"ਹਰ ਕਿਸੇ ਨੂੰ ਆਪਣੇ ਫ਼ੈਸਲੇ ਲੈਣ ਦਾ ਅਧਿਕਾਰ ਹੈ, ਕੈਪਟਨ ਸਾਹਬ ਬੇਸ਼ੱਕ ਇੱਛਾ ਅਨੁਸਾਰ ਪਾਰਟੀ ਬਣਾ ਲੈਣ, ਪਰ ਅਜਿਹਾ ਕਰਕੇ ਉਹ ਵੱਡੀ ਗਲਤੀ ਕਰਨਗੇ " ਇਹ ਲਫ਼ਜ਼ ਹਨ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ, ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਾਂ ਸਿਆਸੀ ਦਲ ਬਨਾਉਣ ਦੇ ਦਿੱਤੇ ਸੰਕੇਤ 'ਤੇ ਕੁੱਝ ਇਸੇ ਅੰਦਾਜ਼ 'ਚ ਹਮਲਾ ਬੋਲਿਆ ਹੈ।
ਸੁਖਜਿੰਦਰ ਰੰਧਾਵਾ ਮੁਤਾਬਕ ਕੈਪਟਨ ਦੇ ਜਾਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਉਨ੍ਹਾਂ ਦੇ ਪਾਰਟੀ 'ਚ ਹੋਣ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਹੈ। 2017 ਦੀਆਂ ਚੋਣਾਂ ਕੈਪਟਨ ਦੇ ਚਿਹਰੇ 'ਤੇ ਜਿੱਤਣ ਵਾਲੀ ਕਾਂਗਰਸ ਦੇ ਸੀਨੀਅਰ ਲੀਡਰ ਤੇ ਕਦੇ ਕੈਪਟਨ ਦੇ ਖਾਸ ਰਹੇ ਹਨ ਰੰਧਾਵਾ, ਪਰ ਅੱਜ ਉਨ੍ਹਾਂ ਵੱਲੋਂ ਕਾਂਗਰਸ ਨੂੰ ਟੱਕਰ ਦੇਣ ਲਈ ਲਏ ਸਿਆਸੀ ਫ਼ੈਸਲੇ 'ਤੇ ਉਹ ਕਹਿੰਦੇ ਹਨ ਕਿ "ਕੈਪਟਨ ਦਾ ਪੰਜਾਬ ਚ ਇੱਕ ਚਿਹਰਾ ਸੀ, ਉਸ ਚਿਹਰੇ 'ਤੇ ਦਾਗ ਜਰੂਰ ਲੱਗੇਗਾ"
ਦਰਅਸਲ ਕੈਪਟਨ ਅਮਰਿੰਦਰ ਸਿੰਘ ਕੱਲ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕਰਨ ਜਾ ਰਹੇ ਹਨ, ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਨਵੀਂ ਪਾਰਟੀ ਬਣਾਉਣ ਬਾਰੇ ਵੀ ਐਲਾਨ ਕਰ ਸਕਦੇ ਹਨ, ਜਿਸ ਬਾਰੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ।
ਕੈਪਟਨ ਖੁਦ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਕਿਸਾਨੀ ਮਸਲਾ ਹੱਲ ਹੁੰਦਾ ਹੈ ਤਾਂ ਉਹ ਬੀਜੇਪੀ ਦਾ ਸਮਰਥਨ ਵੀ ਲੈ ਸਕਦੇ ਹਨ, ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਕਾਂਗਰਸ ਨੂੰ 2022 ਦੀਆਂ ਚੋਣਾਂ 'ਚ ਨੁਕਸਾਨ ਪਹੁੰਚਾਉਣਾ ਹੈ।
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ 'ਚ ਮੰਤਰੀ ਰਹੇ ਤੇ ਕਿਸੇ ਸਮੇਂ ਬੇਹੱਦ ਖਾਸ ਮੰਨੇ ਜਾਂਦੇ ਸੁਖਜਿੰਦਰ ਰੰਧਾਵਾ ਤੇ ਕੈਪਟਨ ਹੁਣ ਅਰੂਸਾ ਆਲਮ ਦੇ ਮੁੱਦੇ 'ਤੇ ਆਹਮੋ ਸਾਹਮਣੇ ਹਨ। ਹਾਲਾਂਕਿ ਰੰਧਾਵਾ ਇਸ ਤੋਂ ਪਹਿਲਾਂ ਕਦੇ ਵੀ ਕੈਪਟਨ ਅਮਰਿੰਦਰ 'ਤੇ ਨਿੱਜੀ ਹਮਲੇ ਕਰਦੇ ਨਹੀਂ ਦੇਖੇ ਗਏ, ਕਿਸੇ ਵੀ ਕਿਸਮ ਦੇ ਵਿਰੋਧੀ ਹਲਾਤਾਂ ਚ ਵੀ ਉਨ੍ਹਾਂ ਕੈਪਟਨ ਨੂੰ ਆਪਣੇ ਪਿਤਾ ਸਮਾਨ ਦੱਸਿਆ ਤੇ ਨਿੱਜੀ ਹਮਲਾ ਨਹੀਂ ਸੀ ਕੀਤਾ, ਪਰ ਹੁਣ ਹਲਾਤ ਬਦਲ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Captain Amarinder Singh, Punjab Congress, Randhawa, Sukhjinder