ਚੰਡੀਗੜ੍ਹ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੂਰੇ ਚੋਣ ਮੋਡ ਵਿੱਚ ਨਜ਼ਰ ਆ ਰਹੇ ਹਨ। ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ 'ਚ ਰੋਡ ਸ਼ੋਅ ਅਤੇ ਰੈਲੀਆਂ ਕਰਨ ਤੋਂ ਬਾਅਦ ਹੁਣ ਉਹ ਪੰਜਾਬ 'ਚ ਜਨਤਾ ਤੱਕ ਪਹੁੰਚ ਕਰਨਗੇ। ਅਰਵਿੰਦ ਕੇਜਰੀਵਾਲ 20 ਜੂਨ ਨੂੰ ਪੰਜਾਬ ਦੇ ਸੰਗਰੂਰ ਵਿੱਚ ਰੋਡ ਸ਼ੋਅ ਕਰਨਗੇ। ਦੱਸ ਦੇਈਏ ਕਿ ਧੂਰੀ ਹਲਕੇ ਤੋਂ ਵਿਧਾਇਕ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਸੀਟ ਖਾਲੀ ਕਰ ਦਿੱਤੀ ਸੀ। 'ਆਪ' ਉਮੀਦਵਾਰ ਗੁਰਮੇਲ ਸਿੰਘ ਦੇ ਸਮਰਥਨ 'ਚ ਮੁੱਖ ਮੰਤਰੀ ਕੇਜਰੀਵਾਲ ਰੋਡ ਸ਼ੋਅ ਕਰਨਗੇ। ਦੱਸ ਦੇਈਏ ਕਿ ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਾਂ ਪੈਣੀਆਂ ਹਨ। ਅਜਿਹੇ 'ਚ ਚੋਣ ਪ੍ਰਚਾਰ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਲੋਕ ਸਭਾ ਚੋਣ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤੇ ਸਨ। ਇਸ ਹਲਕੇ ਵਿੱਚ 23 ਜੂਨ ਨੂੰ ਵੋਟਾਂ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।
ਪੰਜਾਬ ਦੇ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਸ਼ਨੀਵਾਰ ਨੂੰ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਧੂਰੀ ਦੇ ਕਾਲਜ ਵਿੱਚ ਕਥਿਤ ਤੌਰ ’ਤੇ ਵੋਟਾਂ ਮੰਗਣ ਦੇ ਦੋਸ਼ ਹੇਠ ਚੋਣ ਕਮਿਸ਼ਨ ਨੂੰ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਚੋਣ ਕਮਿਸ਼ਨ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਧੂਰੀ ਦੇ ਬੁਰਦਵਾਲ ਸਥਿਤ ਦੇਸ਼ ਭਗਤ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦੀਆਂ ਕਲਾਸਾਂ ਵਿੱਚ ‘ਆਪ’ ਲਈ ਵੋਟਾਂ ਮੰਗ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਕਲੇਰ ਨੇ ਕਿਹਾ ਕਿ ਮੰਤਰੀ ਨੇ ‘ਆਪ’ ਉਮੀਦਵਾਰ ਗੁਰਮੇਲ ਸਿੰਘ ਲਈ ਵੋਟਾਂ ਮੰਗ ਕੇ ਇੱਕ ਵਿਦਿਅਕ ਅਦਾਰੇ ਵਿੱਚ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਆਦਰਸ਼ ਚੋਣ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਹੈ ਸਗੋਂ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਵੀ ਉਲੰਘਣਾ ਹੈ। ਮੰਤਰੀ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਕਿ ਉਹ ਇਸ ਸਬੰਧ ਵਿੱਚ ਸੂਬਾ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਉਲੰਘਣਾਵਾਂ ਨਾ ਹੋਣ। ਇਸ ਦੌਰਾਨ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।