• Home
  • »
  • News
  • »
  • punjab
  • »
  • SANGRUR 4TH CLASS CHILDREN WERE BRUTALLY BEATEN BY THE MASTER AND THE VILLAGERS LOCKED THE STAFF AND LOCKED THE SCHOOL

ਚੌਥੀ ਕਲਾਸ ਦੇ ਬੱਚਿਆਂ ਨੂੰ ਮਾਸਟਰ ਨੇ ਬੇਰਹਿਮੀ ਨਾਲ ਕੁੱਟਿਆ, ਪਿੰਡ ਵਾਸੀਆਂ ਨੇ ਸਟਾਫ ਨੂੰ ਅੰਦਰ ਬੰਦ ਕਰਕੇ ਲਾਇਆ ਜਿੰਦਰਾ

  • Share this:
    Charanjeev Kaushal

    ਸੰਗਰੂਰ ਦੇ ਪਿੰਡ ਬੱਲਰਾਂ ਵਿਖੇ ਇੱਕ ਮਾਸਟਰ ਉੱਪਰ ਬੱਚਿਆਂ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਪਿੰਡ ਵਾਸੀਆਂ ਨੇ ਜਿੱਥੇ ਇਸ ਨੂੰ ਕਥਿਤ ਤੌਰ ਉਤੇ ਨਸ਼ੇੜੀ ਦੱਸਦਿਆਂ ਡਿਸਮਿਸ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਸਕੂਲ ਨੂੰ ਜਿੰਦਰਾ ਲਾ ਕੇ ਸਟਾਫ ਅੰਦਰ ਬੰਦ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ ਹੈ।

    ਬੱਚਿਆਂ ਦੇ ਮਾਪੇ ਬਿੰਦਰ ਸਿੰਘ, ਭਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਹ ਮਾਸਟਰ ਲਵਲੀਨ ਜੋ ਬਰੇਟਾ ਮੰਡੀ  ਤੋਂ ਇੱਥੇ ਪੜ੍ਹਾਉਣ ਲਈ ਆਉਂਦਾ ਹੈ, ਕਥਿਤ ਤੌਰ ਉਤੇ ਚਿੱਟੇ ਦੇ ਨਸ਼ੇ ਨਾਲ ਹਰ ਸਮੇਂ ਟੁੰਨ ਰਹਿੰਦਾ ਹੈ। ਕਈ ਮਹੀਨਿਆਂ ਤੋਂ ਪੜ੍ਹਾਉਣ ਲਈ ਆਇਆ ਹੀ ਨਹੀਂ। ਸਗੋਂ ਆਪਣੀ ਥਾਂ ਉਤੇ 3500 ਰੁਪਏ ਮਹੀਨੇ ਵਿਚ ਇਕ ਅਸਿਸਟੈਂਟ ਰੱਖੀ ਹੋਈ ਹੈ। ਜੇਕਰ ਹੁਣ 2  ਅਪ੍ਰੈਲ ਤੋਂ ਆਉਣ ਲੱਗਾ ਹੈ ਤਾਂ ਉਦੋਂ ਤੋਂ ਕਿਸੇ ਬੱਚੇ ਨੂੰ ਨਹੀਂ ਪੜ੍ਹਾਇਆ।

    ਗਰਮੀ ਦੇ ਬਾਵਜੂਦ ਵੀ ਧੁੱਪੇ ਕੁਰਸੀ ਡਾਹ ਕੇ ਬੈਠ ਜਾਂਦਾ ਹੈ। ਇਸ ਨੇ ਕੱਲ੍ਹ ਚੌਥੀ ਕਲਾਸ ਦੇ 17 ਬੱਚਿਆਂ ਨੂੰ ਬੇਤਹਾਸ਼ਾ ਕੁੱਟਦਿਆਂ ਤੇ ਗੁੱਝੀਆਂ ਸੱਟਾਂ ਮਾਰੀਆਂ। ਜਿਨ੍ਹਾਂ ਵਿਚੋਂ ਇੱਕ ਬੱਚੇ ਨੂੰ ਮੂਨਕ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਤੇ ਫਿਰ ਉਨ੍ਹਾਂ ਨੂੰ ਸੰਗਰੂਰ ਰੈਫਰ ਕੀਤਾ ਗਿਆ।

    ਇਕ ਬੱਚੇ ਦੇ ਸਿਰ ਵਿਚ ਸੱਟਾਂ ਮਾਰਨ ਕਾਰਨ ਚੰਡੀਗੜ੍ਹ ਤੋਂ ਐਮ ਆਰ ਆਈ ਵੀ ਕਰਵਾਉਣੀ ਪਈ। ਸਕੂਲ ਕਮੇਟੀ ਨੇ ਜੇਕਰ ਇਸ ਮਾਸਟਰ ਬਾਰੇ ਸਟਾਫ਼ ਕੋਲੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸੰਬੰਧੀ ਡੀਈਓ ਸੰਗਰੂਰ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ।

    ਇਸ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ...

    ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕੁਲਤਰਨ ਸਿੰਘ ਨੇ ਦੱਸਿਆ ਕਿ ਮੇਰੇ ਕੋਲ ਪ੍ਰਾਇਮਰੀ ਦਾ ਵਾਧੂ ਚਾਰਜ ਹੈ ਅਤੇ ਅੱਜ ਹੀ ਇਹ ਸ਼ਿਕਾਇਤ ਆਈ ਹੈ। ਮੈਂ ਇਨਕੁਆਰੀ ਮਾਰਕ ਕਰ ਦਿੱਤੀ ਹੈ। ਪੁਲਿਸ ਕੋਲੋਂ ਵੀ ਇਸ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਜੋ ਕਾਰਵਾਈ ਬਣਦੀ ਹੋਵੇਗੀ, ਕੀਤੀ ਜਾਵੇਗੀ।

    ਹੁਣ ਪੀੜਤ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਜਦੋਂ ਤੱਕ ਮਾਸਟਰ ਲਵਲੀਨ ਅਤੇ ਡੀਓ ਇੱਥੇ ਨਹੀਂ ਆਉਂਦੇ ਤੇ ਇਸ ਅਧਿਆਪਕ ਨੂੰ ਡਿਸਮਿਸ ਨਹੀਂ ਕਰਦੇ, ਉਦੋਂ ਤੱਕ ਸਟਾਫ਼ ਨੂੰ ਅੰਦਰ ਹੀ ਬੰਦ ਰੱਖਿਆ ਜਾਵੇਗਾ। ਖਬਰ ਲਿਖੇ ਜਾਣ ਤੱਕ ਸਕੂਲ ਨੂੰ ਜਿੰਦਰਾ ਲਾ ਕੇ ਪਿੰਡ ਵਾਸੀਆਂ ਵੱਲੋਂ ਧਰਨਾ ਜਾਰੀ ਸੀ।
    Published by:Gurwinder Singh
    First published: