ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਲੋੜੀਂਦੇ ਸ਼ੂਟਰ ਜਗਰੂਪ ਰੂਪਾ ਅਤੇ ਮਨੂ ਕੁੱਸਾ ਬਾਰੇ ਸੁਰਾਗ ਮਿਲੇ ਹਨ। ਪੁਲਿਸ ਸੂਤਰਾਂ ਅਨੁਸਾਰ ਅੰਕਿਤ ਸੇਰਸਾ ਤੋਂ ਪੁੱਛਗਿੱਛ ਵਿਚ ਉਸ ਨੇ ਦੱਸਿਆ ਹੈ ਕਿ ਦੋਵੇਂ ਮੁਲਜ਼ਮ ਪੰਜਾਬ ਵਿਚ ਲੁਕੇ ਹੋਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ 2 ਜ਼ਿਲ੍ਹਿਆਂ ਵਿਚ ਛਾਪੇਮਾਰੀ ਵੀ ਕੀਤੀ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰੂਪ ਰੂਪਾ ਅਤੇ ਮਨੂ ਕੁੱਸਾ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ 'ਚ ਲੁਕੇ ਰਹੇ, ਪਰ ਹੁਣ ਉਹ ਪੰਜਾਬ ਤੋਂ ਭੱਜ ਗਏ ਹਨ। ਪੁਲਿਸ ਨੇ ਅੰਕਿਤ ਸੇਰਸਾ ਦੀ ਨਿਸ਼ਾਨਦੇਹੀ ਉਤੇ ਛਾਪੇਮਾਰੀ ਕੀਤੀ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ, ਇਹ ਦੋਵੇਂ ਸ਼ਾਰਪ ਸ਼ੂਟਰ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਫਰਾਰ ਹਨ।
ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਪੰਜਾਬ ਤੋਂ ਦੋ ਸ਼ੂਟਰਾਂ ਨੂੰ ਲੱਭਣ ਲਈ ਪੰਜਾਬ ਪੁਲਿਸ ਵੱਲੋਂ ਇਸੇ ਧੜੇ ਦੇ ਹਰਿਆਣਾ ਨਾਲ ਸਬੰਧਤ ਸ਼ੂਟਰਾਂ ਕੋਲੋਂ ਲਗਾਤਾਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਹਰਿਆਣਵੀਂ ਸ਼ੂਟਰਾਂ ਨੂੰ ਪੰਜਾਬ ਪੁਲਿਸ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਮਾਨਸਾ ਲਿਆਂਦਾ ਗਿਆ ਹੈ।
ਇਨ੍ਹਾਂ ਸ਼ੂਟਰਾਂ ਵਿੱਚ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਸਮੇਤ ਅੰਕਿਤ ਸੇਰਸਾ ਹਰਿਆਣਾ ਨਾਲ ਸਬੰਧਤ ਹਨ, ਜਿਨ੍ਹਾਂ ਨੇ ਦਿੱਲੀ ਪੁਲਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਕੋਲ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਕਬੂਲ ਲਿਆ ਹੈ।
ਪੁਲਿਸ ਇਸ ਵੇਲੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਨੂੰ ਲੱਭਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਛੇ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ।
ਇਸ ਕਤਲ ਵਿੱਚ ਸ਼ੂਟਰਾਂ ਦੇ ਦੋ ਧੜੇ ਸ਼ਾਮਲ ਸਨ। ਪ੍ਰਿਆਵਰਤ ਫੌਜੀ ਦੀ ਅਗਵਾਈ ਵਾਲੇ ਹਰਿਆਣਾ ਧੜੇ ਵਿੱਚ ਕਸ਼ਿਸ਼ ਉਰਫ਼ ਕੁਲਦੀਪ, ਅੰਕਿਤ ਸੇਰਸਾ ਅਤੇ ਦੀਪਕ ਉਰਫ਼ ਮੁੰਡੀ ਸ਼ਾਮਲ ਸਨ, ਜਦੋਂ ਮਨਪ੍ਰੀਤ ਸਿੰਘ ਮੰਨੂ ਅਤੇ ਜਗਰੂਪ ਸਿੰਘ ਰੂਪਾ ਪੰਜਾਬ ਧੜੇ ਦਾ ਹਿੱਸਾ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sidhu Moose Wala, Sidhu Moosewala, Sidhu moosewala murder case, Sidhu moosewala news update