ਲੰਬੀ ਵਿਚ ਕਿਸਾਨਾਂ ਨੇ ਕੱਲ੍ਹ ਨਾਇਬ ਤਹਿਸੀਲਦਾਰ ਸਮੇਤ ਹੋਰ ਅਧਿਕਾਰੀਆਂ ਨੂੰ ਤਹਿਸੀਲ ਵਿਚ ਬੰਧਕ ਬਣਾ ਲਿਆ ਸੀ। ਇਸ ਦੌਰਾਨ ਪੁਲਿਸ ਨੇ ਦੇਰ ਰਾਤ ਕਿਸਾਨਾਂ ’ਤੇ ਹਲਕੀ ਤਾਕਤ ਦੀ ਵਰਤੋਂ ਕੀਤੀ ਅਤੇ ਸਾਰੇ ਅਧਿਕਾਰੀਆਂ ਨੂੰ ਉਥੋਂ ਛੁਡਵਾਇਆ। ਹੁਣ ਲੰਬੀ ਥਾਣੇ ਵਿੱਚ ਇੱਕ ਤੋਂ ਡੇਢ ਸੌ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੀ ਰਾਤ ਭਾਰੀ ਗਿਣਤੀ ਪੁਲਿਸ ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰਨ ਵਾਲੇ ਕਿਸਾਨਾਂ 'ਤੇ ਲਾਠੀਚਾਰਜ ਕਰਕੇ ਦਫ਼ਤਰ 'ਚ ਬੰਧੀ ਬਣਾਏ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਛੁਡਵਾ ਲਿਆ। ਲਾਠੀਚਾਰਜ਼ 'ਚ ਛੇ ਕਿਸਾਨ ਅਤੇ ਇੱਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ, ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ 'ਚ ਦਾਖ਼ਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਰਾਤ ਨੂੰ ਕਰੀਬ 11 ਵਜੇ ਪਟਵਾਰੀ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਬੰਧੀ ਬਣਾਉਣ ਖ਼ਿਲਾਫ਼ ਸੜਕ ਜਾਮ ਕਰ ਦਿੱਤਾ। ਕੱਲ੍ਹ ਦੁਪਹਿਰ ਕਿਸਾਨਾਂ ਵੱਲੋਂ ਦਫ਼ਤਰ ’ਚ ਨਾਇਬ ਤਹਿਸੀਲਦਾਰ, ਤਿੰਨ ਪਟਵਾਰੀ, ਤਿੰਨ ਕਲਰਕ ਅਤੇ ਦੋ ਅਪਰੇਟਰ ਅਤੇ ਡਰਾਈਵਰ ਸਮੇਤ 10 ਜਣੇ ਦਫ਼ਤਰ 'ਚ ਘੇਰ ਲਏ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੱਲ੍ਹ ਜਥੇਬੰਦੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲੰਬੀ ਦੇ ਤਹਿਸੀਲਦਾਰ ਦਾ ਘਿਰਾਓ ਕੀਤਾ ਹੋਇਆ ਸੀ, ਜਿੱਥੇ ਪੁਲਿਸ ਵੱਲੋਂ ਕਿਸਾਨਾਂ 'ਤੇ ਅੱਧੀ ਰਾਤ ਨੂੰ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਕਿਸਾਨ ਫੱਟੜ ਹੋਏ ਹਨ। ਦੂਜੇ ਪਾਸੇ ਪੁਲਿਸ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਨਕਾਰਿਆ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharti Kisan Union, Farmers Protest, Kisan andolan