ਟਾਈਟਲਰ ਦਾ ਜਨਮ ਦਿਨ ਮਨਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ: ਲੌਂਗੋਵਾਲ

News18 Punjabi | News18 Punjab
Updated: August 17, 2020, 4:09 PM IST
share image
ਟਾਈਟਲਰ ਦਾ ਜਨਮ ਦਿਨ ਮਨਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ: ਲੌਂਗੋਵਾਲ
ਟਾਈਟਲਰ ਦਾ ਜਨਮ ਦਿਨ ਮਨਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ: ਲੌਂਗੋਵਾਲ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ: ਨਵੰਬਰ 1984 ਵਿਚ ਦਿੱਲੀ ਸਿੱਖ ਕਤਲੇਆਮ ਮਾਮਲੇ ਵਿਚ ਮੁਲਜ਼ਮ ਜਗਦੀਸ਼ ਟਾਈਟਲਰ ਦਾ ਅੰਮ੍ਰਿਤਸਰ ਵਿਖੇ ਕੁਝ ਲੋਕਾਂ ਵੱਲੋਂ ਜਨਮ ਦਿਨ ਮਨਾਉਣ ਅਤੇ ਇਸ ਸਬੰਧ ਵਿਚ ਥਾਂ-ਥਾਂ ਫਲੈਕਸ ਬੋਰਡ ਲਗਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੰਭੀਰ ਨੋਟਿਸ ਲਿਆ ਹੈ।

ਉਨ੍ਹਾਂ ਆਖਿਆ ਕਿ ਜਗਦੀਸ਼ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਅੰਮ੍ਰਿਤਸਰ ਦੇ ਵਸਨੀਕ ਕਰਮਜੀਤ ਸਿੰਘ (ਕਰਮ ਗਿੱਲ) ਨਾਂ ਦੇ ਵਿਅਕਤੀ ਵੱਲੋਂ ਉਸ ਦਾ ਜਨਮ ਦਿਨ ਮਨਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੀ ਵੀ ਸਿੱਖ ਕਤਲੇਆਮ ਨੂੰ ਨਹੀਂ ਭੁੱਲ ਸਕਦੀ। ਇਸ ਕਤਲੇਆਮ ਦੌਰਾਨ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਅਤੇ ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਗਿਆ। ਇਥੋਂ ਤੱਕ ਕੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਜਦੋਂ ਜਗਦੀਸ਼ ਟਾਈਟਲਰ ਵਿਰੁੱਧ ਸਿੱਖਾਂ ਵਿਚ ਲਗਾਤਾਰ ਭਾਰੀ ਰੋਸ ਚਲਦਾ ਆ ਰਿਹਾ ਹੈ, ਤਾਂ ਅਜਿਹੇ ਵਿਚ ਉਕਤ ਵਿਅਕਤੀ ਵੱਲੋਂ ਜਾਣਬੁਝ ਕੇ ਘਨੌਣੀ ਕਾਰਵਾਈ ਕਰਨੀ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਜਿਹੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਬੇਨਕਾਬ ਹੋਣੀਆਂ ਚਾਹੀਦੀਆਂ ਹਨ। ਇਕੱਲਾ ਕਰਮਜੀਤ ਸਿੰਘ ਗਿੱਲ ’ਤੇ ਹੀ ਨਹੀਂ, ਸਗੋਂ ਇਸ ਪਿੱਛੇ ਕੰਮ ਕਰਨ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਪੰਜਾਬ ’ਚ ਸ਼ਾਂਤੀ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਤੇ ਮੂਕ-ਦਰਸ਼ਕ ਬਣ ਕੇ ਨਾ ਵੇਖੇ, ਸਗੋਂ ਸਬੰਧਤ ਵਿਅਕਤੀਆਂ ਪਾਸੋਂ ਸਖ਼ਤੀ ਨਾਲ ਪੁੱਛ ਗਿੱਛ ਕਰ ਕੇ ਹਰ ਚਿਹਰਾ ਜਨਤਕ ਕਰੇ।
Published by: Gurwinder Singh
First published: August 17, 2020, 4:09 PM IST
ਹੋਰ ਪੜ੍ਹੋ
ਅਗਲੀ ਖ਼ਬਰ