ਚਰਨਜੀਵ ਕੌਸ਼ਲ
ਸੰਗਰੂਰ ਪੁਲਿਸ ਨੇ ਸਰਕਾਰੀ ਦਫਤਰਾਂ 'ਤੇ ਕਾਲੀ ਮਾਤਾ ਮੰਦਰ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿੱਖਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੰਨਾਂ ਮੁਲਜ਼ਮਾਂ ਵੱਲੋਂ ਸ਼ਹਿਰ ਵਿੱਚ 19-20 ਜੂਨ ਦੀ ਰਾਤ ਨੂੰ ਕਾਲੀ ਮਾਤਾ ਮੰਦਰ ਦੀਆਂ ਬਾਹਰਲੀਆਂ ਕੰਧਾਂ ਅਤੇ ਦਰਵਾਜ਼ਿਆਂ ’ਤੇ ਅਤੇ 26-27 ਜੂਨ ਨੂੰ ਸਰਕਾਰੀ ਦਫ਼ਤਰਾਂ ਦੀਆਂ ਕੰਧਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਅਤੇ ਐਸਐਫਜੇ ਦੇ ਨਾਅਰੇ ਲਿਖੇ ਹੋਏ ਸਨ। ਜਿਸ ਦੀ ਜਿੰਮੇਵਾਰੀ ਸਿੱਖਸ ਫ਼ਾਰ ਜਸਟਿਸ(Sikhs for Justice) ਦੇ ਮੁਖੀ ਗੁਰਪਤਵੰਤ ਪੰਨੂ (Gurpatwant Singh Pannu) ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਲਈ ਸੀ।
ਇਸ ਮਾਮਲੇ 'ਚ ਸੰਗਰੂਰ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਹੋਰ ਜਾਣਕਾਰੀ ਇਕੱਠੀ ਕਰਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਮੀਦੀ ਦੇ 38 ਸਾਲਾ ਰੇਸ਼ਮ ਸਿੰਘ , ਸੰਗਰੂਰ ਜ਼ਿਲ੍ਹੇ ਦੇ ਪਿੰਡ ਕਹਿਰ ਸਿੰਘ ਥਾਣਾ ਲੌਂਗੋਵਾਲ ਦੇ 19 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਇਸੇ ਪਿੰਡ ਦੇ 45 ਸਾਲਾ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਪਾਸੋਂ ਮੌਕੇ ਤੋਂ 5 ਮੋਬਾਈਲ ਫ਼ੋਨ, 5 ਮੋਬਾਈਲ ਸਿਮ ਕਾਰਡ, ਦੋ ਮੋਟਰਸਾਈਕਲ, ਤਿੰਨ ਬੋਤਲਾਂ ਪੇਂਟ ਸਪਰੇਅ ਅਤੇ ਪਹਿਨੇ ਹੋਏ ਵੱਖ-ਵੱਖ ਕੱਪੜੇ ਬਰਾਮਦ ਕੀਤੇ ਗਏ ਹਨ। ਇਹ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਹੋਰ ਕੱਪੜੇ ਪਾ ਕੇ ਜਾਂਦੇ ਸਨ ਅਤੇ ਵਾਪਸ ਆਉਂਦੇ ਸਮੇਂ ਉਹ ਆਪਣੀ ਦਿੱਖ ਬਦਲਦੇ ਸਨ। ਸੀਸੀਟੀਵੀ ਫੁਟੇਜ ਦੀ ਜਾਂਚ ਕਰਦੇ ਸਮੇਂ ਉਨ੍ਹਾਂ ਨੂੰ ਲੱਭਣਾ ਮੁਸ਼ਕਲ ਹੋ ਗਿਆ ਸੀ।
ਐਸਐਸਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਇਹ ਤਿੰਨੇ ਮੁਲਜ਼ਮ ਪੈਸਿਆਂ ਲਈ ਕੰਮ ਕਰਦੇ ਸਨ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਲਈ ਇਹ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਬਾਹਰੋਂ ਟਰਾਂਸਫਰ ਕੀਤੇ ਜਾਂਦੇ ਸਨ, ਜਿਸ ਲਈ ਇਹ ਲੋਕ ਕੰਮ ਕਰਦੇ ਸਨ।
ਐਸਐਸਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਅਸੀਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਸੰਗਰੂਰ ਵਿੱਚ ਨਾਅਰੇ ਲਿਖਣ ਦੇ ਨਾਲ-ਨਾਲ ਇਨ੍ਹਾਂ ਵਿਅਕਤੀਆਂ ਨੇ ਕਰਨਾਲ ਵਿੱਚ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉੱਥੇ ਵੀ ਇਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ।
ਗੁਰਪਤਵੰਤ ਪੰਨੂ 'ਤੇ ਹੋਈ ਕਾਰਵਾਈ 'ਤੇ ਐੱਸਐੱਸਪੀ ਨੇ ਕਿਹਾ ਕਿ ਸਾਰੇ ਮਾਮਲਿਆਂ 'ਚ ਪੁਲਿਸ ਵੱਲੋਂ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਰੈੱਡ ਕਾਰਨਰ ਨੋਟਿਸ ਬਹੁਤ ਵੱਡੀ ਕਾਰਵਾਈ ਹੈ, ਸਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਰੈੱਡ ਕਾਰਨਰ ਨੋਟਿਸ ਸਾਹਮਣੇ ਆਇਆ ਹੈ। ਜਦੋਂ ਉਸ ਥਾਂ ਤੋਂ ਉਸ ਵਿਅਕਤੀ ਵਿਰੁੱਧ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਹਨ, ਤਾਂ ਉਸ ਵਿਅਕਤੀ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ।
ਗੁਰਪਤਵੰਤ ਪੰਨੂ ਵੱਲੋਂ ਐਸਐਸਸੀ ਮਨਦੀਪ ਸਿੱਧੂ ਨੂੰ ਦਿੱਤੀ ਧਮਕੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਾਡਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੈ, ਸਾਨੂੰ ਅਜਿਹੀਆਂ ਧਮਕੀਆਂ ਨਾਲ ਕੋਈ ਫਰਕ ਨਹੀਂ ਪੈਂਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Khalistan, Punjab Police, Sangrur, Sikhs For Justice