• Home
 • »
 • News
 • »
 • punjab
 • »
 • STRONGLY CONDEMNS DHANOLA POLICE REGISTRATION OF CASES AGAINST FARMERS DEMANDS IMMEDIATE CANCELLATION

ਬਰਨਾਲਾ: ਕਿਸਾਨਾਂ 'ਤੇ ਕੇਸ ਦਰਜ ਕਰਨ ਦੀ ਸਖਤ ਨਿਖੇਧੀ, ਤੁਰਤ ਰੱਦ ਕਰਨ ਦੀ ਮੰਗ

ਬਰਨਾਲਾ: ਕਿਸਾਨਾਂ 'ਤੇ ਕੇਸ ਦਰਜ ਕਰਨ ਦੀ ਸਖਤ ਨਿਖੇਧੀ, ਤੁਰਤ ਰੱਦ ਕਰਨ ਦੀ ਮੰਗ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 390ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

  ਬੁਲਾਰਿਆਂ ਨੇ ਅੱਜ ਧਨੌਲਾ ਪੁਲਿਸ ਵੱਲੋਂ ਕਥਿਤ ਤੌਰ ਉਤੇ ਬੀਜੇਪੀ ਨੇਤਾ ਹਰਜੀਤ ਗਰੇਵਾਲ ਦੇ ਦਬਾਅ ਹੇਠ ਆ ਕੇ ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਇਹ ਕੇਸ ਸਰਾਸਰ ਝੂਠੇ ਹਨ। ਜਿਨ੍ਹਾਂ ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਹਨ, ਉਨ੍ਹਾਂ ਵਿਚੋਂ ਬਹੁਗਿਣਤੀ ਕਿਸਾਨ ਘਟਨਾ ਵਾਲੇ  ਦਿਨ ਦਿੱਲੀ ਮੋਰਚਿਆਂ 'ਤੇ ਹਾਜ਼ਰ ਸਨ।

  ਇਸ ਸਬੰਧ ਵਿੱਚ ਭਲਕੇ ਡੀ.ਸੀ. ਬਰਨਾਲਾ ਨੂੰ ਮੰਗ-ਪੱਤਰ ਦੇ ਕੇ ਕੇਸ ਤੁਰਤ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਨਹੀਂ ਤਾਂ ਥਾਣੇ ਦਾ ਘਿਰਾਉ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ, ਦਿੱਲੀ ਮੋਰਚੇ ਦੇ 11 ਮਹੀਨੇ ਪੂਰੇ ਹੋਣ ਮੌਕੇ ਭਲਕੇ 26 ਤਰੀਕ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਡੀ.ਸੀ ਬਰਨਾਲਾ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਲਖੀਮਪੁਰ-ਖੀਰੀ ਕਾਂਡ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗੀ।

  ਕੇਂਦਰੀ ਖੇਤੀ ਮੰਤਰੀ ਤੋਮਰ ਨੇ ਇੱਕ ਵਾਰ ਫਿਰ ਆਪਣਾ ਪੁਰਾਣਾ ਘਰਾਟ ਰਾਗ ਅਲਾਪਿਆ ਹੈ, ਅਖੇ ਖੇਤੀ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ ਅਤੇ ਬਹੁਤੇ ਕਿਸਾਨ ਸਰਕਾਰ ਦੀ ਹਮਾਇਤ ਕਰ ਰਹੇ ਹਨ, ਲੱਗਦਾ ਹੈ ਕਿ ਸਰਕਾਰ ਕਿਸਾਨਾਂ ਨੂੰ ਅਕਾ-ਥਕਾ ਕੇ ਘਰੀਂ ਵਾਪਸ ਤੋਰ ਦੇਣ ਦਾ ਭਰਮ ਪਾਲੀ ਬੈਠੀ ਹੈ। ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਘਰ ਨਹੀਂ ਮੁੜਾਂਗੇ ਅਤੇ ਸਰਕਾਰ ਦੇ ਸਾਰੇ ਭਰਮ ਤੋੜ ਦੇਵਾਂਗੇ।

  ਅੱਜ ਨਛੱਤਰ ਸਿੰਘ ਸਹੌਰ, ਉਜਾਗਰ ਸਿੰਘ ਬੀਹਲਾ, ਗੁਰਚਰਨ ਸਿੰਘ ਸੁਰਜੀਤਪੁਰਾ, ਸੰਪੂਰਨ ਸਿੰਘ ਚੂੰਘਾਂ, ਬਲਵੰਤ ਸਿੰਘ ਠੀਕਰੀਵਾਲਾ, ਕੁਲਵੰਤ ਸਿੰਘ ਭਦੌੜ, ਮੇਲਾ ਸਿੰਘ ਕੱਟੂ, ਬੂਟਾ ਸਿੰਘ ਸੈਕਟਰੀ, ਬਲਜੀਤ ਸਿੰਘ ਚੌਹਾਨਕੇ, ਪਰਮਜੀਤ ਕੌਰ ਠੀਕਰੀਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਬੇਮੌਸਮੀ ਬਾਰਿਸ਼ ਕਾਰਨ ਖੜ੍ਹੀਆਂ ਤੇ ਮੰਡੀਆਂ ਵਿੱਚ ਪਈਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ 'ਤੇ ਚਿੰਤਾ ਪ੍ਰਗਟ ਕੀਤੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਆਈ ਫਸਲ ਦੀ ਸੁਰੱਖਿਆ ਲਈ ਜਰੂਰੀ ਇੰਤਜ਼ਾਮ ਕੀਤੇ ਜਾਣ ਅਤੇ  ਕਿਸਾਨਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਲਈ ਜਰੂਰੀ ਕਦਮ ਤੁਰੰਤ ਚੁੱਕੇ ਜਾਣ।

  ਬੁਲਾਰਿਆਂ ਨੇ ਕੱਲ੍ਹ ਰਾਤ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਮੈਚ ਤੋਂ ਬਾਅਦ ਪੰਜਾਬ ਦੀਆਂ ਕੁੱਝ ਵਿਦਿਅਕ ਸੰਸਥਾਵਾਂ ਵਿੱਚ ਕੁੱਝ ਫਿਰਕੂ ਅਨਸਰਾਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਉਪਰ ਕੀਤੇ ਹਮਲਿਆਂ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ, ਗ੍ਰਿਫਤਾਰ ਕਰਨ ਅਤੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਜਰੂਰੀ ਇੰਤਜਾਮ ਕਰਨ ਦੀ ਮੰਗ ਕੀਤੀ। ਅੱਜ ਨਰਿੰਦਰਪਾਲ ਸਿੰਗਲਾ ਤੇ ਸੁਦਾਗਰ ਸਿੰਘ ਟੱਲੇਵਾਲ ਨੇ ਕਵਿਤਾ ਤੇ ਗੀਤ ਸੁਣਾਏ।
  Published by:Gurwinder Singh
  First published: