ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੀਤੇ ਦਿਨ ਰਿਲੀਜ ਹੋਏ ਗੀਤ ਵਿੱਚ SYL ਦੇ ਨਾਲ-ਨਾਲ ਬਲਵਿੰਦਰ ਜਟਾਣਾ ਦਾ ਵੀ ਜ਼ਿਕਰ ਹੈ। ਜਟਾਣਾ ਦੀ ਸਾਥੀ ਰਹੀ ਨਿਰਪ੍ਰੀਤ ਕੌਰ ਨੇ SYL ਗੀਤ ਨੂੰ ਬਿਲਕੁਲ ਸਹੀ ਦੱਸਿਆ ਹੈ। ਇਸ ਤੋਂ ਇਲਾਵਾ ਨਿਰਪ੍ਰੀਤ ਨੇ ਜਟਾਣਾ ਵੱਲੋਂ ਇੰਜੀਨੀਅਰ ਨੂੰ ਗੋਲੀ ਮਾਰਨ ਤੋਂ ਲੈ ਕੇ ਹੋਰ ਕਈ ਪਹਿਲੂਆਂ ਤੇ ਨਿਊਜ਼18 ਨਾਲ ਗੱਲਬਾਤ ਕੀਤੀ। 1984 ਦੇ ਕੇਸ ਦੀ ਗਵਾਹ ਅਤੇ ਬਲਵਿੰਦਰ ਸਿੰਘ ਜਟਾਣਾ ਦੀ ਸਾਥੀ ਰਹੀ ਬਿਬਾ ਨਿਰਪ੍ਰੀਤ ਕੌਰ ਨੇ SYL ਗਾਣੇ ਦੀ ਹਿਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਨੌਜਵਾਨ ਮੂਸੇਵਾਲਾ ਦੇ ਗੀਤਾਂ ਰਾਹੀਂ ਐਸਵਾਈਐਲ ਅਤੇ ਜਟਾਣਾ ਬਾਰੇ ਜਾਣ ਰਿਹਾ ਹੈ।
ਨਿਰਪ੍ਰੀਤ ਕੌਰ ਨੇ ਇਲਜ਼ਾਮ ਲਾਇਆ ਕਿ ‘ਬਲਵਿੰਦਰ ਜਟਾਣਾ ਦੇ ਪਰਿਵਾਰ ਨੂੰ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਪੁਲਿਸ ਨੇ ਜ਼ਿੰਦਾ ਸਾੜਿਆ ਸੀ। ਇੱਥੋਂ ਤੱਕ ਕਿ 4 ਸਾਲ ਦੇ ਮਾਸੂਮ ਨੂੰ ਵੀ ਨਹੀਂ ਬਖਸ਼ਿਆ ਸੀ। ਜਟਾਣਾ ਦਾ ਕੇਸ ਮੁੜ ਤੋਂ ਉਠਾਵਾਂਗੀ ਤਾਂ ਉਸਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ।‘
ਉਨ੍ਹਾਂ ਨੇ ਕਿਹਾ ਕਿ ‘ਬਲਵਿੰਦਰ ਸਿੰਘ ਜਟਾਣਾ ਨੇ 26 ਸੈਕਟਰ SYL ਦਫਤਰ 'ਚ ਇੰਜੀਨੀਅਰ ਨੂੰ ਗੋਲੀ ਮਾਰੀ ਸੀ। ਪੁਲਿਸ ਅਤੇ ਸਿਆਸੀ ਲੋਕਾਂ ਦੇ ਤਸ਼ਦੱਦ ਤੋਂ ਤੰਗ ਆ ਕੇ ਜਟਾਣਾ ਨੇ ਹਥਿਆਰ ਚੁੱਕੇ ਸਨ। ਸੁਮੇਧ ਸੈਣੀ ਨੇ ਜਟਾਣਾ ਲਈ ਵਾਂਟੇਡ ਦੇ ਪੋਸਟਰ ਲਗਾਏ ਸਨ ਅਤੇ 16 ਲੱਖ ਦਾ ਇਨਾਮ ਰੱਖਿਆ ਸੀ, ਜਿਸ ਦੇ ਖਿਲਾਫ ਜਟਾਣਾ ਨੇ ਸੈਣੀ ਦੇ ਵੀ ਵਾਂਟੇਡ ਦੇ ਪੋਸਟਰ ਲਗਾਏ ਸਨ। ਇਸੇ ਰੰਜਿਸ ਦੇ ਚੱਲਦਿਆਂ ਪਰਿਵਾਰ ਨੂੰ ਵੀ ਮਾਰਿਆ ਗਿਆ।‘
ਨਿਰਪ੍ਰੀਤ ਕੌਰ ਨੇ ਕਿਹਾ ਕਿ '30 ਨਵੰਬਰ 1991 ਨੂੰ ਪੁਲਿਸ ਉਸ ਦੇ ਘਰ ਪਹੁੰਚੀ। ਜਿੱਥੇ ਜਟਾਣਾ ਤਾਂ ਨਹੀਂ ਮਿਲਿਆ ਪਰ ਪਰਿਵਾਰ ਉਲਝ ਗਿਆ। ਜਟਾਣਾ ਦੀ ਸਾਥੀ ਨਿਰਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਉਸ ਸਮੇਂ ਇੱਕ ਪੂਹਲਾ ਨਿਹੰਗ ਦੀ ਮਦਦ ਨਾਲ ਜਟਾਣਾ ਦੀ ਦਾਦੀ ਦਵਾਰਕੀ ਕੌਰ, ਮਾਸੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਅਤੇ ਭਤੀਜੇ ਸਿਮਰਨਜੀਤ ਸਿੰਘ ਨੂੰ ਪੁਲਿਸ ਨੇ ਜ਼ਿੰਦਾ ਸਾੜ ਦਿੱਤਾ ਸੀ।'

ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ 4 ਸਤੰਬਰ 1991 ਨੂੰ ਜਟਾਣਾ ਆਪਣੇ ਸਾਥੀ ਚਰਨਜੀਤ ਸਿੰਘ ਚੰਨਾ ਨਾਲ ਪਿੰਡ ਸਾਧੂਗੜ੍ਹ ਵੱਲ ਜਾ ਰਿਹਾ ਸੀ। ਦੁਪਹਿਰ ਬਾਅਦ ਉਸ ਨੇ ਅੱਗੇ ਪੁਲੀਸ ਨਾਕਾ ਦੇਖਿਆ। ਜਿਸ ਤੋਂ ਬਾਅਦ ਉਹ ਨੇੜੇ ਸਥਿਤ ਖੇਤਾਂ ਤੋਂ ਭੱਜਣ ਲੱਗਾ। ਉਥੇ ਪੁਲਿਸ ਨੇ ਉਸਨੂੰ ਗੋਲੀ ਮਾਰ ਦਿੱਤੀ ਅਤੇ ਐਨਕਾਉਂਟਰ ਕਰ ਦਿੱਤਾ।
ਨਵੇਂ ਗੀਤ 'ਚ ਸਿੱਧੂ ਮੂਸੇਵਾਲਾ ਨੇ ਪੰਜਾਬ ਲਈ ਮੰਗੀ 'ਖ਼ੁਦਮੁਖ਼ਤਾਰੀ', ਚੰਡੀਗੜ੍ਹ ਹੀ ਨਹੀਂ ਹਿਮਾਚਲ ਤੇ ਹਰਿਆਣਾ ਵੀ ਮੰਗਿਆ..
'ਜੇ ਜਟਾਣਾ ਨੇ ਇਹ ਕਦਮ ਨਾ ਚੁੱਕਿਆ ਹੁੰਦਾ ਤਾਂ ਪੰਜਾਬ ਦਾ ਪਾਣੀ ਚਲਾ ਜਾਂਦਾ' : ਨਿਰਪ੍ਰੀਤ ਕੌਰ
ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ 'ਤੇ ਬੋਲਦਿਆਂ ਨਿਰਪ੍ਰੀਤ ਕੌਰ ਨੇ ਕਿਹਾ ਕਿ ਆਗੂ ਆਪਸ ਵਿੱਚ ਰਲੇ ਹੋਏ ਸੀ ਅਤੇ ਕਿਸੇ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ। ਜੇ ਜਟਾਣਾ ਨੇ ਇਹ ਕੰਮ ਨਾ ਕੀਤਾ ਤਾਂ ਪੰਜਾਬ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਪੰਜਾਬ ਦਾ ਪਾਣੀ ਚਲਾ ਜਾਂਦਾ। ਸਿੱਖ ਕੌਮ ਦਾ ਮੰਨਣਾ ਹੈ ਕਿ ਜਟਾਣਾ ਨੇ ਐਸਵਾਈਐਲ ਨਹਿਰ ਦੀ ਉਸਾਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਪੰਜਾਬ ਦੇ ਆਗੂਆਂ ਨੇ ਐਸਵਾਈਐਲ ਬਾਰੇ ਗੁਪਤ ਸਮਝੌਤਾ ਕੀਤਾ ਸੀ। ਇਸਦੇ ਲਈ ਅਕਾਲੀ ਦਲ ਜਿੰਮੇਵਾਰ ਹੈ। ਸਤਲੁਜ ਯਮੁਨਾ ਲਿੰਕ (SYL) ਨਹਿਰ ਸਮਝੌਤੇ ਤੇ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸ਼ਾਮਲ ਸਨ। ਇਸ ਮੁੱਦੇ ਉੱਤੇ ਹਰ ਸਿਆਸੀ ਪਾਰਟੀ ਨੇ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ ਹਨ।
'ਜਟਾਣਾ ਨਾ ਹੁੰਦੇ ਤਾਂ ਮੇਰੀ ਜਾਨ ਨਾ ਬਚਦੀ'
ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇਕਰ ਬਲਵਿੰਦਰ ਜਟਾਣਾ ਨਾ ਹੁੰਦੇ ਤਾਂ ਮੇਰੀ ਜਾਨ ਨਾ ਬਚਦੀ। 1984 ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਖਿਲਾਫ ਗਵਾਹੀ ਦੇ ਕੇ ਅਸੀਂ ਸਜਾ ਕਰਵਾਈ ਹੈ। ਟਾਡਾ ਤਹਿਤ ਉਸ ਵੇਲੇ ਨਿਰਪ੍ਰੀਤ ਕੌਰ ਤੇ ਕੇਸ ਦਰਜ ਹੋਇਆ ਸੀ ਪਰ ਅੱਜ ਉਹ ਸਾਰੇ ਕੇਸਾਂ ਤੋਂ ਬਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।