ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਿੰਨ ਦਿਨਾ ‘ਖੇਤੀ ਬਚਾਓ ਯਾਤਰਾ’ ਦੀ ਸ਼ੁਰੂਆਤ ਕਰਦਿਆਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਲੜਨ ਅਤੇ ਵੱਡੇ ਕਾਰਪੋਰੇਟਾਂ ਦੀ ਚੁੰਗਲ ਵਿੱਚੋਂ ਕਿਸਾਨੀ ਨੂੰ ਬਚਾਉਣ ਦਾ ਅਹਿਦ ਲਿਆ।
ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ‘ਗਾਰੰਟੀ’ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੇਂਦਰ ਵਿਚ ਸੱਤਾ ‘ਚ ਆਉਂਦਿਆਂ ਹੀ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਮਨਸੂਖ ਕਰਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਵੇਗਾ। ਮੋਗਾ ਅਤੇ ਲੁਧਿਆਣਾ ਜਿਲਿਆਂ ਰਾਹੀਂ ਗੁਜ਼ਰਨ ਵਾਲੀ ਟਰੈਕਟਰ ਰੈਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੋਗਾ ਵਿਚ ਬੱਧਨੀ ਕਲਾਂ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਰ੍ਹਦਿਆਂ ਕਿਹਾ ਕਿ ਉਹ ਆਪਣੇ ਅਰਬਾਂਪਤੀ ਮਿੱਤਰਾਂ ਦੇ 2-3 ਵੱਡੇ ਕਾਰੋਪੇਰਟ ਘਰਾਣਿਆਂ ਦੇ ਹਿੱਤ ਪਾਲਣ ਲਈ ਪਿਛਲੇ ਛੇ ਸਾਲਾਂ ਤੋਂ ਲੋਕਾਂ ਨੂੰ ਝੂਠ ਬੋਲ ਰਹੇ ਹਨ ਅਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ।
ਉਹਨਾਂ ਨੇ ਨੋਟਬੰਦੀ, ਜੀ.ਐਸ.ਟੀ. ਅਤੇ ਕੋਵਿਡ ਦਰਮਿਆਨ ਵੱਡੇ ਉਦਯੋਗਪਤੀਆਂ ਦੇ ਕਰਜੇ ਅਤੇ ਟੈਕਸ ਮੁਆਫ ਕਰਨ ਦਾ ਵੀ ਜਿਕਰ ਕੀਤਾ ਜਦਕਿ ਦੂਜੇ ਪਾਸੇ ਗਰੀਬਾਂ ਅਤੇ ਕਿਸਾਨਾਂ ਨੂੰ ਇਕ ਪੈਸੇ ਦੀ ਵੀ ਇਮਦਾਦ ਨਹੀਂ ਦਿੱਤੀ। ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ, ”ਇਹ ਤੁਹਾਡੀ ਜ਼ਮੀਨ ਅਤੇ ਤੁਹਾਡੇ ਪੈਸੇ ਦਾ ਸਵਾਲ ਹੈ।“ ਉਹਨਾਂ ਨੇ ਜ਼ਮੀਨ ਗ੍ਰਹਿਣ ਕਰਨ ਦੇ ਬਿੱਲ ਦਾ ਵੀ ਜਿਕਰ ਕੀਤਾ ਜਿਸ ਨੂੰ ਯੂ.ਪੀ.ਏ. ਸਰਕਾਰ ਨੇ ਕਿਸਾਨਾਂ ਦੇ ਹੱਕ ਵਿਚ ਸੋਧਿਆ ਸੀ ਪਰ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀਆਂ ਦੀ ਸਹਾਇਤਾ ਨਾਲ ਇਸ ਕਿਸਾਨ ਪੱਖੀ ਕਾਨੂੰਨ ਨੂੰ ਰੱਦ ਕਰ ਦਿੱਤਾ।
ਕਿਸਾਨਾਂ ਨੂੰ ਆਪਣਾ ਅਤੇ ਕਾਂਗਰਸ ਪਾਰਟੀ ਦਾ ਪੂਰਾ ਸਮਰਥਨ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਿਸਾਨਾਂ ਦੀ ਰੋਜੀ-ਰੋਟੀ ਅਤੇ ਨਿਰਬਾਹ ਲਈ ਉਹਨਾਂ ਦੀ ਲੜਾਈ ਵਿਚ ਨਾਲ ਖੜ੍ਹੇ ਹਨ ਜਿਸ ਨੂੰ ਮੋਦੀ ਸਰਕਾਰ ਵੱਲੋਂ ਇਹਨਾਂ ਘਾਤਕ ਕਾਨੂੰਨਾਂ ਰਾਹੀਂ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ,”ਅਸੀਂ ਇਕਜੁਟ ਹੋ ਕੇ ਇਹਨਾਂ ਕਾਨੂੰਨਾਂ ਨੂੰ ਬਦਲ ਦੇਵਾਂਗੇ।“
ਇਹਨਾਂ ਕਾਨੂੰਨਾਂ ਨੂੰ ਕੋਵਿਡ ਦੇ ਸਮੇਂ ਵਿਚ ਅਤੇ ਉਹ ਵੀ ਸੰਸਦ ਵਿਚ ਬਿਨਾਂ ਕਿਸੇ ਬਹਿਸ ਦੇ ਕਿਸਾਨਾਂ ਉਪਰ ਥੋਪਣ ਦੀ ਲੋੜ ਉਤੇ ਸਵਾਲ ਚੁੱਕਦਿਆਂ ਉਹਨਾਂ ਕਿਹਾ ਕਿ ਜੇਕਰ ਕਿਸਾਨ ਇਹਨਾਂ ਕਾਨੂੰਨਾਂ ਨਾਲ ਖੁਸ਼ ਹੁੰਦੇ, ਜਿਵੇਂ ਕਿ ਭਾਰਤ ਸਰਕਾਰ ਦਾਅਵਾ ਕਰ ਰਹੀ ਹੈ, ਤਾਂ ਫੇਰ ਪੰਜਾਬ ਅਤੇ ਮੁਲਕ ਦੇ ਬਾਕੀ ਹਿੱਸੇ ਵਿਚ ਕਿਸਾਨ ਇਸ ਵਿਰੁੱਧ ਅੰਦੋਲਨ ਕਿਉਂ ਕਰ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਨਵੇਂ ਕਾਨੂੰਨ, ਜਿਨ੍ਹਾਂ ਦਾ ਉਦੇਸ਼ ਆਖਰ ਵਿਚ ਘੱਟੋ-ਘੱਟ ਸਮਰਥਨ ਮੁੱਲ ਅਤੇ ਐਫ.ਸੀ.ਆਈ. ਦੀ ਖਰੀਦ ਪ੍ਰਣਾਲੀ ਨੂੰ ਖਤਮ ਕਰਨਾ ਹੈ, ਕਿਸਾਨੀ ਦੀ ਰੀੜ ਦੀ ਹੱਡੀ ਤੋੜ ਕੇ ਰੱਖ ਦੇਣਗੇ ਜਿਵੇਂ ਕਿ ਭਾਰਤ ਉਤੇ ਕਾਬਜ਼ ਹੋਣ ਲਈ ਬਰਤਾਨਵੀ ਹਾਕਮਾਂ ਨੇ ਕੀਤਾ ਸੀ।
ਉਹਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਦੀ ਰੀੜ ਦੀ ਹੱਡੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਸਮੁੱਚਾ ਕਿਸਾਨੀ ਢਾਂਚਾ ਆਪਣੇ ਉਦਯੋਗਪਤੀ ਮਿੱਤਰਾਂ ਦੇ ਹਵਾਲੇ ਕੀਤਾ ਜਾ ਸਕੇ। ਉਹਨਾਂ ਨੇ ਪ੍ਰਣ ਲੈਂਦਿਆਂ ਕਿਹਾ ਕਿ ਅਜਿਹਾ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਤਹੱਈਆ ਕਰਦਿਆਂ ਕਿਹਾ ਕਿਸਾਨਾਂ ਦੀ ਲੜਾਈ ਵਿਚ ਕਾਂਗਰਸ ਡਟ ਕੇ ਨਾਲ ਖੜ੍ਹੀ ਹੈ ਅਤੇ ਅਸੀਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture ordinance, Indian National Congress, Rahul Gandhi