'ਪਟਾਕੇ' ਪਾਉਣ ਵਾਲਿਆਂ ਦਾ ਬੁਲੇਟ ਹੋਵੇਗਾ ਜ਼ਬਤ: ਸੋਨੀ


Updated: July 12, 2018, 7:02 PM IST
'ਪਟਾਕੇ' ਪਾਉਣ ਵਾਲਿਆਂ ਦਾ ਬੁਲੇਟ ਹੋਵੇਗਾ ਜ਼ਬਤ: ਸੋਨੀ

Updated: July 12, 2018, 7:02 PM IST
ਪੰਜਾਬ ਦੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਹਨਾਂ ਵੱਲੋਂ ਫੈਲਾਏ ਜਾ ਰਹੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦਾ ਆਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਬੁਲਟ ਮੋਟਰਸਾਈਕਲਾਂ ਉੱਤੇ ਪਟਾਕੇ ਪਾਉਣ ਵਾਲਿਆਂ ਤੇ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹਵਾ ਦੀ ਗੁਣਵੱਤਾ ਸੁਧਾਰਨ ਲਈ ਖ਼ਾਸ ਉਪਰਾਲੇ ਕੀਤੇ ਜਾਣਗੇ।

ਇੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਤੇ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਵਿੱਚ ਸੋਨੀ ਨੇ ਕਿਹਾ ਕਿ ਵਾਹਨ ਪ੍ਰਦੂਸ਼ਣ ਦੀ ਜਾਂਚ ਕਰਨ ਵਾਲੇ ਕੇਂਦਰਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਜਾਂਚ ਕਰਵਾਉਣ ਵਾਲੇ ਹਰੇਕ ਵਾਹਨ ਦੇ ਵੇਰਵੇ ਆਨਲਾਈਨ ਦਰਜ ਹੋਣਗੇ। ਇਸ ਦੇ ਨਾਲ ਹੀ ਵਾਹਨ ਮਾਲਕ ਨੂੰ ਆਪਣੇ ਵਾਹਨ ਦੀ ਮੁੜ ਜਾਂਚ ਬਾਰੇ ਹਫ਼ਤਾ ਪਹਿਲਾਂ ਹੀ ਮੋਬਾਈਲ ਫ਼ੋਨ ਉੱਤੇ ਐਸਐਮਐਸ ਰਾਹੀਂ ਪਤਾ ਲੱਗ ਜਾਵੇਗਾ।

ਵਾਤਾਵਰਨ ਮੰਤਰੀ ਨੇ ਹਦਾਇਤ ਕੀਤੀ ਕਿ ਸ਼ਹਿਰਾਂ ਦਾ ਸੀਵਰੇਜ ਤੇ ਫ਼ੈਕਟਰੀਆਂ ਦਾ ਦੂਸ਼ਿਤ ਪਾਣੀ ਬਿਨਾਂ ਟਰੀਟ ਕੀਤਿਆਂ ਦਰਿਆਵਾਂ ਵਿੱਚ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਉਹ ਖ਼ੁਦ ਜਾ ਕੇ ਜ਼ਮੀਨੀ ਪੱਧਰ ਉੱਤੇ ਇਸ ਦੀ ਜਾਂਚ ਕਰਨਗੇ। ਜੇ ਕੋਈ ਸਨਅਤ ਆਪਣਾ ਦੂਸ਼ਿਤ ਪਾਣੀ ਦਰਿਆ ਵਿੱਚ ਸੁੱਟਦੀ ਪਾਈ ਗਈ ਤਾਂ ਉਸ ਇਲਾਕੇ ਦੇ ਸਬੰਧਿਤ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਰਾਜ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਨੂੰ ਦੋ ਮਹੀਨੇ ਦਾ ਸਮਾਂ ਦੇ ਕੇ ਪ੍ਰਦੂਸ਼ਣ ਰੋਕਣ ਲਈ ਕਿਹਾ ਸੀ। ਹੁਣ ਇਹ ਸਮਾਂ ਪੂਰਾ ਹੋ ਚੁੱਕਿਆ ਹੈ। ਹੁਣ ਵੀ ਪ੍ਰਦੂਸ਼ਣ ਫੈਲਾ ਰਹੀਆਂ ਇਕਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਅਧਿਕਾਰੀ ਡਿਊਟੀ ਵਿੱਚ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਐਕਸੀਅਨ ਤੇ ਹੋਰ ਅਧਿਕਾਰੀਆਂ ਨੂੰ ਹਰ ਹਫ਼ਤੇ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸਟੀਪੀਜ਼) ਦਾ ਦੌਰਾ ਕਰਨ ਲਈ ਆਖਿਆ।

ਸ੍ਰੀ ਸੋਨੀ ਨੇ ਪਾਣੀ ਤੇ ਹਵਾ ਦੇ ਨਮੂਨੇ ਜਾਂਚਣ ਵਾਲੀਆਂ ਵਿਭਾਗ ਦੀਆਂ ਸਾਰੀਆਂ ਲੈਬਾਰਟਰੀਆਂ ਨੂੰ ਕਾਰਜਸ਼ੀਲ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਸਨਅਤੀ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਹੈ ਅਤੇ ਇਸ ਸਾਲ 31 ਦਸੰਬਰ ਤੱਕ ਲੁਧਿਆਣਾ ਸ਼ਹਿਰ ਦਾ ਸਾਰਾ ਪਾਣੀ ਟਰੀਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਸਿਰਫ਼ ਸੀਐਨਜੀ ਆਧਾਰਤ ਥ੍ਰੀ ਵੀਲ੍ਹਰ ਹੀ ਰਜਿਸਟਰਡ ਕੀਤੇ ਜਾਣਗੇ। ਉਨ੍ਹਾਂ ਹਾਦਸਿਆਂ ਦਾ ਕਾਰਨ ਬਣਦੇ ਟਿੱਪਰ ਚਾਲਕਾਂ ਨੂੰ ਵੀ ਟਰੈਫ਼ਿਕ ਨਿਯਮਾਂ ਬਾਰੇ ਸਿੱਖਿਅਤ ਕਰਨ ਅਤੇ ਟਿੱਪਰਾਂ ਵਿੱਚ ਪ੍ਰਮਾਣਿਤ ਹੱਦ ਤੱਕ ਮਾਲ ਲੱਦਣਾ ਯਕੀਨੀ ਬਣਾਉਣ ਲਈ ਕਿਹਾ।

ਮੀਟਿੰਗ ਵਿੱਚ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਰੌਸ਼ਨ ਸੁੰਕਾਰੀਆ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ, ਵਿਸ਼ੇਸ਼ ਸਕੱਤਰ ਵਾਤਾਵਰਨ ਸ੍ਰੀ ਟੀ.ਐਸ. ਧਾਲੀਵਾਲ ਅਤੇ ਮੈਂਬਰ ਸਕੱਤਰ ਪਵਨ ਗਰਗ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।
First published: July 12, 2018
ਹੋਰ ਪੜ੍ਹੋ
ਅਗਲੀ ਖ਼ਬਰ