ਚੰਡੀਗੜ੍ਹ: Sri Lanka Crisis: ਸ੍ਰੀਲੰਕਾ (Sri Lanka) ਵਿੱਚ ਪੈਦਾ ਹੋਏ ਆਰਥਿਕ ਸੰਕਟ (economic crisis) ਦਾ ਅਸਰ ਪੰਜਾਬ ਦੇ ਵਪਾਰੀਆਂ (traders of Punjab) ’ਤੇ ਵੀ ਦਿਖਾਈ ਦੇ ਰਿਹਾ ਹੈ। ਜਿੱਥੇ ਪੰਜਾਬ ਤੋਂ ਸ੍ਰੀਲੰਕਾ ਨੂੰ ਬਰਾਮਦ ਹੋਣ ਵਾਲੇ ਮਾਲ ਦੀ ਖੇਪ (goods exported) ਠੱਪ ਹੋ ਗਈ ਹੈ, ਉਥੇ ਹੀ ਡਾਲਰਾਂ ਦੀ ਘਾਟ ਕਾਰਨ ਵਪਾਰੀਆਂ ਦੇ ਕਰੋੜਾਂ ਰੁਪਏ ਵੀ ਫਸੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਜਲੰਧਰ ਤੋਂ ਖੇਡਾਂ ਦੇ ਸਮਾਨ, ਆਟੋ ਪਾਰਟਸ ਅਤੇ ਲੁਧਿਆਣਾ (Ludhiana) ਤੋਂ ਸਿਲਾਈ ਮਸ਼ੀਨਾਂ ਦੇ ਆਰਡਰ ਬਕਾਇਆ ਪਏ ਹਨ।
ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਸ੍ਰੀਲੰਕਾ ਦਾ ਆਰਥਿਕ ਸੰਕਟ ਪੰਜਾਬ ਦੇ ਉਦਯੋਗਾਂ ਨੂੰ ਦੋ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਰਿਹਾ ਹੈ। ਪਹਿਲਾ, ਪੰਜਾਬ ਦੀ 25 ਮਿਲੀਅਨ ਡਾਲਰ ਦੀ ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਦੂਸਰਾ ਪੰਜਾਬ ਦੇ ਕਾਰੋਬਾਰੀਆਂ ਦਾ ਕਰੀਬ 50 ਕਰੋੜ ਰੁਪਏ ਦਾ ਕਰਜ਼ਾ ਡਾਲਰਾਂ ਦੀ ਘਾਟ ਕਾਰਨ ਫਸਿਆ ਹੋਇਆ ਹੈ। ਪੰਜਾਬ ਤੋਂ ਹਰ ਸਾਲ ਕਰੀਬ 187 ਕਰੋੜ ਰੁਪਏ ਦਾ ਮਾਲ ਸ੍ਰੀਲੰਕਾ ਨੂੰ ਨਿਰਯਾਤ ਕੀਤਾ ਜਾਂਦਾ ਹੈ। ਜਿਸ ਵਿੱਚ ਖੇਡਾਂ, ਲੋਕੋਮੋਟਿਵ, ਦਵਾਈ, ਸਕੈਫੋਲਡਿੰਗ, ਕਾਸਟਿੰਗ, ਆਟੋ ਪਾਰਟਸ, ਸਿਲਾਈ ਮਸ਼ੀਨਾਂ, ਪਾਰਟਸ, ਸੈਨੇਟਰੀ ਵੇਅਰਜ਼, ਵਾਲਵ ਅਤੇ ਕੁੱਕੜ ਆਦਿ ਸ਼ਾਮਲ ਹਨ।
ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨਜ਼ ਦੇ ਚੇਅਰਮੈਨ ਅਸ਼ਵਨੀ ਵਿਕਟਰ ਦਾ ਕਹਿਣਾ ਹੈ ਕਿ ਪੰਜਾਬ ਦੇ ਵਪਾਰੀਆਂ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਲਈ ਸਥਿਤੀ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਪਹਿਲਾਂ ਸ੍ਰੀਲੰਕਾ ਤੋਂ ਨਕਦੀ ਲੈ ਕੇ ਕੰਮ ਕਰਦੇ ਸਨ। ਹਾਲਾਂਕਿ ਪਿਛਲੀ ਤਿਮਾਹੀ 'ਚ ਕਰੀਬ 50 ਕਰੋੜ ਡਾਲਰ ਦੀ ਕਮੀ ਕਾਰਨ ਵਪਾਰੀਆਂ ਦੇ ਫਸਣ ਦੀ ਸੰਭਾਵਨਾ ਹੈ। ਅਸ਼ਵਿਨੀ ਵਿਕਟਰ ਨੇ ਕਿਹਾ ਕਿ ਸ਼੍ਰੀਲੰਕਾ ਦੇ ਬਾਜ਼ਾਰ 'ਤੇ ਚੀਨੀ ਪ੍ਰਭਾਵ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇੰਜਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਸਾਬਕਾ ਡਾਇਰੈਕਟਰ ਓਪਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਸ੍ਰੀਲੰਕਾ ਵਿਚ ਦੱਖਣੀ ਸੂਬਿਆਂ ਨਾਲੋਂ ਜ਼ਿਆਦਾ ਬਰਾਮਦ ਹੈ ਪਰ ਰੂਸ-ਯੂਕਰੇਨ ਸੰਕਟ ਤੋਂ ਬਾਅਦ ਪੰਜਾਬ ਦੇ ਕਾਰੋਬਾਰ ਨੂੰ ਇਹ ਦੂਜਾ ਵੱਡਾ ਝਟਕਾ ਲੱਗਾ ਹੈ।
ਜ਼ਿਕਰਯੋਗ ਹੈ ਕਿ ਭੁਗਤਾਨ ਸੰਤੁਲਨ ਦੀ ਗੰਭੀਰ ਸਮੱਸਿਆ ਕਾਰਨ ਸ਼੍ਰੀਲੰਕਾ ਦੀ ਅਰਥਵਿਵਸਥਾ ਇਨ੍ਹੀਂ ਦਿਨੀਂ ਸੰਕਟ 'ਚ ਹੈ। ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਦੇਸ਼ ਲਈ ਜ਼ਰੂਰੀ ਖਪਤ ਵਾਲੀਆਂ ਵਸਤੂਆਂ ਨੂੰ ਦਰਾਮਦ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Ludhiana, Punjab, Sri Lanka