ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਮਿਸ਼ਨ ਪੰਜਾਬ ਤਹਿਤ ਪਹਿਲੀ ਵਾਰ ਕਾਂਗਰਸ ਦੇ ਦਿੱਗਜ ਨੇਤਾ ਰਾਹੁਲ ਗਾਂਧੀ (Rahul Gandhi) ਅੱਜ ਪੰਜਾਬ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਾਰ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਰਹੇ ਨਾਲੋ-ਨਾਲ ਨਜ਼ਰ ਆਏ। ਰਾਹੁਲ ਗਾਂਧੀ ਕਾਂਗਰਸ ਉਮੀਦਵਾਰਾਂ ਨਾਲ ਹਰਿਮੰਦਿਰ ਸਾਹਿਬ ਨਤਮਸਤਕ ਹੋਏ ਅਤੇ ਇਕੱਠੇ ਲੰਗਰ ਵੀ ਛਕਿਆ।
ਉਨ੍ਹਾਂ ਦੀ ਆਮਦ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਮੀਡੀਆ ਕਰਮੀਆਂ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਇਕ ਟਵੀਟ ਕਰਕੇ ਰਾਹੁਲ ਗਾਂਧੀ ਨੇ ਕਿਹਾ ਕਿ ਹਰਮੰਦਿਰ ਸਾਹਿਬ ਵਿਖੇ ਕਾਂਗਰਸੀ ਉਮੀਦਵਾਰਾਂ ਨਾਲ ਪੰਜਾਬ ਦੇ ਭਵਿੱਖ ਲਈ ਅਰਦਾਸ ਕੀਤੀ।
ਉਨ੍ਹਾਂ ਇਕੱਠੇ ਬੈਠ ਕੇ ਲੰਗਰ ਦਾ ਪ੍ਰਸ਼ਾਦ ਛਕਿਆ।
ਦੱਸ ਦੇਈਏ ਕਿ ਰਾਹੁਲ ਗਾਂਧੀ ਦਾ ਸਵੇਰੇ 9 ਵਜੇ ਏਅਰਪੋਰਟ ਪਹੁੰਚਣ ਦਾ ਪ੍ਰੋਗਰਾਮ ਸੀ, ਪਰ ਉਹ ਕਰੀਬ 12 ਵਜੇ ਪਹੁੰਚ ਗਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਗਾਂਧੀ ਦਾ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਸਵਾਗਤ ਕੀਤਾ। ਫੇਰ ਸਾਰੇ ਇਕੱਠੇ ਹਰਿਮੰਦਰ ਸਾਹਿਬ ਗਏ। ਉਨ੍ਹਾਂ ਦੇ ਨਾਲ ਕਾਂਗਰਸ ਦੇ 109 ਉਮੀਦਵਾਰ ਵੀ ਸਨ। ਜਦਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰਹਿੰਦੇ ਅੱਠ ਉਮੀਦਵਾਰਾਂ ਅੱਜ ਐਲਾਨ ਕਰਨ ਤੋਂ ਬਾਅਦ ਹੀ ਰਾਹੁਲ ਗਾਂਧੀ ਸਾਰੇ 117 ਉਮੀਦਵਾਰਾਂ ਨਾਲ ਮੱਥਾ ਟੇਕਣਗੇ। ਪਰ ਆਖਿਰੀ ਉਮਦੀਵਾਰਾਂ ਦੀ ਸੂਚੀ ਹਾਲੇ ਜਾਰੀ ਨਹੀਂ ਹੋਈ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਕਾਂਗਰਸੀ ਉਮੀਦਵਾਰਾਂ ਦੇ ਨਾਲ ਸ੍ਰੀ ਦੁਰਗਿਆਣਾ ਮੰਦਿਰ ਅਤੇ ਸ੍ਰੀ ਰਾਮ ਤੀਰਥ ਮੰਦਿਰ ਵਿਖੇ ਮੱਥਾ ਟੇਕਣਗੇ ਅਤੇ ਇੱਥੋਂ ਉਹ ਜਲੰਧਰ ਲਈ ਰਵਾਨਾ ਹੋਣਗੇ। ਫਿਰ ਬਾਅਦ ਦੁਪਹਿਰ 3.30 ਵਜੇ ਤੋਂ ਉਹ ਜਲੰਧਰ ਦੇ ਮਿੱਠਾਪੁਰ ਸਥਿਤ ਵਾਈਟ ਡਾਇਮੰਡ ਰਿਜ਼ੋਰਟ ਤੋਂ 'ਪੰਜਾਬ ਫਤਿਹ' ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਸੜਕੀ ਰਸਤੇ ਆਦਮਪੁਰ ਲਈ ਰਵਾਨਾ ਹੋਣਗੇ ਅਤੇ ਸ਼ਾਮ ਕਰੀਬ 6 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ : ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੂਜੀ ਸੂਚੀ
ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਹੀ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਧਰਮਵੀਰ ਅਗਨੀਹੋਤਰੀ, ਇੰਦਰਬੀਰ ਸਿੰਘ ਬੁਲਾਰੀਆਂ, ਹਰ ਪ੍ਰਤਾਪ ਸਿੰਘ ਅਜਨਾਲਾ, ਜਗਵਿੰਦਰ ਸਿੰਘ ਜੱਗਾ, ਲਾਡੀ ਸ਼ੇਰੋਵਾਲੀਆ, ਅਸ਼ਵਨੀ ਸੇਖੜੀ, ਸੁਨੀਲ ਦੱਤ ਅਤੇ ਹੋਰ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।