ਅਮਰੀਕਾ ਰਹਿੰਦੇ ਸਾਇੰਸਦਾਨ ਰਛਪਾਲ ਸਹੋਤਾ ਨੇ CHASING DIGNITY ਨਾਮਕ ਨਾਵਲ ਨਾਲ ਸਾਹਿਤ ਦੀ ਦੁਨੀਆ ਚ ਪਹਿਲਾ ਕਦਮ ਰੱਖਿਆ ਹੈ, ਜੋ ਬੁੱਧਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪਾਠਕਾਂ ਦੇ ਸਪੁਰਦ ਕੀਤੀ ਗਈ। ਕਿਤਾਬ ਭਾਵੇਂ ਅੰਗਰੇਜ਼ੀ 'ਚ ਹੈ, ਪਰ ਕਿਤਾਬ ਦੀ ਪਿੱਠ ਭੂਮੀ ਪੰਜਾਬ ਹੈ ਤੇ ਕਿਤਾਬ ਪੰਜਾਬ ਦੇ ਸਮਾਜ 'ਚ ਜਾਤ-ਪਾਤ ਦਾ ਸੁਆਲ ਚੁੱਕਦੀ ਹੈ।
ਪੰਜਾਬ ਦੇ ਸਾਬਕਾ ਚੀਫ਼ ਸੈਕਟਰੀ ਤੇ ਸਾਬਕਾ ਚੀਫ਼ ਇਨਫਰਮੇਸ਼ਨ ਕਮਿਸ਼ਨਰ ਰਮੇਸ਼ ਇੰਦਰ ਸਿੰਘ ਨੇ ਸਾਬਕਾ IAS, ਲੇਖਕ ਤੇ ਮੋਟੀਵੇਸ਼ਨਲ ਬੁਲਾਰੇ ਅਤੇ TEDx ਸਪੀਕਰ ਵਿਵੇਕ ਅਤਰੇ ਅਤੇ ਨਾਵਲ ਬੰਚ ਦੇ ਫਾਊਂਡਰ ਹਰਦੀਪ ਚਾਂਦਪੁਰੀ ਦੇ ਨਾਲ ਮਿਲ ਕੇ ਪੁਸਤਕ ਰਿਲੀਜ਼ ਕੀਤੀ।
ਲੇਖਕ ਰਛਪਾਲ ਸਹੋਤਾ ਨੇ ਕਿਹਾ ਕਿ ਇਸ ਨਾਵਲ ਦਾ ਵਿਚਾਰ ਕਈ ਸਾਲਾਂ ਤੋਂ ਉਹਨਾਂ ਦੇ ਮਨ ਵਿਚ ਸੀ। ਉਹਨਾਂ ਕਿਹਾ ਕਿ ਖ਼ਾਸ ਤੌਰ 'ਤੇ ਅਸਹਿਣਸ਼ੀਲ ਸਮਾਜ ਤੇ ਜਾਤੀਵਾਦ ਦਾ ਉਹਨਾਂ ਦੇ ਮਨ 'ਤੇ ਡੂੰਘਾ ਪ੍ਰਭਾਵ ਸੀ। ਉਹਨਾਂ ਦੱਸਿਆ ਕਿ ਨਾਵਲ ਦੀ ਕਹਾਣੀ 1980ਵਿਆਂ ਤੇ 90ਵਿਆਂ ਦੇ ਪੰਜਾਬ ਦੀ ਹੈ ਜਦੋਂ ਜਾਤੀਗਤ ਸਮਾਜ ਦਾ ਸ਼ਿਕਾਰ ਨੌਜਵਾਨ ਸਮਾਜਿਕ ਦਬਾਅ ਤੇ ਜਾਤੀਵਾਦੀ ਵਿਤਕਰੇ ਦੇ ਬਾਵਜੂਦ ਪੂਰੀ ਦ੍ਰਿੜ੍ਹਤਾ ਨਾਲ ਅਧਿਆਪਕਾਂ ਤੇ ਆਪਣੀ ਮਾਂ ਦੀ ਮਦਦ ਨਾਲ ਸਫਲਤਾ ਦੇ ਰਾਹ ਪੈਂਦਾ ਹੈ।
ਕਿਤਾਬ ਦੀ ਭੂਮਿਕਾ ਪ੍ਰੋ. ਪ੍ਰੀਤਮ ਸਿੰਘ ਵੱਲੋਂ ਲਿਖੀ ਗਈ ਹੈ ਜੋ ਜ਼ਿਕਰ ਕਰਦੇ ਨੇ ਕਿ ਕਿਵੇਂ ਨਾਵਲ ਦਾ ਮੁੱਖ ਪਾਤਰ ਤੇ ਨਾਵਲ ਦੀ ਕਹਾਣੀ ਪੰਜਾਬ ਦੇ ਸਮਾਜ ਦੀਆਂ ਗੁੰਝਲਾਂ ਨੂੰ ਦਰਸਾਉਂਦੇ ਹਨ। ਉਹ ਦੱਸਦੇ ਹਨ ਕਿ ਕਿਵੇਂ ਹਰ ਪੜਾਅ 'ਤੇ ਮੁਸ਼ਕਲਾਂ ਦੇ ਬਾਵਜੂਦ ਨਾਵਲ ਦਾ ਅੰਤ ਇੱਕ ਉਮੀਦ 'ਤੇ ਹੁੰਦਾ ਹੈ।
ਨਿਊਜ਼ 18 ਪੰਜਾਬ ਨਾਲ ਗੱਲ ਕਰਦਿਆਂ ਸਹੋਤਾ ਨੇ ਕਿਹਾ ਕਿ ਸਮਾਜ 'ਚ ਕਾਫ਼ੀ ਕੁਝ ਪਿਛਲੇ ਸਾਲਾਂ 'ਚ ਬਦਲਿਆ ਹੈ, ਪਰ ਅਜੇ ਵੀ ਬੜਾ ਕੁਝ ਬਦਲਣ ਦੀ ਲੋੜ ਹੈ। ਉਹਨਾਂ ਨੂੰ ਉਮੀਦ ਹੈ ਕਿ ਇਹ ਕਿਤਾਬ ਵੀ ਸਮਾਜ ਚ ਹੋਣ ਵਾਲੇ ਬਦਲਾਅ 'ਚ ਯੋਗਦਾਨ ਪਾਵੇਗੀ।
ਉੱਘੇ ਪੱਤਰਕਾਰ ਬਲਜੀਤ ਬੱਲੀ, ਜਿਨ੍ਹਾਂ ਨੇ ਆਪਣੇ ਡਿਜੀਟਲ ਨਿਊਜ਼ ਮੀਡੀਆ ਪਲੇਟਫ਼ਾਰਮ ਤਿਰਛੀ ਨਜ਼ਰ ਮੀਡੀਆ ਰਾਹੀਂ ਪ੍ਰਕਾਸ਼ਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਹੈ, ਨੇ ਕਿਹਾ ਉਹ ਰਛਪਾਲ ਦੇ ਨਾਵਲ ਦੇ ਸਬੱਬ ਨਾਲ ਹੀ ਪ੍ਰਕਾਸ਼ਕ ਬਣ ਗਏ ਹਨ। ਉਹਨਾਂ ਦੱਸਿਆ ਕਿ ਡਾ. ਸਹੋਤਾ ਦੇ ਨਾਵਲ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਖ਼ਾਸ ਤੌਰ 'ਤੇ ਵਿਦੇਸ਼ਾਂ ਵਿਚ ਵਸਦੇ ਪਰਵਾਸੀ ਭਾਰਤੀਆਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, Author Rachpal Sahota, Chasing Dignity, Novel