ਜਾਪਾਨ ਦੇ ਸਾਫਟਬੈਂਕ ਗਰੁੱਪ ਨੇ ਰੀਅਲ ਅਸਟੇਟ ਸੈਕਟਰ 'ਚ ਨਿਵੇਸ਼ ਲਈ ਵਿਖਾਈ ਦਿਲਚਸਪੀ

News18 Punjab
Updated: August 13, 2019, 8:24 PM IST
ਜਾਪਾਨ ਦੇ ਸਾਫਟਬੈਂਕ ਗਰੁੱਪ ਨੇ ਰੀਅਲ ਅਸਟੇਟ ਸੈਕਟਰ 'ਚ ਨਿਵੇਸ਼ ਲਈ ਵਿਖਾਈ ਦਿਲਚਸਪੀ

  • Share this:
ਜਾਪਾਨ ਦੇ ਮੋਹਰੀ ਸਾਫ਼ਟਬੈਂਕ ਗਰੁੱਪ ਨੇ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕਰਨ ਦੀ ਯੋਜਨਾ ਸਾਂਝੀ ਕੀਤੀ ਜੋ ਉਨ੍ਹਾਂ ਦੇ ਪ੍ਰਮੁੱਖ ਓਯੋ ਸਟਾਰਟਅੱਪ ਰਾਹੀਂ ਵਿਦਿਆਰਥੀਆਂ ਦੀ ਰਿਹਾਇਸ਼ 'ਤੇ ਕੇਂਦਰਿਤ ਹੈ। ਇਸ ਗਰੁੱਪ ਦੇ ਐਮ.ਡੀ. ਹਿਰੋਕੀ ਕਿਮੋਟੋ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਵਫਦ ਨੇ ਮੁੱਖ ਮੰਤਰੀ ਨਾਲ ਇਥੇ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸਾਫ਼ਟਬੈਂਕ ਗਰੁੱਪ ਦੀ ਨਿਵੇਸ਼ ਯੋਜਨਾ ਨੂੰ ਹਕੀਕੀ ਰੂਪ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਵਫਦ ਨੂੰ ਨਿਵੇਸ਼ ਪੰਜਾਬ ਦੇ ਸਿੰਗਲ ਵਿੰਡੋ ਕਲੀਅਰੈਂਸ ਪਲੇਟਫਾਰਮ ਰਾਹੀਂ ਤੇਜ਼ੀ ਨਾਲ ਨਿਵੇਸ਼ ਨੂੰ ਯਕੀਨੀ ਬਣਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਰਿਆਇਤਾਂ ਅਤੇ ਸਹੂਲਤਾਂ 'ਤੇ ਕੇਂਦਰਿਤ ਹੈ ਜਿਸ ਸਦਕਾ ਪਿਛਲੇ ਦੋ ਸਾਲਾਂ ਵਿੱਚ ਜ਼ਮੀਨੀ ਪੱਧਰ 'ਤੇ 50,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਨਿਵੇਸ਼ ਪ੍ਰੋਜੈਕਟਾਂ ਬਾਰੇ ਵਫਦ ਨੂੰ ਜਾਣਕਾਰੀ ਦਿੰਦਿਆਂ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗਿਕ ਤੇ ਵਪਾਰ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਰੀਅਲ ਅਸਟੇਟ ਪ੍ਰਮੁੱਖ ਸੈਕਟਰ ਹੈ ਅਤੇ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਵਿੱਚ ਬਹੁਤ ਤਰੱਕੀ ਹੋਈ ਹੈ।

Loading...
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ 'ਚ 2000 ਕਰੋੜ ਰੁਪਏ ਦੀ ਈ-ਨੀਲਾਮੀ ਹੋਈ ਹੈ। ਨਾਮਵਰ ਕੌਮਾਂਤਰੀ ਗਰੁੱਪ ਮਕਾਨ, ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਲਈ ਰਿਹਾਇਸ਼ੀ ਸਹੂਲਤ ਦੇ ਤੌਰ 'ਤੇ ਇਸ ਨੂੰ ਸੰਭਾਵੀ ਨਿਵੇਸ਼ ਸੈਕਟਰ ਵਜੋਂ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਸਾਫਟਬੈਂਕ ਭਾਰਤੀ ਸਟਾਰਟਅੱਪ ਵਿੱਚ ਵੱਡੇ ਨਿਵੇਸ਼ਕਾਰਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਦੇ ਨਿਵੇਸ਼ ਦਾ ਲਗਭਗ 20 ਫੀਸਦੀ ਹਿੱਸਾ ਭਾਰਤ 'ਤੇ ਆਧਾਰਤ ਕਾਰੋਬਾਰ ਵਿੱਚ ਹੈ। ਇਹ ਕੰਪਨੀ ਵੱਡੇ ਘਰੇਲੂ ਗਰੁੱਪਾਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਵਿੱਚ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਵਾਲਾ ਓਲਾ ਗਰੁੱਪ, ਛੇਤੀ ਨਾਲ ਹੋਟਲ ਬੁੱਕ ਕਰਨ ਦਾ ਪਲੇਟਫਾਰਮ ਮੁਹੱਈਆ ਕਰਾਉਣ ਵਾਲਾ ਓਯੋ ਅਤੇ ਇਲੈਕਟ੍ਰੋਨਿਕ ਪੇਮੈਂਟ ਕਰਨ ਦਾ ਮੋਹਰੀ ਮੰਨਿਆ ਜਾਣ ਵਾਲਾ ਪੇਅਟੀਐਮ ਸ਼ਾਮਲ ਹਨ। ਇਸ ਵੇਲੇ ਇਹ ਗਰੁੱਪ ਤਕਨਾਲੋਜੀ 'ਤੇ ਆਧਾਰਤ 100 ਬਿਲੀਅਨ ਦੇ ਵਿਜ਼ਨ ਫੰਡ ਤੋਂ ਨਿਵੇਸ਼ ਕਰ ਰਿਹਾ ਹੈ ਅਤੇ ਫਿਨਟੈੱਕ ਸਟਾਰਟਅੱਪ ਇਸ ਦਾ ਪ੍ਰਮੁੱਖ ਖੇਤਰ ਹੈ।
 
First published: August 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...