
Faridkot: ਪਾਰਕ ਦੀ ਕੰਧ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, FIR ਦਰਜ
ਫਰੀਦਕੋਟ : ਸਥਾਨਕ ਬਾਜ਼ੀਗਰ ਬਸਤੀ ਨੇੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ ਹਨ। ਪੁਲਸ ਨੇ ਦੱਸਿਆ ਕਿ ਪੰਜਾਬ ਦੇ ਇਕ ਪਾਰਕ ਦੀ ਕੰਧ 'ਤੇ 'ਖਾਲਿਸਤਾਨ ਜ਼ਿੰਦਾਬਾਦ' ਲਿਖਿਆ ਮਿਲਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਐਸਐਸਪੀ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਕਿਹਾ, “ਪੁਲਿਸ ਟੀਮ ਉੱਥੇ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਟੀਮਾਂ ਇਸ 'ਤੇ ਕੰਮ ਕਰ ਰਹੀਆਂ ਹਨ ਅਤੇ ਐਫਆਈਆਰ ਵੀ ਦਰਜ ਕੀਤੀ ਗਈ ਹੈ। ਪੁਲਿਸ ਨੂੰ ਅਲਰਟ 'ਤੇ ਰੱਖਿਆ ਗਿਆ ਹੈ, ਨਾਕੇ-ਚੈੱਕ ਪੋਸਟ ਵੀ ਤਿਆਰ ਕੀਤੇ ਗਏ ਹਨ।
ਫਰੀਦਕੋਟ ਦੀ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਦਾ ਪਤਾ ਲੱਗਦਿਆਂ ਹੀ ਪੁਲੀਸ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਟੀਮਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਪੁਲਿਸ ਟੀਮਾਂ ਇਲਾਕੇ 'ਚ ਛਾਪੇਮਾਰੀ ਕਰ ਰਹੀਆਂ ਹਨ।
ਕਾਬਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਇਮਾਰਤ ਦੇ ਬਾਹਰ ਦੀਵਾਰਾਂ 'ਤੇ ਖਾਲਿਸਤਾਨ ਦੇ ਝੰਡਿਆਂ ਨਾਲ ਨਾਅਰੇ ਲਿਖੇ ਗਏ ਸਨ। ਸੂਬਾ ਪੁਲਿਸ ਨੇ ਬੁੱਧਵਾਰ ਨੂੰ ਪੰਜਾਬ ਦੇ ਮੋਰਿੰਡਾ ਦੇ ਰਹਿਣ ਵਾਲੇ ਹਰਵੀਰ ਸਿੰਘ ਨੂੰ ਧਰਮਸ਼ਾਲਾ ਵਿੱਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ 'ਤੇ ਖਾਲਿਸਤਾਨ ਪੱਖੀ ਝੰਡੇ ਲਗਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਵਿਅਕਤੀ ਨੇ ਐਤਵਾਰ ਨੂੰ ਕਥਿਤ ਤੌਰ 'ਤੇ ਉਥੇ ਵੱਖਵਾਦੀ ਸਮੂਹ ਦੇ ਝੰਡੇ ਬੰਨ੍ਹੇ ਹੋਏ ਸਨ। ਇਸ ਕਾਰਵਾਈ ਦੀ ਸਾਰੀਆਂ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਹੈ।
ਪੁਲਿਸ ਨੇ ਹਰਵੀਰ ਸਿੰਘ ਨੂੰ ਗ੍ਰਿਫਤਾਰ ਕਰਦੇ ਹੋਏ, ਸਮਰੱਥ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਪ੍ਰਾਪਤ ਕਰਦੇ ਹੋਏ ਸਾਰੀਆਂ ਪ੍ਰਕਿਰਿਆਵਾਂ ਅਤੇ ਕਾਨੂੰਨ ਦੀ ਪਾਲਣਾ ਕੀਤੀ। ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਪੁਲੀਸ ਨੇ ਕੇਸ ਦਰਜ ਕੀਤਾ ਸੀ। SFJ ਇੱਕ ਵਿਦੇਸ਼ੀ ਅਧਾਰਤ ਕੱਟੜਪੰਥੀ ਸਮੂਹ ਹੈ ਜੋ ਇੱਕ ਵੱਖਰੇ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।