
ਸਰਵਣ ਸਿੰਘ ਫਿਲੌਰ ਨੇ ਛੱਡੀ ਕਾਂਗਰਸ, ਅਕਾਲੀ ਦਲ ਸੰਯੁਕਤ 'ਚ ਹੋਣਗੇ ਸ਼ਾਮਲ
ਚੰਡੀਗੜ੍ਹ : ਸਾਬਕਾ ਜੇਲ੍ਹ ਮੰਤਰੀ ਅਤੇ ਛੇ ਵਾਰ ਸਾਬਕਾ ਵਿਧਾਇਕ ਸਰਵਣ ਸਿੰਘ ਫਿਲੌਰ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਹੁਣ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ 'ਚ ਸ਼ਾਮਲ ਹੋਣਗੇ। ਸਰਵਣ ਸਿੰਘ ਪਹਿਲਾਂ ਅਕਾਲੀ ਦਲ ਦਾ ਵੀ ਰਹਿ ਹਿੱਸਾ ਰਹਿ ਚੁੱਕੇ ਹਨ। ਸਰਵਣ ਸਿੰਘ ਫਿਲੌਰ ਅਤੇ ਉਨ੍ਹਾਂ ਦੇ ਪੁੱਤਰ ਦਮਨਵੀਰ ਫਿਲੌਰ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਟਿਕਟ ਨਾ ਮਿਲਣ ਮਗਰੋਂ ਕਾਂਗਰਸ ਛੱਡ ਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਦਮਨਵੀਰ ਦੀ ਨਜ਼ਰ ਫਿਲੌਰ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਸੀ ਅਤੇ ਉਹ ਇਲਾਕੇ 'ਚ ਸਰਗਰਮ ਸਨ,ਪਰ ਪਾਰਟੀ ਨੇ 2017 ਦੀਆਂ ਚੋਣਾਂ ਦੇ ਉਪ ਜੇਤੂ ਰਹੇ ਵਿਕਰਮਜੀਤ ਸਿੰਘ ਚੌਧਰੀ ਨੂੰ ਮੈਦਾਨ 'ਚ ਉਤਾਰਨ ਕਾਰਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਚੌਧਰੀ ਪਿਛਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਖਹਿਰਾ ਤੋਂ ਹਾਰ ਗਏ ਸਨ।
ਪਿਓ-ਪੁੱਤ ਦੀ ਜੋੜੀ ਨੂੰ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼ਾਮਲ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਕਰਕੇ ਚੋਣਾਂ ਲੜ ਰਿਹਾ ਹੈ।
ਸਾਬਕਾ ਜੇਲ੍ਹ ਅਤੇ ਸੈਰ ਸਪਾਟਾ ਮੰਤਰੀ ਫਿਲੌਰ ਨਵੰਬਰ 2016 ਵਿੱਚ ਅਕਾਲੀਆਂ ਵੱਲੋਂ ਲਗਾਤਾਰ ਅਣਦੇਖੀ ਕੀਤੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਭੋਲਾ ਡਰੱਗ ਰੈਕੇਟ 'ਚ ਉਨ੍ਹਾਂ ਦੇ ਪੁੱਤਰ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਤੋਂ ਅਸਤੀਫਾ ਦੇਣਾ ਪਿਆ ਸੀ।
ਸਾਬਕਾ ਮੰਤਰੀ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਕਾਂਗਰਸ ਛੱਡਣ ਵਾਲੇ ਤਾਜ਼ਾ ਆਗੂ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।