ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਇਨ ਬਦਲੀਆਂ ਅਪਲਾਈ ਕਰਨ ਦੀ ਤਾਰੀਕ ‘ਚ 7 ਮਾਰਚ ਤੱਕ ਕੀਤਾ ਵਾਧਾ: ਵਿਜੈ ਇੰਦਰ ਸਿੰਗਲਾ

ਵਿਭਾਗ ਵੱਲੋਂ ਨਹੀਂ ਕੀਤੀ ਜਾ ਰਹੀ ਅਧਿਆਪਕਾਂ ਦੀ ਰੈਸ਼ਨਲਾਈਜ਼ੇਸ਼ਨ
ਵਿਭਾਗ ਵੱਲੋਂ ਨਹੀਂ ਕੀਤੀ ਜਾ ਰਹੀ ਅਧਿਆਪਕਾਂ ਦੀ ਰੈਸ਼ਨਲਾਈਜ਼ੇਸ਼ਨ
- news18-Punjabi
- Last Updated: March 4, 2021, 8:51 PM IST
ਚੰਡੀਗੜ੍ਹ :ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਾਰਜਸ਼ੀਲ ਵੱਖ-ਵੱਖ ਕਾਡਰਾਂ ਦੇ ਅਧਿਆਪਕਾਂ, ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ, ਕੰਪਿਊਟਰ ਫੈਕਲਟੀਜ਼, ਸਿੱਖਿਆ ਕਰਮੀਆਂ ਅਤੇ ਵਲੰਟੀਅਰਾਂ ਦੀਆਂ ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਦੀ ਤਾਰੀਕ (ਪ੍ਰਕਿਰਿਆ) ‘ਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਧਿਆਪਕ ਵਰਗ ਦੀ ਮੰਗ ‘ਤੇ ਵਿਭਾਗ ਵੱਲੋਂ 5 ਤੋਂ 7 ਮਾਰਚ ਤੱਕ ਬਦਲੀਆਂ ਲਈ ਅਪਲਾਈ ਕਰਨ ਵਾਸਤੇ ਮੁੜ ਪੋਰਟਲ ਖੋਲ੍ਹਿਆ ਜਾਵੇਗਾ।
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਦੀ ਰੈਸ਼ਨਲਾਈਜ਼ੇਸ਼ਨ ਨਹੀਂ ਕੀਤੀ ਜਾ ਰਹੀ। ਵਿਭਾਗ ਵੱਲੋਂ ਸਕੂਲਾਂ ਵਿੱਚ ਮੌਜੂਦ ਅਸਾਮੀਆਂ ਵਿੱਚੋਂ ਕਿਸੇ ਵੀ ਤਰ੍ਹਾਂ ਦੀਆਂ ਅਸਾਮੀਆਂ ਦੀ ਗਿਣਤੀ ਘੱਟ ਨਹੀਂ ਕੀਤੀ ਜਾ ਰਹੀ। ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੀਆਂ ਮੌਜੂਦਾ ਅਸਾਮੀਆਂ ਨੂੰ ਨਾ ਸਿਰਫ ਬਰਕਰਾਰ ਰੱਖਿਆ ਗਿਆ ਹੈ ਸਗੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਕਰਕੇ ਸਰਕਾਰ ਵੱਲੋਂ ਵੱਖ-ਵੱਖ ਵਿਸ਼ਿਆਂ ਦੀਆਂ ਨਵੀਆਂ ਅਸਾਮੀਆਂ ਦੀ ਰਚਨਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਜਿੱਥੇ ਕੰਮ ਕਰ ਰਹੇ ਹਨ ਉਹਨਾਂ ਦੀਆਂ ਅਸਾਮੀਆਂ ਪੋਰਟਲ 'ਤੇ ਦਿਖਾਈ ਦੇ ਰਹੀਆਂ ਹਨ। ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਸ਼ਰਾਰਤੀ ਤੱਤਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ‘ਤੇ ਵਿਸ਼ਵਾਸ਼ ਨਾ ਕਰਨ।
ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਪਾਰਦਰਸ਼ੀ ਢੰਗ ਨਾਲ ਬਦਲੀਆਂ ਕਰਨ ਲਈ ਨਿਰਧਾਰਤ ਕੀਤੀ ਗਈ ਨੀਤੀ ਤਹਿਤ ਆਨ-ਲਾਈਨ ਬਦਲੀਆਂ ਲਈ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪੋਰਟਲ ਰਾਹੀਂ ਵਿਭਾਗ ਵੱਲੋਂ ਪਾਰਦਰਸ਼ੀ ਢੰਗ ਨਾਲ ਸੈਸ਼ਨ 2019-20 ਦੌਰਾਨ 7000 ਤੋਂ ਵੱਧ ਅਧਿਆਪਕਾਂ ਦੇ ਤਬਾਦਲੇ ਹੋਏ।