ਪ੍ਰਸਿੱਧ ਹਾਸ-ਰਸ  ਕਲਾਕਾਰ ਤੇ ਖੇਤੀ ਵਿਗਿਆਨੀ ਜਸਵਿੰਦਰ ਭੱਲਾ ਪੀਏਯੂ ਤੋਂ ਸੇਵਾ ਮੁਕਤ ਹੋਏ

News18 Punjabi | News18 Punjab
Updated: May 31, 2020, 7:05 PM IST
share image
ਪ੍ਰਸਿੱਧ ਹਾਸ-ਰਸ  ਕਲਾਕਾਰ ਤੇ ਖੇਤੀ ਵਿਗਿਆਨੀ ਜਸਵਿੰਦਰ ਭੱਲਾ ਪੀਏਯੂ ਤੋਂ ਸੇਵਾ ਮੁਕਤ ਹੋਏ
ਪ੍ਰਸਿੱਧ ਹਾਸ-ਰਸ  ਕਲਾਕਾਰ ਤੇ ਖੇਤੀ ਵਿਗਿਆਨੀ ਜਸਵਿੰਦਰ ਭੱਲਾ ਪੀਏਯੂ ਤੋਂ ਸੇਵਾ ਮੁਕਤ ਹੋਏ

ਡਾ ਭੱਲਾ ਦੇ ਫੇਸਬੁੱਕ ਆਫੀਸ਼ਲ ਪੇਜ ਤੋਂ ਆਨਲਾਈਨ ਪ੍ਰਸਾਰਿਤ ਹੋਇਆ ਵਿਦਾਇਗੀ ਸਮਾਗਮ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ

ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਅਤੇ ਪੀ ਏ ਯੂ ਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਕਾਰਜਸ਼ੀਲ ਪ੍ਰਸਿੱਧ ਖੇਤੀ ਵਿਗਿਆਨੀ ਡਾ ਜਸਵਿੰਦਰ ਸਿੰਘ ਭੱਲਾ ਅੱਜ ਪੀ ਏ ਯੂ ਤੋਂ ਸੇਵਾ ਮੁਕਤ ਹੋ ਗਏ। ਇਸ ਮੌਕੇ ਯੂਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਉੱਚ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੇ ਡਾ ਭੱਲਾ ਦੀ ਦੇਣ ਨੂੰ ਯਾਦ ਕੀਤਾ। ਕੋਵਿਡ -19 ਤੋਂ ਸੁਰੱਖਿਆ ਲਈ ਸਰਕਾਰੀ ਹਿਦਾਇਤਾਂ ਦੇ ਮੱਦੇਨਜ਼ਰ ਡਾ ਭੱਲਾ ਦੀ ਸੇਵਾਮੁਕਤੀ ਦਾ ਸਮਾਗਮ ਉਨ੍ਹਾਂ ਦੇ ਫੇਸਬੁੱਕ ਪੇਜ ਤੋਂ ਪੂਰੀ ਦੁਨੀਆ ਵਿਚ ਆਨਲਾਈਨ ਪ੍ਰਸਾਰਿਤ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਕੇ ਐੱਸ ਔਲਖ ਅਤੇ ਡਾ ਮਨਜੀਤ ਸਿੰਘ ਕੰਗ ਵੀ ਇਸ ਵਾਰਤਾ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਅੱਸੀਵਿਆਂ ਦੇ ਆਖ਼ਰੀ ਸਾਲਾਂ ਵਿੱਚ ਪੀ ਏ ਯੂ ਦੇ ਮੰਚਾਂ ਤੋਂ ਆਪਣੀ ਅਦਾਕਾਰੀ ਦਾ ਸਫ਼ਰ ਵਿਦਿਆਰਥੀ ਵਜੋਂ ਸ਼ੁਰੂ ਕਰਨ ਵਾਲੇ ਡਾ ਭੱਲਾ 1989 ਵਿੱਚ ਪਸਾਰ ਸਿੱਖਿਆ ਵਿਭਾਗ ਵਿਚ ਅਧਿਆਪਕ ਵਜੋਂ ਪੀ ਏ ਯੂ ਦਾ ਹਿੱਸਾ ਬਣੇ। ਤੀਹ ਸਾਲ ਤੋਂ ਵਧੇਰੇ ਸਮਾਂ ਉਨ੍ਹਾਂ ਨੇ ਨਾ ਸਿਰਫ਼ ਪੰਜਾਬੀ ਫ਼ਿਲਮ ਉਦਯੋਗ ਵਿੱਚ ਇਕ ਅਦਾਕਾਰ ਵਜੋਂ ਸਫ਼ਲਤਾ ਹਾਸਿਲ ਕੀਤੀ ਬਲਕਿ ਉਹ ਸਾਧਾਰਨ ਜਨਤਾ ਵਿੱਚ ਪੀ ਏ ਯੂ ਦਾ ਮਕਬੂਲ ਚਿਹਰਾ ਬਣੇ ਰਹੇ। ਕਿਸਾਨ ਮੇਲਿਆਂ ਦੇ ਮੰਚਾਂ ਤੋਂ ਡਾ ਭੱਲਾ ਆਪਣੀ ਚੁਸਤ ਅਤੇ ਹਾਜ਼ਰ-ਜਵਾਬ ਸੰਚਾਲਨਾ ਲਈ ਜਾਣੇ ਜਾਂਦੇ ਸਨ। ਮੌਜੂਦਾ ਸਮੇਂ ਉਹ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਕਾਰਜਸ਼ੀਲ ਸਨ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਪ੍ਰਧਾਨਗੀ ਸ਼ਬਦਾਂ ਵਿਚ ਡਾ ਭੱਲਾ ਨੂੰ ਖੇਤੀ ਪਸਾਰ ਮਾਹਿਰ ਅਤੇ ਅਦਾਕਾਰੀ ਦਾ ਸੁੰਦਰ ਸੁਮੇਲ ਕਿਹਾ। ਉਨ੍ਹਾਂ ਕਿਹਾ ਕਿ ਡਾ ਭੱਲਾ ਨੇ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਇੱਕ ਪਸਾਰ ਮਾਹਿਰ ਅਤੇ ਇਕ ਅਦਾਕਾਰ ਵਜੋਂ ਸਫ਼ਲਤਾ ਹਾਸਿਲ ਕੀਤੀ। ਉਨ੍ਹਾਂ ਡਾ ਭੱਲਾ ਨੂੰ ਲੰਮੀ ਅਤੇ ਸਿਹਤਮੰਦ ਉਮਰ ਲਈ ਸ਼ੁਭਕਾਮਨਾ ਦਿੱਤੀ। ਉਨ੍ਹਾਂ ਕਿਹਾ ਕਿ ਪੀ ਏ ਯੂ ਨੂੰ ਹਮੇਸ਼ਾ ਡਾ ਭੱਲਾ ਦੀ ਲੋੜ ਰਹੇਗੀ ਤੇ ਆਸ ਹੈ ਕਿ ਡਾ ਭੱਲਾ ਯੂਨੀਵਰਸਿਟੀ ਨਾਲ ਨਿਰੰਤਰ ਜੁੜੇ ਰਹਿਣਗੇ। ਪੰਜਾਬ ਨੂੰ ਮੌਜੂਦਾ ਦੌਰ ਵਿਚ ਹਰ ਤਰ੍ਹਾਂ ਦੇ ਸੰਕਟ ਵਿਚੋਂ ਕੱਢਣ ਲਈ ਕਲਾਕਾਰਾਂ ਦੇ ਯੋਗਦਾਨ ਬਾਰੇ ਜ਼ਿਕਰ ਕਰਦਿਆਂ ਡਾ ਢਿੱਲੋਂ ਨੇ ਕਿਹਾ ਕਿ ਕਲਾਕਾਰਾਂ, ਅਦਾਕਾਰਾਂ, ਕਲਮਕਾਰਾਂ ਦੇ ਸਿਰ ਵੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਨੂੰ ਸਮਾਜਿਕ ਤੌਰ ਤੇ ਦੁਬਾਰਾ ਉਸਾਰਨ ਲਈ ਅੱਗੇ ਆਉਣ। ਡਾ ਕੇ ਐੱਸ ਔਲਖ ਅਤੇ ਡਾ ਮਨਜੀਤ ਸਿੰਘ ਕੰਗ ਨੇ ਵੀ ਆਪਣੇ ਕਾਰਜਕਾਲ ਦੌਰਾਨ ਭੱਲਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਇਸ ਗੱਲ ਲਈ ਡਾ ਭੱਲਾ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਆਪਣੇ ਕੰਮ ਦੇ ਦੋਵਾਂ ਪਸਾਰਾਂ ਨੂੰ ਇਸ ਦੂਜੇ ਲਈ ਰੁਕਾਵਟ ਨਹੀਂ ਬਣਨ ਦਿੱਤਾ।

ਡਾ ਭੱਲਾ ਨੇ ਆਪਣੇ ਭਾਵਪੂਰਤ ਸੰਦੇਸ਼ ਵਿੱਚ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਪੀ ਏ ਯੂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਉਨ੍ਹਾਂ ਨੂੰ ਸੁਪਨੇ ਸਾਕਾਰ ਕਰਨ ਲਈ ਢੁਕਵਾਂ ਮਾਹੌਲ ਅਤੇ ਯੋਗ ਅਗਵਾਈ ਦਿੱਤੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਿਰਦੇਸ਼ਕ ਪਸਾਰ ਸਿੱਖਿਆ, ਡਾ ਜਸਕਰਨ ਸਿੰਘ ਮਾਹਲ , ਡਾ ਰਵਿੰਦਰ ਕੌਰ ਧਾਲੀਵਾਲ , ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ ਕੁੱਕਲ,  ਸਹਿਕਰਮੀਆਂ, ਯੂਨੀਵਰਸਿਟੀ ਦੀ ਟੀਚਰਜ਼ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਅਤੇ ਟੀਚਿੰਗ- ਨਾਨ ਟੀਚਿੰਗ ਅਮਲੇ ਅਤੇ ਵਿਸ਼ਵ ਭਰ ਵਿੱਚੋਂ ਉੱਨਾਂ ਦੇ ਸਨੇਹੀਆਂ  ਨੇ ਡਾ ਭੱਲਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 
First published: May 31, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading