ਸੁੱਖਵਿੰਦਰ ਸਾਕਾ
ਰੂਪਨਗਰ : ਡੇਂਗੂ ਅਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਅਧੀਨ ਜ਼ਿਲ੍ਹਾ ਪੱਧਰ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ।ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ਉੱਤੇ ਡੇਂਗੂ ਦੀ ਰੋਕਥਾਮ ਲਈ ਪਿੰਡਾਂ ਅਤੇ ਸ਼ਹਿਰਾਂ ਵਿਖੇ ਫੋਗਿੰਗ ਨੂੰ ਯਕੀਨੀ ਕਰਨ ਲਈ ਆਦੇਸ਼ ਦਿੱਤੇ।
ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਡੇਂਗੂ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਰੂਪਨਗਰ ਜ਼ਿਲ੍ਹੇ ਦੇ ਬਲਾਕਾਂ ਦਾ ਮਾਈਕਰੋ ਪਲਾਨ ਬਣਾਇਆ ਜਾਵੇ । ਸਿਹਤ ਵਿਭਾਗ ਅਨੁਸਾਰ ਡੇਂਗੂ ਦਾ ਪ੍ਰਭਾਵ ਜੁਲਾਈ ਤੋਂ ਅਕਤੂਬਰ ਮਹੀਨੇ ਦੌਰਾਨ ਜਿਆਦਾ ਰਹਿੰਦਾ ਹੈ ਪਰ ਪਿਛਲੇ ਸਾਲ ਵਿੱਚ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ । ਜਿਸ ਲਈ ਇਹ ਜਰੂਰੀ ਹੈ ਕਿ ਡੇਂਗੂ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ।
ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਿਛਲੇ ਸਾਲ ਭਰਤਗੜ੍ਹ ਵਿਖੇ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਇਸ ਤਰ੍ਹਾਂ ਹੀ ਜ਼ਿਲ੍ਹੇ ਦੇ ਜਿਨ੍ਹਾਂ ਵੀ ਇਲਾਕਿਆਂ ਵਿੱਚ ਡੇਂਗੂ ਦੀ ਮਾਰ ਜਿਆਦਾ ਪਈ ਹੈ ਉਸ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਜੋ ਡੇਂਗੂ ਦੇ ਵਧੇ ਮਾਮਲਿਆਂ ਦੇ ਕਾਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਰੂਪ-ਰੇਖਾ ਤਿਆਰ ਕੀਤੀ ਜਾ ਸਕੇ । ਉਨ੍ਹਾਂ ਸਿਵਲ ਸਰਜਨ ਡਾ. ਪਰਿੰਮਦਰ ਕੁਮਾਰ ਨੂੰ ਹਦਾਇਤ ਕੀਤੀ ਕਿ ਇਹ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਾਇਵੇਟ ਸਿਹਤ ਸੰਸਥਾਵਾਂ ਯਕੀਨੀ ਕਰਨ ਤਾਂ ਜੋ ਡੇਂਗੂ ਬੁਖਾਰ ਦਾ ਟੈਸਟ ਆਪਣੀ ਲੈਬ 'ਤੇ ਕਰਨ ਉਪਰੰਤ ਮਰੀਜ਼ ਨੂੰ ਅਲਾਇਜਾ ਵਿਧੀ ਨਾਲ ਹੋਣ ਵਾਲੇ ਟੈਸਟ ਲਈ ਸਰਕਾਰੀ ਹਸਪਤਾਲ ਵਿਖੇ ਭੇਜਿਆ ਜਾਵੇ ਅਤੇ ਡੇਂਗੂ ਦੇ ਸ਼ੱਕੀ ਮਰੀਜਾਂ ਦੀ ਜਾਣਕਾਰੀ ਵੀ ਭੇਜੀ ਜਾਵੇ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।