ਚੰਡੀਗੜ੍ਹ- ਨੈਸ਼ਨਲ ਸ਼ੂਟਰ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦੇ ਕਤਲ ਦੇ ਦੋਸ਼ੀ ਕਲਿਆਣੀ ਸਿੰਘ ਨੂੰ ਚਾਰ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਥਾਨਕ ਅਦਾਲਤ ਨੇ ਕਤਲ ਕੇਸ ਦੇ ਮੁਲਜ਼ਮ ਕਲਿਆਣੀ ਸਿੰਘ ਦੀ ਸੀਬੀਆਈ ਹਿਰਾਸਤ ਵਿੱਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਸੀਬੀਆਈ ਨੇ ਕਲਿਆਣੀ ਦੇ ਰਿਮਾਂਡ ਵਿੱਚ ਸੱਤ ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਸੀ।
ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਦੀ ਧੀ ਕਲਿਆਣੀ ਸਿੰਘ ਨੂੰ ਰਣਦੀਪ ਕੁਮਾਰ, ਜੇਐਮਐਫਸੀ (Judicial Magistrate First Class) ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸੀਬੀਆਈ ਨੇ ਅਪਰਾਧ ਵਿੱਚ ਵਰਤੇ ਗਏ ਹਥਿਆਰ ਨੂੰ ਬਰਾਮਦ ਕਰਨ ਅਤੇ ਅਪਰਾਧ ਵਿੱਚ ਸ਼ਾਮਲ ਦੂਜੇ ਮੁਲਜ਼ਮ ਦੀ ਪਛਾਣ ਕਰਨ ਲਈ ਮੁਲਜ਼ਮਾਂ ਦੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਫੋਰੈਂਸਿਕ ਮਨੋਵਿਗਿਆਨੀ ਦੀ ਮੌਜੂਦਗੀ ਵਿੱਚ ਉਸ ਤੋਂ ਪੁੱਛਗਿੱਛ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸਿੱਪੀ ਸਿੱਧੂ ਦੇ ਕਤਲ ਵਿੱਚ ਸ਼ਾਮਲ ਦੂਜੇ ਮੁਲਜ਼ਮ ਦੀ ਵੀ ਪਛਾਣ ਹੋ ਗਈ ਹੈ। ਸੀਬੀਆਈ ਹੁਣ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਜਾਂਚ ਏਜੰਸੀ ਮੁਤਾਬਕ ਸਿੱਪੀ ਦੇ ਕਤਲ ਸਮੇਂ ਦੋ ਗੱਡੀਆਂ ਦੀ ਵਰਤੋਂ ਕੀਤੀ ਗਈ ਸੀ। ਇੱਕ ਵਿੱਚ ਕਲਿਆਣੀ ਅਤੇ ਦੂਜੀ ਗੱਡੀ ਵਿੱਚ ਮੁਲਜ਼ਮ ਪਾਰਕ ਵਿੱਚ ਪੁੱਜੇ ਸਨ। ਸੂਤਰਾਂ ਮੁਤਾਬਕ ਦੂਜਾ ਮੁਲਜ਼ਮ ਕਲਿਆਣੀ ਦਾ ਕਰੀਬੀ ਹੈ।
ਸੀਬੀਆਈ ਨੇ ਕਲਿਆਣੀ, ਜੋ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਲੈਕਚਰਾਰ ਹੈ, ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਅਦਾਲਤ ਨੇ ਉਸ ਨੂੰ ਚਾਰ ਦਿਨਾਂ ਲਈ ਪੁਲੀਸ ਰਿਮਾਂਡ ਵਿੱਚ ਭੇਜ ਦਿੱਤਾ ਸੀ।
ਕੀ ਹੈ ਮਾਮਲਾ
20 ਸਤੰਬਰ 2015 ਨੂੰ ਮੁਹਾਲੀ ਦੇ ਫੇਜ਼ 3ਬੀ2 ਦੇ ਵਸਨੀਕ ਸਿੱਪੀ ਦੀ ਲਾਸ਼ ਪੁਲੀਸ ਨੂੰ ਸੈਕਟਰ 27 ਦੇ ਇੱਕ ਪਾਰਕ ਵਿੱਚੋਂ ਮਿਲੀ ਸੀ। ਸੀਸੀਟੀਵੀ ਕੈਮਰੇ ਵਿੱਚ ਦੋ ਵਿਅਕਤੀ ਮੌਕੇ ਤੋਂ ਭੱਜਦੇ ਵੀ ਦਿਖਾਈ ਦਿੱਤੇ ਸਨ। ਇਨ੍ਹਾਂ ਵਿਚ ਇਕ ਲੜਕੀ ਵੀ ਸੀ। ਸੀਬੀਆਈ ਦਾ ਦਾਅਵਾ ਹੈ ਕਿ ਲੜਕੀ ਕਲਿਆਣੀ ਸੀ। ਇਲਜ਼ਾਮ ਮੁਤਾਬਕ ਸਿੱਪੀ ਵੱਲੋਂ ਕਲਿਆਣੀ ਦੀਆਂ ਇਤਰਾਜ਼ਯੋਗ ਤਸਵੀਰਾਂ ਦੇਖਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਕਲਿਆਣੀ ਦੇ ਪਰਿਵਾਰ ਨੂੰ ਇਹ ਤਸਵੀਰਾਂ ਦਿਖਾਉਂਦੇ ਹੋਏ ਕਲਿਆਣੀ ਸ਼ਰਮਿੰਦਾ ਸੀ। ਰਿਸ਼ਤਾ ਤੋੜਨ ਅਤੇ ਇਸ ਨਮੋਸ਼ੀ ਦਾ ਬਦਲਾ ਲੈਣ ਲਈ ਸਿੱਪੀ ਦੀ ਹੱਤਿਆ ਕਰਵਾਈ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।