Suraj Bhan
ਬਠਿੰਡਾ: ਲੋਕਾਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੇ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਸਨ ਜਿਸ ਕਰਕੇ ਅੱਜ ਪਹਿਲੇ ਦਿਨ ਸਾਰੇ ਸਕੂਲ ਖੁੱਲ੍ਹੇ ਤਾਂ ਨਜ਼ਰ ਆਏ ਪ੍ਰੰਤੂ ਇਨ੍ਹਾਂ ਵਿੱਚ ਬੱਚੇ ਗੈਰਹਾਜ਼ਰ ਮਿਲੇ।
ਕਿਸੇ ਸਕੂਲ ਵਿੱਚ ਦੋ ਬੱਚੇ ਅਤੇ ਕਿਸੇ ਵਿੱਚ ਗਿਆਰਾਂ ਤੋਂ ਬਾਰਾਂ ਬੱਚੇ ਨਜ਼ਰ ਆਏ। ਕੋਰੋਨਾ ਦੀ ਵਧਦੀ ਹੋਈ ਲਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਸਾਰੇ ਹੀ ਸਕੂਲ ਬੰਦ ਕਰ ਦਿੱਤੇ ਸਨ ਪ੍ਰੰਤੂ ਪੰਜਾਬ ਦੀਆਂ ਕਿਸਾਨ ਯੂਨੀਅਨਜ਼ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਧਮਕੀ ਜਿਸ ਵਿੱਚ ਕਿਹਾ ਗਿਆ ਸੀ ਕਿ ਸੱਤ ਫਰਵਰੀ ਤੱਕ ਸਕੂਲ ਨਾ ਖੋਲ੍ਹੇ ਤਾਂ ਪੰਜਾਬ ਦੀਆਂ ਸਾਰੀਆਂ ਨੈਸ਼ਨਲ ਹਾਈਵੇਅ ਬੰਦ ਕੀਤੀਆਂ ਜਾਣਗੀਆਂ, ਦੇ ਡਰ ਵਜੋਂ ਸਰਕਾਰ ਵੱਲੋਂ ਅੱਜ ਸਾਰੇ ਸਕੂਲ ਖੋਲ੍ਹ ਦਿੱਤੇ।
ਬਠਿੰਡਾ ਦੇ ਪਰਸਰਾਮ ਨਗਰ ਸਥਿਤ ਸ਼ਹੀਦ ਸਿਪਾਹੀ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਜਿੱਥੇ 2700 ਬੱਚੇ ਪੜ੍ਹਦੇ ਹਨ, ਉਨ੍ਹਾਂ ਵਿੱਚੋਂ ਅੱਜ ਸਿਰਫ਼ ਦੋ ਬੱਚੇ ਹੀ ਸਕੂਲ ਪਹੁੰਚੇ, ਬਾਕੀ ਸਾਰੇ ਬੱਚੇ ਘਰਾਂ ਵਿੱਚ ਹੀ ਆਨਲਾਈਨ ਪੜ੍ਹ ਰਹੇ ਹਨ। ਕਿਤੇ ਨਾ ਕਿਤੇ ਕੋਰੋਨਾ ਦਾ ਡਰ ਅਜੇ ਵੀ ਮਾਂ ਬਾਪ ਦੇ ਮਨਾਂ ਵਿੱਚ ਛਾਇਆ ਹੋਇਆ ਹੈ । ਭਾਵੇਂ ਕਿ ਕੇਸ ਨਾ ਮਾਤਰ ਹੀ ਰਹਿ ਗਏ ਹਨ।
ਸਕੂਲ ਅਧਿਆਪਕ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਦਾ ਨਾਂ ਆਉਣ ਦਾ ਕਾਰਨ ਉਨ੍ਹਾਂ ਦੇ ਮਾਂ ਬਾਪ ਹਨ ਜੋ ਅਜੇ ਵੀ ਡਰਦੇ ਹੋਏ। ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ। ਅਸੀਂ ਸਾਰੇ ਟੀਚਰ ਸਕੂਲ ਵਿੱਚ ਹਾਜ਼ਰ ਹਾਂ ਪ੍ਰੰਤੂ ਦੋ ਹੀ ਬੱਚੇ ਆਏ ਹਨ। ਅਸੀਂ ਅਪੀਲ ਕਰਦੇ ਹਾਂ ਮਾਂ ਬਾਪ ਨੂੰ ਕੇ ਸਾਰੇ ਬੱਚਿਆਂ ਨੂੰ ਸਕੂਲ ਵਿੱਚ ਜ਼ਰੂਰ ਭੇਜਣ, ਤਾਂ ਜੋ ਆਉਣ ਵਾਲੇ ਪੇਪਰਾਂ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਜਾ ਸਕੇ।
ਦੂਜੇ ਪਾਸੇ ਪ੍ਰਾਈਵੇਟ ਸਕੂਲ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਾਰੀਆਂ ਕਲਾਸਾਂ ਖਾਲੀ ਨਜ਼ਰ ਆ ਰਹੀਆਂ। ਇਕ ਕਲਾਸ ਵਿਚ ਦੋ ਜਾਂ ਤਿੰਨ ਬੱਚਿਆਂ ਤੋਂ ਜ਼ਿਆਦਾ ਬੱਚੇ ਨਜ਼ਰ ਨਹੀਂ ਆਏ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਲੋਕ ਪ੍ਰਦਰਸ਼ਨ ਕਰ ਰਹੇ ਸੀ ਕਿ ਸਕੂਲਾਂ ਨੂੰ ਖੋਲ੍ਹਿਆ ਜਾਵੇ ਪਰੰਤੂ ਅੱਜ ਸਕੂਲ ਖੁੱਲ੍ਹ ਗਏ ਹਨ ਤਾਂ ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਤਾ ਨਹੀਂ ਕਿਉਂ ਕੰਨੀ ਕਤਰਾ ਰਹੇ ਹਨ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਬੇਫ਼ਿਕਰ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ, ਸਾਡੇ ਵੱਲੋਂ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona vaccine, Coronavirus, Government School, Punjab School Education Board, School timings