ਐੱਸ. ਸਿੰਘ
ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਦੇਸ਼ ਛੱਡਣ ਦਾ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਪਹਿਲੀ ਵਾਰ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਹੈ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਡੀਜੀਪੀ ਨਾਲ ਉਨ੍ਹਾਂ ਦੀ ਮੀਟਿੰਗ ਕਰੀਬ ਅੱਧਾ ਘੰਟਾ ਚੱਲੀ। ਹਾਲਾਂਕਿ ਮੂਸੇਵਾਲਾ ਦੇ ਮਾਪਿਆਂ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਤੋਂ ਮੁਲਜ਼ਮਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਲਈ।
ਪਿਛਲੇ ਮਹੀਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡੀਜੀਪੀ ਨਾਲ ਮੀਟਿੰਗ ਦੀ ਮੰਗ ਕਰਦਿਆਂ 25 ਨਵੰਬਰ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਐਫਆਈਆਰ ਵਾਪਸ ਲੈ ਕੇ ਦੇਸ਼ ਛੱਡ ਦੇਣਗੇ। ਕਿਉਂਕਿ ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ ਮੀਡੀਆ 'ਚ ਕੋਈ ਬਿਆਨ ਨਹੀਂ ਦੇਣਗੇ, ਇਸ ਲਈ ਉਨ੍ਹਾਂ ਨੇ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਬੈਠਕ 'ਚ ਕੀ ਚਰਚਾ ਹੋਈ ਹੈ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਪਰਿਵਾਰ ਨੇ ਹੁਣ ਹਵੇਲੀ ਵਿੱਚ ਇਨਸਾਫ਼ ਦੀ ਕਿਤਾਬ ਰੱਖੀ ਹੋਈ ਹੈ। ਜਿਸ ਵਿੱਚ ਮੂਸੇਵਾਲਾ ਦੇ ਸਥਾਨ 'ਤੇ ਆ ਰਹੇ ਪ੍ਰਸ਼ੰਸਕ ਇਨਸਾਫ਼ ਲਈ ਦਸਤਖ਼ਤ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਇਸ ਇਨਸਾਫ਼ ਪੁਸਤਕ 'ਤੇ ਇੱਕ ਲੱਖ ਦਸਤਖਤ ਹੋ ਜਾਣਗੇ ਤਾਂ ਉਹ ਇਸ ਨੂੰ ਇਨਸਾਫ਼ ਲਈ ਪਟੀਸ਼ਨ ਲੈ ਕੇ ਅਦਾਲਤ ਵਿੱਚ ਜਾਣਗੇ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਇਸ ਸਾਲ 29 ਮਈ ਨੂੰ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਮਾਨਸਾ ਦੇ ਪਿੰਡ ਜਵਾਹਰਕੇ 'ਚ ਆਪਣੇ ਦੋਸਤ ਅਤੇ ਚਚੇਰੇ ਭਰਾ ਨਾਲ ਜੀਪ 'ਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ। ਛੇ ਹਮਲਾਵਰਾਂ ਨੇ ਉਸ ਦੀ ਗੱਡੀ ਦਾ ਰਸਤਾ ਰੋਕ ਲਿਆ ਅਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਬਾਅਦ ਵਿੱਚ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦੂਜੇ ਪਾਸੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਅਗਸਤ ਵਿੱਚ ਮਾਨਸਾ ਦੀ ਅਦਾਲਤ ਵਿੱਚ 24 ਮੁਲਜ਼ਮਾਂ ਖ਼ਿਲਾਫ਼ ਪਹਿਲੀ 1,850 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dgp, Punjab, Sidhu Moosewala, Sidhu moosewala murder case, Sidhu moosewala news update