ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ’ਤੇ ਕਾਰੋਬਾਰੀਆਂ ਨੇ ਕਬਜ਼ਾ ਕਰ ਲਿਆ ਸੀ, ਇਸ ਕਾਰਨ ਕਾਂਗਰਸ ਪਾਰਟੀ ਕਮਜ਼ੋਰ ਹੋ ਗਈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਪਿਛਲੇ 20 ਸਾਲਾਂ ਤੋਂ ਇਹ ਕਲਚਰ ਭਾਰੀ ਹੋ ਗਿਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੂੰਜੀਪਤੀ ਸਾਥੀ ਕਾਂਗਰਸ ਪਾਰਟੀ ’ਤੇ ਭਾਰੂ ਹੋ ਗਏ ਸਨ। ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਵੀ ਬਣਾਇਆ, ਉਹ ਤਾਂ ਸਮਝੌਤਾ ਮੁੱਖ ਮੰਤਰੀ ਸਨ, ਚਾਰ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਨਾਰੇ ਵੀ ਕਰ ਦਿੱਤਾ ਪਰ ਉਸ ਵੇਲਾ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਰਾਜਾ ਵੜਿੰਗ ਨੇ ਕਿਹਾ ਕਿ ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਸੀ, ਇਸੇ ਕਾਰਨ 4 ਮਹੀਨੇ ਮੈਂ ਮੰਤਰੀ ਬਣਿਆ, ਫਿਰ ਕਈ ਲੋਕ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਲੜਦੇ ਰਹੇ। ਜਿਸ ਦਾ ਨਤੀਜਾ ਇਹ ਹੋਇਆ ਕਿ ਕਾਂਗਰਸ ਪਾਰਟੀ ਵਿਧਾਨਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਹਾਰ ਗਈ। ਕੈਪਟਨ ਅਮਰਿੰਦਰ ਸਿੰਘ ਵੀ ਬੁਰੀ ਤਰ੍ਹਾਂ ਨਾਲ ਹਾਰ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਪਾਰਟੀ ਨਹੀਂ ਸੀ, ਬਲਕਿ ਕਾਂਗਰਸ ਪਾਰਟੀ ਦੇ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਾਈ ਸੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬਰਨਾਲਾ ਵਿਖੇ ਬਰਨਾਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਦੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਆਏ ਸਨ ਜਿਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਸਾਂਝੀਆਂ ਕੀਤੀਆਂ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਆਉਣ ਵਾਲੀ ਹੈ। ਰਾਹੁਲ ਗਾਂਧੀ ਦੇਸ਼ ’ਚ ਨਫ਼ਰਤ ਬੰਦ ਕਰ ਕੇ ਦੇਸ਼ ਨੂੰ ਜੋੜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ’ਚ ਵੀ ਇਹ ਯਾਤਰਾ ਆਵੇਗੀ।
ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਬਾਅਦ ਸਾਰੇ ਪ੍ਰਧਾਨਾਂ ਦੀ ਮੁੜ ਤੋਂ ਜਾਂਚ ਹੋਵੇਗੀ, ਜਿਹੜੇ ਕਾਂਗਰਸ ਪ੍ਰਧਾਨ ਜਾਂ ਕਿਸੇ ਹੋਰ ਅਹੁਦੇਦਾਰ ਦਾ ਕੰਮਕਾਜ ਵਧੀਆ ਨਹੀਂ ਰਿਹਾ ਉਨ੍ਹਾਂ ਨੂੰ ਬਦਲ ਦਿੱਤਾ ਜਾਵੇਗਾ। ਹੁਣ ਕਾਂਗਰਸ ’ਚ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਪਹਿਲ ਦਿੱਤੀ ਜਾਵੇਗੀ, ਵਰਕਰਾਂ ਦੇ ਸਿਰ ’ਤੇ 2027 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ 100 ਤੋਂ ਵੀ ਵੱਧ ਸੀਟਾਂ ਜਿੱਤ ਕੇ ਪੰਜਾਬ ’ਚ ਨਿਰੋਲ ਆਪਣੀ ਸਰਕਾਰ ਬਣਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarinder Raja Warring, Captain Amarinder Singh, Congress, Punjab