ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਨਾਮਜ਼ਦ ਹੋਏ ਮੁਲਜ਼ਮਾਂ ਖ਼ਿਲਾਫ਼ 31 ਮਾਰਚ ਤੱਕ ਕਾਨੂੰਨੀ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਦਿੱਤਾ ਅਲਟੀਮੇਟਮ ਖ਼ਤਮ ਹੋ ਗਿਆ ਹੈ।
ਇਸ ਪਿੱਛੋਂ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ। ਜਥੇਬੰਦੀਆਂ ਨੇ 6 ਅਪਰੈਲ ਤੋਂ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। 6 ਤਰੀਕ ਨੂੰ ਹੋਣ ਵਾਲੇ ਇਕੱਠ ਵਿਚ ਪੰਜਾਬ ਪੱਧਰ ਉਤੇ ਸੰਘਰਸ਼ ਨੂੰ ਤਿੱਖਾ ਕਰਨ ਬਾਰੇ ਫੈਸਲੇ ਲਏ ਜਾਣਗੇ।
ਦੱਸ ਦਈਏ ਕਿ ਬਹਿਬਲ ਕਲਾਂ ਵਿਚ ਇਨਸਾਫ ਲਈ ਪਿਛਲੇ ਤਕਰੀਬਨ 110 ਦਿਨਾਂ ਤੋਂ ਮੋਰਚਾ ਲੱਗਾ ਹੋਇਆ ਹੈ। ਮੋਰਚੇ ਨੇ ਸਰਕਾਰ ਨੂੰ 31 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਸੀ ਜੋ ਹੁਣ ਖ਼ਤਮ ਹੋ ਗਿਆ ਹੈ। ਇਸ ਮੌਕੇ ਧਰਨੇ ਵਾਲੀ ਥਾਂ ’ਤੇ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਅਤੇ ਇਨਸਾਫ਼ ਮੋਰਚੇ ਦੇ ਮੋਹਰੀ ਸੁਖਰਾਜ ਨਿਆਮੀਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਸੱਤ ਸਾਲਾਂ ਬਾਅਦ ਵੀ ਬਹਿਬਲ ਗੋਲੀ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਸ਼ੁਰੂ ਕੀਤੀ ਕਾਰਵਾਈ ਨੂੰ ਕਿਸੇ ਅੰਜਾਮ ਤੱਕ ਨਹੀਂ ਪਹੁੰਚਾ ਸਕੀ।
ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਨਾਮਜ਼ਦ ਹੋਏ ਉੱਚ ਪੁਲਿਸ ਅਧਿਕਾਰੀ ਜ਼ਮਾਨਤਾਂ ਲੈ ਕੇ ਬਾਹਰ ਘੁੰਮ ਰਹੇ ਹਨ ਅਤੇ ਅਦਾਲਤ ਵਿੱਚ ਚਲਾਨ ਪੇਸ਼ ਹੋਣ ਤੋਂ ਦੋ ਸਾਲ ਬਾਅਦ ਵੀ ਮੁਲਜ਼ਮਾਂ ਖਿਲਾਫ਼ ਦੋਸ਼ ਆਇਦ ਨਹੀਂ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਪਿਛਲੇ 110 ਦਿਨਾਂ ਤੋਂ ਧਰਨਾ ਲੱਗਿਆ ਹੋਇਆ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਮੋਰਚੇ ਦੇ ਮੰਚ ’ਤੇ ਆ ਕੇ ਸਮਰਥਨ ਦਿੰਦਿਆਂ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਸੀ। ਜਥੇਬੰਦੀਆਂ ਦੀ ਅਗਲੀ ਰਣਨੀਤੀ ਸਰਕਾਰ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਸਕਦੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab government, Sikhism