ਪੰਥਕ ਧਿਰਾਂ ਦੇ ਏਕੇ ਨਾਲ ਪੰਜਾਬ ਦੇ ਸਿਆਸੀ ਪਿੜ ਵਿਚ ਨਵੇਂ ਰਾਹ ਖੁੱਲ੍ਹਣ ਦੇ ਸੰਕੇਤ

ਅਦਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਜੁੜੇ ਸਾਰੇ ਬਾਦਲ ਵਿਰੋਧੀ ਧੜਿਆਂ ਨੇ ਪੰਥਕ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਲਈ ਇਕ ਮੰਚ ਉਤੇ ਆਉਣ ਦਾ ਪ੍ਰਣ ਇਹੀ ਸੰਕੇਤ ਦਿੰਦਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਸੀ ਤਾਲਮੇਲ ਲਈ ਸਿਰਜੋੜ ਕੋਸ਼ਿਸ਼ਾਂ ਹੋਣਗੀਆਂ।

ਪੰਥਕ ਧਿਰਾਂ ਦੇ ਏਕੇ ਨਾਲ ਪੰਜਾਬ ਦੇ ਸਿਆਸੀ ਪਿੜ ਵਿਚ ਨਵੇਂ ਰਾਹ ਖੁੱਲ੍ਹਣ ਦੇ ਸੰਕੇਤ

  • Share this:
ਗੁਰਵਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਬਾਦਲਾਂ ਤੋਂ ਨਾਰਾਜ਼ ਅਕਾਲੀ ਦਲਾਂ ਦੇ ਇਕ ਮੰਚ ਉਪਰ ਆਉਣ ਨਾਲ ਪੰਥਕ ਸਿਆਸਤ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਸਾਰੇ ਬਾਗੀ ਅਕਾਲੀ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੇ ਪੰਥਕ ਸਿਆਸਤ ਵਿਚੋਂ ਸਫਾਏ ਦੀ ਗੱਲ ਕਰ ਰਹੇ ਹਨ। ਪੰਥਕ ਧਿਰਾਂ ਦੀ ਇਹ ਲਾਮਬੰਦੀ ਪੰਜਾਬ ਦੀ ਸਿਆਸਤ ਦੇ ਨਵੇਂ ਸਮੀਕਰਨਾਂ ਵੱਲ ਵੀ ਸੰਕੇਤ ਕਰ ਰਹੀ ਹੈ।

ਸਥਾਪਨਾ ਦਿਵਸ ਮੌਕੇ ਜੁੜੇ ਸਾਰੇ ਬਾਦਲ ਵਿਰੋਧੀ ਧੜਿਆਂ ਨੇ ਪੰਥਕ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਲਈ ਇਕ ਮੰਚ ਉਤੇ ਆਉਣ ਦਾ ਪ੍ਰਣ ਇਹੀ ਸੰਕੇਤ ਦਿੰਦਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਸੀ ਤਾਲਮੇਲ ਲਈ ਸਿਰਜੋੜ ਕੋਸ਼ਿਸ਼ਾਂ ਹੋਣਗੀਆਂ। ਇਸ ਲਈ ਤਾਲਮੇਲ ਕਮੇਟੀ ਬਣਾ ਕੇ ਸਾਰੀਆਂ ਧਿਰਾਂ ਨੂੰ ਇਕ ਮੰਚ ਉਤੇ ਲਿਆਉਣ ਦਾ ਸੱਦਾ ਰਵਾਇਤੀ ਧਿਰਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ। ਢੀਂਡਸਾ ਪਰਿਵਾਰ ਦਾ ਖੁੱਲ੍ਹ ਕੇ ਬਾਦਲਾਂ ਖਿਲਾਫ ਨਿੱਤਰਨਾ ਵੀ ਪੰਥਕ ਸਿਆਸਤ ਨੂੰ ਨਵੇਂ ਰਾਹ ਤੋਰਨ ਵੱਲ ਸੰਕੇਤ ਹੈ।

ਇਸ ਤੋਂ ਪਹਿਲਾਂ ਵੀ ਭਾਵੇਂ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਪਰ ਇਸ ਵਾਰ ਬਾਦਲਾਂ ਦਾ ਸਭ ਤੋਂ ਭੇਤੀ ਸੁਖਦੇਵ ਸਿੰਘ ਢੀਂਡਸਾ ਸਾਰੀਆਂ ਧਿਰਾਂ ਨੂੰ ਇਕ ਮੰਚ ਉਤੇ ਲਿਆਉਣ ਲਈ ਅੱਗੇ ਆਇਆ ਹੈ। ਇਨ੍ਹਾਂ ਧਿਰਾਂ ਦੀ ਕੋਸ਼ਿਸ਼ ਇਹੀ ਰਹੇਗੀ ਕਿ ਕਾਂਗਰਸ ਤੇ ਬਾਦਲ ਵਿਰੋਧੀ ਸਾਰੀਆਂ ਧਿਰਾਂ ਨੂੰ ਲਾਮਬੰਦ ਕੀਤਾ ਜਾਵੇ। ਯਾਦ ਰਹੇ ਕਿ ਇਸ ਸਮੇਂ ਪੰਜਾਬ ਦੀ ਸਿਆਸਤ ਵਿਚ ਸਥਾਪਤ ਸਿਆਸੀ ਧਿਰਾਂ ਵੱਡੀ ਅੰਦਰੂਨੀ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ; ਖਾਸਕਰ ਸੱਤਾਧਾਰੀ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਹਿੱਲੀਆਂ ਹੋਈਆਂ ਹਨ। ਕਾਂਗਰਸ ਵਿਚਲੀ ਬਗਾਵਤ ਅਤੇ ਸਿੱਖਾਂ ਦਾ ਬਾਦਲ ਪਰਿਵਾਰ ਪ੍ਰਤੀ ਰੋਹ ਵੀ ਤੀਜੇ ਮੋਰਚੇ ਲਈ ਡਟੇ ਧੜਿਆਂ ਨੂੰ ਹੌਸਲਾ ਦੇ ਰਿਹਾ ਹੈ।

ਬਾਗੀ ਟਕਸਾਲੀਆਂ ਆਗੂਆਂ ਵਲੋਂ ਲੋਕ ਸਭਾ ਚੋਣਾਂ ਵਿਚ ਤੀਜੇ ਬਦਲ ਲਈ ਹੰਭਲਾ ਮਾਰਨ ਵਾਲੇ ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਸਮੇਤ ਹੋਰ ਧੜਿਆਂ ਨਾਲ ਵੀ ਗੱਲ ਤੋਰਨ ਦੇ ਸੰਕੇਤ ਮਿਲੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਆਪਣੇ ਦਮ ਉਤੇ ਚੋਣਾਂ ਲੜਨ ਲਈ ਬਜ਼ਿਦ ਰਹਿਣ ਵਾਲੀ ਆਮ ਆਦਮੀ ਪਾਰਟੀ ਵੀ ਕੁਝ ਢਿੱਲੀ ਪਈ ਜਾਪਦੀ ਹੈ। ਪੰਥਕ ਧਿਰਾਂ ਦਾ ਕਹਿਣਾ ਹੈ ਕਿ ਬਾਦਲਾਂ ਅਤੇ ਕਾਂਗਰਸ ਨੂੰ ਮਾਤ ਦੇਣ ਲਈ ਅਜਿਹੀਆਂ ਸਾਰੀਆਂ ਧਿਰਾਂ ਨੂੰ ਅੱਗੇ ਆਉਣ ਲਈ ਕਹਿਣਗੇ।

ਉਂਜ, ਇਹ ਪਹਿਲੀ ਵਾਰ ਹੈ ਕਿ ਜਦੋਂ ਪੰਥਕ ਧਿਰਾਂ ਦੇ ਆਪਸੀ ਤਾਲਮੇਲ ਲਈ ਇੰਨੇ ਵੱਡੇ ਪੱਧਰ ਉਤੇ ਕੋਸ਼ਿਸ਼ ਹੋਈ ਹੋਵੇ। ਬਾਦਲ ਵਿਰੋਧੀ ਅਕਾਲੀਆਂ ਵਲੋਂ ਮਨਾਏ ਸਥਾਪਨਾ ਦਿਹਾੜਾ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ 1920 ਦੇ ਮੁਖੀ ਰਵੀਇੰਦਰ ਸਿੰਘ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ, ਜਾਗੋ ਪਾਰਟੀ ਦੇ ਮੁਖੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਸਾਬਕਾ ਅਕਾਲੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਫੈਡਰੇਸ਼ਨ ਦੇ ਸਾਬਕਾ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਤੇ ਹੋਰ ਫੈਡਰੇਸ਼ਨਾਂ ਤੇ ਜਥੇਬੰਦੀਆਂ ਪੰਥਕ ਸਿਆਸਤ ਨੂੰ ਨਵੀਂ ਦਿਸ਼ਾ ਲਈ ਪੱਬਾਂ ਭਾਰ ਨਜ਼ਰ ਆਏ। ਨਵੇਂ ਸਿਆਸੀ ਗੱਠਜੋੜ ਦਾ ਬਾਦਲ ਅਕਾਲੀ ਦਲ ਨਾਲ ਪਹਿਲਾ ਮੁਕਾਬਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹੋਵੇਗਾ।
Published by:Gurwinder Singh
First published:
Advertisement
Advertisement