ਸੀ ਜਦੋਂ ਕਿ ਇਸ ਸਾਲ ਇਹ 7,156 ਮੈਗਾਵਾਟ ਹੈ।
ਬਿਜਲੀ ਦੀ ਮੰਗ ਵਿੱਚ ਉਤਰਾਅ-ਚੜ੍ਹਾਅ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ 25 ਦਸੰਬਰ ਤੱਕ 1 ਦਸੰਬਰ ਨੂੰ ਬਿਜਲੀ ਦੀ ਖਪਤ 7,205 ਮੈਗਾਵਾਟ ਰਹੀ ਜੋ ਪਿਛਲੇ ਸਾਲ 6,170 ਮੈਗਾਵਾਟ ਦੇ ਮੁਕਾਬਲੇ 17 ਫੀਸਦੀ ਵੱਧ ਹੈ। 2 ਦਸੰਬਰ ਨੂੰ ਮੰਗ ਪਿਛਲੇ ਸਾਲ 5,966 ਮੈਗਾਵਾਟ ਦੇ ਮੁਕਾਬਲੇ 6,771 ਮੈਗਾਵਾਟ ਰਹੀ, ਜਿਸ ਵਿੱਚ 13 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ 7 ਦਸੰਬਰ ਨੂੰ ਮੰਗ ਪਿਛਲੇ ਸਾਲ 6,893 ਮੈਗਾਵਾਟ ਦੇ ਮੁਕਾਬਲੇ 7,783 ਮੈਗਾਵਾਟ ਸੀ, ਜੋ ਕਿ 13 ਫੀਸਦੀ ਦਾ ਵਾਧਾ ਦਰਸਾਉਂਦੀ ਹੈ। 24 ਦਸੰਬਰ ਨੂੰ ਮੰਗ ਵਧ ਕੇ 8,008 ਮੈਗਾਵਾਟ ਹੋ ਗਈ, ਜੋ ਪਿਛਲੇ ਸਾਲ ਇਸੇ ਦਿਨ 6,789 ਮੈਗਾਵਾਟ ਸੀ। ਇਸ 'ਚ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ, 15 ਦਸੰਬਰ ਨੂੰ ਕੁੱਲ ਖਪਤ 7,239 ਮੈਗਾਵਾਟ ਸੀ ਜੋ ਪਿਛਲੇ ਸਾਲ 6,460 ਮੈਗਾਵਾਟ ਸੀ, ਜੋ ਕਿ 12 ਪ੍ਰਤੀਸ਼ਤ ਵੱਧ ਹੈ।
ਸਿਰਫ ਦੋ ਦਿਨ ਮੰਗ ਘੱਟ ਰਹੀ
ਸਿਰਫ ਦੋ ਦਿਨਾਂ, 18 ਅਤੇ 20 ਦਸੰਬਰ ਨੂੰ, ਪੰਜਾਬ ਵਿੱਚ ਪਿਛਲੇ ਸਾਲ ਦੇ ਸਮਾਨ ਦਿਨਾਂ ਦੇ ਮੁਕਾਬਲੇ ਹਰ ਦਿਨ ਖਪਤ ਵਿੱਚ 4 ਪ੍ਰਤੀਸ਼ਤ ਦੀ ਕਮੀ ਆਈ ਹੈ। ਜਿੱਥੇ 18 ਦਸੰਬਰ ਨੂੰ ਮੰਗ 6951 ਮੈਗਾਵਾਟ ਸੀ, ਉਥੇ ਪਿਛਲੇ ਸਾਲ ਇਹ 7,204 ਮੈਗਾਵਾਟ ਸੀ। 20 ਦਸੰਬਰ ਨੂੰ ਮੰਗ ਪਿਛਲੇ ਸਾਲ 6,889 ਮੈਗਾਵਾਟ ਦੇ ਮੁਕਾਬਲੇ 6,596 ਮੈਗਾਵਾਟ ਸੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਦੀ ਮੰਗ ਵਿੱਚ 5 ਫੀਸਦੀ ਦਾ ਵੀ ਵਾਧਾ ਹੁੰਦਾ ਹੈ ਤਾਂ ਇਸ ਬਦਲਾਅ ਨੂੰ ਸਖਤ ਨਹੀਂ ਮੰਨਿਆ ਜਾਂਦਾ ਪਰ ਕਈ ਦਿਨ ਅਜਿਹੇ ਵੀ ਆਏ ਹਨ ਜਦੋਂ ਮੰਗ 19 ਫੀਸਦੀ ਜਾਂ ਇਸ ਤੋਂ ਵੱਧ ਵਧ ਗਈ ਹੈ। ਇਹ ਦਰਸਾਉਂਦਾ ਹੈ ਕਿ ਜਿਹੜੇ ਪਰਿਵਾਰ ਘੱਟ ਯੂਨਿਟਾਂ ਦੀ ਵਰਤੋਂ ਕਰ ਰਹੇ ਸਨ, ਉਹ ਇੱਕ ਮਹੀਨੇ ਵਿੱਚ 300 ਮੁਫ਼ਤ ਯੂਨਿਟ (Punjab zero power bills) ਵਰਤ ਰਹੇ ਹਨ। ਗੌਰਤਲਬ ਹੈ ਕਿ ਸਰਕਾਰ ਨੇ ਜੁਲਾਈ ਤੋਂ 300 ਮੁਫਤ ਯੂਨਿਟਾਂ ਨੂੰ ਲਾਗੂ ਕੀਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Bills, Electricity, Electricity Bill, Punjab