
ਕਾਂਗਰਸ ਦੇ ਨਿਕਲੇ ਦੀਵਾਲੇ ਪਿੱਛੇ ਬਸਪਾ ਦਾ ਉਭਾਰ: ਜਸਵੀਰ ਸਿੰਘ ਗੜ੍ਹੀ
ਜਲੰਧਰ/ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਵਿਚ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਤੇ ਤਿੱਖਾ ਤੰਜ ਕਰਦਿਆਂ ਕਿਹਾ ਕਿ ਕਾਂਗਰਸ ਦੇ ਦੀਵਾਲੇ ਵਿਚ ਬਹੁਜਨ ਸਮਾਜ ਪਾਰਟੀ ਦਾ ਹੱਥ ਹੈ। ਲੋਕ ਸਭਾ 2019 ਦੀਆਂ ਚੋਣਾਂ ਤੋਂ ਬਾਦ ਪੰਜਾਬ ਵਿੱਚ ਬਸਪਾ ਦੀ ਤਾਕਤ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਹਰ ਮੁੱਦੇ ਤੇ ਕਾਂਗਰਸ ਨੂੰ ਪੰਜਾਬ ਦੀਆਂ ਸੜਕਾਂ ਤੇ ਘੇਰ ਲਿਆ। ਜਿਸ ਵਿਚ ਮੁੱਖ ਰੂਪ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਨ ਲਈ ਚਲਾਇਆ ਅੰਦੋਲਨ, ਪਵਿੱਤਰ ਅਪਵਿੱਤਰ ਦੀ ਟਿੱਪਣੀ ਦੇ ਮੁੱਦੇ ਤੇ ਅੰਦੋਲਨ, ਮਾਝੇ ਵਿੱਚ ਨਕਲੀ ਸ਼ਰਾਬ ਨਾਲ ਮਰੇ 137 ਲੋਕਾਂ ਦੇ ਹੱਕ ਚ ਅੰਦੋਲਨ, ਸਿਵਲ ਸੇਵਾਵਾਂ ਵਿਚ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਮੌਕੇ ਘਟਾਏ ਜਾਣ ਤੇ ਅੰਦੋਲਨ ਮੁੱਖ ਸਨ। ਬਸਪਾ ਪੰਜਾਬ ਵੱਲੋਂ ਕੀਤੀ ਗਈ ਦਲਿਤ ਸਮਾਜ ਤੇ ਪਛੜੀਆਂ ਸ਼੍ਰੇਣੀਆਂ ਦੀ ਲਾਮਬੰਦੀ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਦਲਿਤ ਦਲਿਤ ਹੋ ਗਿਆ।
ਸ. ਗੜ੍ਹੀ ਨੇ ਕਿਹਾ ਕਿ ਦਲਿਤ ਰਾਜਨੀਤੀ ਦੇ ਪਾਏ ਪਟਾਕੇ ਅੱਜ ਤੱਕ ਕਾਂਗਰਸ ਵਿਚ ਫੁੱਟ ਰਹੇ ਹਨ, ਤੇ ਕਾਂਗਰਸ ਦੇ ਪੰਜਾਬ ਵਿੱਚੋ ਇੰਨੇ ਪੈਰ ਉੱਖੜ ਚੁੱਕੇ ਹਨ ਕਿ ਕਾਂਗਰਸ ਦਾ ਇਕ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਜੇਲ ਜਾਣ ਦੀ ਤਿਆਰੀ ਵਿਚ ਹੈ, ਦੂਜਾ ਕਾਂਗਰਸ ਦਾ ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਵਿਚ ਚਲੇ ਗਿਆ ਹੈ ਅਤੇ ਤੀਜਾ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਤੇ ਪਾਕਿਸਤਾਨ ਬਾਰਡਰ ਵੱਲ ਦੂਰਬੀਨ ਲਗਾਈ ਬੈਠਾ ਹੈ। ਸੁਨੀਲ ਜਾਖੜ ਦਾ ਭਾਜਪਾ ਵਿਚ ਚਲੇ ਜਾਣਾ ਇੰਝ ਹੈ ਜਿਵੇਂ ਜਾਖੜ ਪਰਿਵਾਰ ਦੀਆ ਤਿੰਨ ਪੀੜ੍ਹੀਆਂ ਦਾ ਭਗਵਾਧਰੀ ਦਾ ਲਬਾਦਾ ਪਾਕੇ ਬੈਠੇ ਨਕਲੀ ਰਾਸ਼ਟਰਵਾਦੀ ਬੇਨਕਾਬ ਹੋਇਆ ਹੈ, ਜੋਕਿ ਅੰਦਰੂਨੀ ਤੌਰ ਤੇ ਨਾਗਪੁਰ ਦੇ ਹੱਥਾਂ ਵਿਚ ਖੇਡ ਰਿਹਾ ਸੀ। ਨਵਜੋਤ ਸਿੱਧੂ ਦਾ 34ਸਾਲ ਪਹਿਲਾਂ ਬਜ਼ੁਰਗ ਦੇ ਮਾਰਿਆ ਪੰਚ (ਮੁੱਕਾ) ਅੱਜ ਦੂਜੀ ਵਾਰ ਸਜਾ ਜਾਫ਼ਤਾ ਕਰ ਗਿਆ। ਸਿੱਧੂ ਦੇ ਸਟੇਜ਼ਾ ਤੋਂ ਮਾਰੇ ਬੇ-ਤੁੱਕੇ ਪੰਚਾਂ ਨੇ ਬਸਪਾ ਦਾ ਕੰਮ ਸੌਖਾ ਕੀਤਾ ਸੀ। ਬਹੁਜਨ ਸਮਾਜ ਪਾਰਟੀ ਪੰਜਾਬੀਆਂ ਨਾਲ ਵਾਅਦਾ ਕਰਦੀ ਹੈ ਕਿ ਉੱਤਰ ਪ੍ਰਦੇਸ਼ ਦੀ ਤਰਜ ਤੇ ਕਾਂਗਰਸ ਨੂੰ ਪੰਜਾਬ ਵਿੱਚ ਮੁੜ ਨਹੀਂ ਉੱਠਣ ਦਿਆਂਗੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।