
ਕਿਹਾ ਕਿ ਅਯੋਗ ਅਫਸਰ ਨੂੰ ਸੂਬਾ ਪੁਲਿਸ ਮੁਖੀ ਲਗਾਉਣ ਨਾਲ ਪੰਜਾਬ ਪੁਲਿਸ ਦਾ ਸਿਆਸੀਕਰਨ ਹੋਇਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੁਸੈਨੀਵਾਲਾ ਜਾਣ ਸਮੇਂ ਰਾਹ ਵਿਚ ਸੁਰੱਖਿਆ ਵਿਚ ਪ੍ਰਮੁੱਖ ਸੰਨ ਲੱਗਣ ਨੇ ਸਾਬਤ ਕੀਤਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਮਸ਼ੀਨਰੀ ਢਹਿ ਢੇਰੀ ਹੋ ਗਈ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਇਸ ਸੰਕਟ ਵਾਸਤੇ ਜ਼ਿੰਮੇਵਾਰ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਘਟਨਾ ਨੇ ਸਪਸ਼ਟ ਕੀਤਾ ਕਿ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਨੇ ਮੁੱਖ ਮੰਤਰੀ ਨੂੰ ਪੂਰੀ ਤਰ੍ਹਾਂ ਪ੍ਰਭਾਵਹੀਣ ਬਣਾ ਦਿੱਤਾ ਹੈ ਤੇ ਹਾਲਾਤ ਇਹ ਬਣ ਗਏ ਹਨ ਕਿ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਨੁੰ ਕੋਈ ਸਪਸ਼ਟ ਹੁਕਮ ਨਹੀਂ ਦਿੱਤੇ ਜਾ ਰਹੇ। ਇਹ ਗੱਲ ਅੱਜ ਵੇਖਣ ਨੂੰ ਮਿਲੀ ਕਿਉਂਕਿ ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕੋ ਘਟਨਾ ’ਤੇ ਵੱਖੋ ਵੱਖ ਬੋਲੀ ਬੋਲ ਰਹੇ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਹਾਲਾਤ ਪੰਜਾਬ ਕਾਂਗਰਸ ਪਾਰਟੀ ਨੇ ਆਪ ਬਣਾਏ ਹਨ। ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੇ ਖਿਲਾਫ ਬਦਲਾੋਖਰੀ ਵਾਸਤੇ ਝੁਠੇ ਮੁਕੱਦਮੇ ਦਰਜ ਕਰਨ ਦੇ ਚੱਕਰ ਵਿਚ ਕਾਂਗਰਸ ਪਾਰਟੀ ਨੇ ਪੁਲਿਸ ਫੋਰਸ ਅਤੇ ਇਸਦੀ ਕਮਾਂਡਚੇਨ ਹੀ ਤਬਾਹ ਕਰ ਲਈ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਦੋ ਵਾਰ ਫਟਾਫਟ ਦੋ ਡੀ ਜੀ ਪੀ ਬਦਲੇ ਗਏ ਤੇ ਸਿਖ਼ਰਲੇ ਪੱਧਰ ’ਤੇ ਤਬਦੀਲੀਆਂ ਵੱਖਰੀਆਂ ਹੋਈਆਂ। ਮੌਜੂਦਾ ਡੀ ਜੀ ਪੀ ਐਸ ਚਟੋਪਾਧਿਆਏ ਨੂੰ ਸੂਬੇ ਦਾ ਡੀ ਜੀ ਪੀ ਲਗਾ ਦਿੱਤਾ ਗਿਆ ਹਾਲਾਂਕਿ ਉਹ ਇਸ ਵਾਸਤੇ ਅਯੋਗ ਸਨ। ਉਹਨਾਂ ਕਿਹਾ ਕਿ ਕਦੇ ਇਕ ਪ੍ਰੋਫੈਸ਼ਨਲ ਪੁਲਿਸ ਫੋਰ ਰਹੀ ਪੰਜਾਬ ਪੁਲਿਸ ਦਾ ਕਾਂਗਰਸ ਪਾਰਟੀ ਨੇ ਸਿਆਸੀਕਰਨ ਕਰ ਤੇ ਮੌਜੂਦਾ ਹਾਲਾਤ ਬਣ ਗਏ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਸੂਬੇ ਨੁੰ ਚਲਾਉਣ ਦੇ ਯੋਗ ਤੇ ਸਮਰਥ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅਹੁਦੇ ’ਤੇ ਬਣੇ ਰਹਿਣ ਦਾ ਹੁਣ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ। ਉਹਨਾਂ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਪੰਜਾਬ ਵਿਚ ਜੰਗਲ ਰਾਜ ਬਣਿਆ ਹੋਇਆ ਹੈ ਤੇ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਵਾਰ ਵਾਰ ਵਾਪਰ ਰਹੀਆਂ ਘਟਨਾਵਾਂ ਨੇ ਇਹ ਸਾਬਤ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਘੱਟ ਤੋਂ ਘੱਟ ਇਹ ਆਸ ਤਾਂ ਰੱਖੀ ਜਾ ਰਹੀ ਸੀ ਕਿ ਸੂਬੇ ਵਿਚ ਪ੍ਰਧਾਨ ਮੰਤਰੀ ਦਾ ਦੌਰਾ ਸੁਰੱਖਿਅਤ ਤੇ ਸੁਖਾਲਾ ਪ੍ਰਵਾਨ ਚੜ੍ਹੇਗਾ। ਉਹਨਾਂ ਕਿਹਾ ਕਿ ਇਸ ਵਿਚ ਫੇਲ੍ਹ ਹੋਣ ਨੇ ਸਾਬਤ ਕਰ ਦਿੰਤਾ ਹੈ ਕਿ ਸੂਬੇ ਵਿਚ ਆਮ ਆਦਮੀ ਵੀ ਸੁਰੱਖਿਅਤ ਨਹੀਂ ਤੇ ਨਾ ਹੀ ਸੂਬੇ ਵਿਚ ਸ਼ਾਂਤੀ ਹੀ ਸੁਰੱਖਿਅਤ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।