ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਬੋਰਡ ਪ੍ਰੀਖਿਆ 2023 ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਤੋਂ ਬੇਹਤਰੀਨ ਨਤੀਜੇ ਹਾਂਸਲ ਕਰਨ ਦੇ ਉਦੇਸ਼ ਨਾਲ ਸੂਬੇ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰੰਘ ਬੈਂਸ ਵੱਲੋਂ ਅੱਜ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੁਹਿੰਮ ਦਾ ਉਦੇਸ਼ ਅਗਲੇ ਸਾਲ ਹੋਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਸ਼ਾਨਦਾਰ ਨਤੀਜੇ ਹਾਸਿਲ ਕਰਨ ਦੇ ਨਾਲ-ਨਾਲ ਉਹਨਾਂ ਦੇ ਮਨਾਂ ਵਿੱਚੋਂ ਪ੍ਰੀਖਿਆ ਦੇ ਭੈਅ ਨੂੰ ਖਤਮ ਕਰਕੇ ਭਵਿੱਖ ਦੇ ਵਧੀਆ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ।
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰੰਘ ਬੈਂਸ ਅੱਜ ਇਥੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਯੂਟਿਊਬ ਅਤੇ ਐਜੂਸੈੱਟ ਦੇ ਲਾਇਵ ਪ੍ਰੋਗਰਾਮ ਜਰੀਏ ਪੰਜਾਬ ਦੇ ਲੱਖਾਂ ਲੋਕਾਂ ਦੇ ਰੂਬਰੂ ਹੋਏ, ਜਿਸ ਦੌਰਾਨ ਉਹਨਾਂ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਬੋਲਦਿਆਂ ਸ. ਬੈਂਸ ਨੇ ਕਿਹਾ ਕਿ ਅੱਜ ਦੇ ਸਕੂਲੀ ਵਿਦਿਆਰਥੀ ਹੀ ਪੰਜਾਬ ਦਾ ਭਵਿੱਖ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਪੰਜਾਬ ਅਤੇ ਦੇਸ਼ ਦੀ ਵਾਂਗਡੋਰ ਸਾਂਭਣੀ ਹੈ। ਉਹਨਾਂ ਕਿਹਾ ਪੰਜਾਬ ਦੀ ਸਕੂਲ ਸਿੱਖਿਆ ਨੂੰ ਰੌਚਿਕ ਅਤੇ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿ ਜਿੰਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਲਾਸ਼ੇਰੀ ਰਾਹੀਂ ਵਧੀਆ ਕਾਰਗੁਜਾਰੀ ਦਿਖਾਉਣ ਵਾਸਤੇ ਪ੍ਰੇਰਿਤ ਕਰਨਾ ਹੈ।
‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਅਧੀਨ ਬੋਰਡ ਦੀ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾਏ ਜਾਣਗੇ ਜਿੰਨਾਂ ਵਿੱਚੋਂ ਪਹਿਲੇ ਗਰੁੱਪ ਵਿੱਚ 40% ਤੋਂ ਘੱਟ ਅੰਕ ਲੈਣ ਵਾਲੇ, ਦੂਜੇ ਵਿੱਚ 40% ਤੋਂ 80% ਅੰਕ ਲੈਣ ਵਾਲੇ ਅਤੇ ਤੀਜੇ ਗਰੁੱਪ ਵਿੱਚ 80% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਹਰ ਹਫਤੇ ਕਾਰਗੁਜਾਰੀ ਦਾ ਮੁਲਾਂਕਨ ਕੀਤਾ ਜਾਵੇਗਾ। ਪੜਾਈ ਵਿੱਚ ਕਮਜੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾਏ ਜਾਣਗੇ। ਮਿਸ਼ਨ ਦੀ ਪ੍ਰਾਪਤੀ ਵਾਸਤੇ ਅਧਿਆਪਕ ਆਪਣੀ ਸੁਵਿਧਾ ਅਨੁਸਾਰ ਜੀਰੋ ਪੀਰੀਅਡ ਜਾਂ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸ਼ੇਸ਼ ਕਲਾਸਾਂ ਲਗਾ ਕੇ ਪੜਾਈ ਕਰਵਾਉਣਗੇ। ਸਿੱਖਿਆ ਮੰਤਰੀ ਅਨੁਸਾਰ ਇਸ ਮਿਸ਼ਨ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਉਹ ਪ੍ਰਸੰਸਾ ਪੱਤਰ ਵੀ ਦੇਣਗੇ।
ਇਸ ਮੌਕੇ ਡੀ.ਜੀ.ਐਸ.ਈ. ਵਰਿੰਦਰ ਕੁਮਾਰ ਸ਼ਰਮਾ, ਡੀ.ਪੀ.ਆਈ. ਤੇਜਦੀਪ ਸਿੰਘ ਸੈਣੀ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਡਾ. ਮਨਿੰਦਰ ਸਿੰਘ ਸਰਕਾਰੀਆ ਅਤੇ ਇਸ ਮੁਹਿੰਮ ਦੇ ਨੋਡਲ ਅਫਸਰ ਬਲਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ।
ਡੱਬੀ:
ਸਿੱਖਿਆ ਮੰਤਰੀ ਬੈਂਸ ਨੇ ਖੁਦ ਸੰਭਾਲੀ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਕਮਾਨ: ਕੈਬਨਿਟ ਮੰਤਰੀ ਸ. ਹਰਜੋਤ ਸਿੰੰਘ ਬੈਂਸ ਨੇ ਇਸ ਵਾਰ ਖੁਦ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਕਮਾਨ ਸੰਭਾਲੀ ਹੋਈ ਹੈ। ਸ. ਬੈਂਸ ਨੇ ਇਸ ਮੁਹਿੰਮ ਦੇ ਟੀਚੇ ਅਤੇ ਗਾਈਡਲਾਈਨਜ ਆਪ ਤਿਆਰ ਕੀਤੇ ਹਨ। ਹੋਰ ਤਾਂ ਹੋਰ ਇਸ ਮੁਹਿੰਮ ਦਾ ਲੋਗੋ ਵੀ ਉਹਨਾਂ ਆਪ ਡਿਜਾਈਨ ਕਰਵਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Education Minister, Government schools, Harjot Bains, Harjot Singh Bains, Punjab government