ਸੁੱਖਵਿੰਦਰ ਸਾਕਾ
ਨੰਗਲ ਡੈਮ, ਰੂਪਨਗਰ : ਨੰਗਲ ਕੋਰਟ ਕੰਪਲੈਕਸ ਵਿੱਚ ਜ਼ਰੂਰੀ ਸਹੂਲਤਾਂ ਦੀ ਘਾਟ ਕਾਰਨ ਲਗਾਤਾਰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਵਕੀਲਾਂ ਵੱਲੋਂ ਸਿਵਲ ਕੋਰਟ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਰੋਸ਼ ਪ੍ਰਗਟ ਕਰਦਿਆਂ ਬਾਰ ਐਸੋਸੀਏਸ਼ਨ ਨੰਗਲ ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਹੀਰਾ ਨੇ ਕਿਹਾ ਕਿ ਲਗਾਤਾਰ ਸੰਘਰਸ਼ ਸ਼ੁਰੂ ਕਰਨ ਤੋਂ ਬਾਅਦ ਵਿਆਪਕ ਲੋਕ ਹਿੱਤਾਂ ਦੇ ਜਾਇਜ਼ ਮਸਲਿਆਂ ਦੇ ਹੱਲ ਹੋਣੇ ਸ਼ੁਰੂ ਹੋ ਗਏ ਸਨ। ਪਰ ਸੋਮਵਾਰ ਨੂੰ ਜਿਵੇਂ ਹੀ ਸ਼ੈੱਡ ਦਾ ਕੰਮ ਸ਼ੁਰੂ ਹੋਇਆ ਤਾਂ ਕੁਝ ਦੇਰ ਬਾਅਦ ਹੀ ਕੰਮ ਬੰਦ ਹੋ ਗਿਆ।
ਉਨ੍ਹਾਂ ਕਿਹਾ ਕਿ ਜਿੱਥੇ ਲਾਸ਼ਾਂ ਦੇ ਪੋਸਟਮਾਰਟਮ ਕੰਪਲੈਕਸ ਦੇ ਸਾਹਮਣੇ ਸ਼ੈੱਡ ਬਣਾਉਣ ਦੀ ਗੱਲ ਚੱਲ ਰਹੀ ਹੈ, ਉੱਥੇ ਸਾਰੇ ਵਕੀਲ ਭਰਾ ਵੀ ਸੰਤੁਸ਼ਟ ਨਹੀਂ ਹਨ । ਇਸ ਲਈ ਅਦਾਲਤ ਦੀ ਚਾਰਦੀਵਾਰੀ ਦੇ ਅੰਦਰ ਅਤੇ ਸਾਹਮਣੇ ਸ਼ੈੱਡ ਬਣਾਏ ਜਾਣ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹਫਤੇ 'ਚ ਦੋ ਦਿਨ ਸੋਮਵਾਰ ਅਤੇ ਵੀਰਵਾਰ ਨੂੰ ਸਾਰੇ ਵਕੀਲ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਕੇ ਰੋਸ਼ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਅਦਾਲਤੀ ਚਾਰਦੀਵਾਰੀ ਵਿੱਚ ਬੈਠਣ ਲਈ ਚੈਂਬਰ, ਫੋਟੋ ਸਟੇਟ, ਸਟੈਂਪ ਫਰੋਸ਼ ਵਰਗੀਆਂ ਹੋਰ ਕਈ ਲੋੜੀਂਦੀਆਂ ਸਹੂਲਤਾਂ ਉਪਲਬਧ ਨਹੀਂ ਹਨ । ਜਿਸ ਕਾਰਨ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ ਹੈ । ਅਦਾਲਤ ਵਿੱਚ ਚੱਲ ਰਹੇ ਪੰਜ ਹਜ਼ਾਰ ਤੋਂ ਵੱਧ ਕੇਸਾਂ ਲਈ 50 ਦੇ ਕਰੀਬ ਵਕੀਲ ਸੇਵਾਵਾਂ ਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।