Home /News /punjab /

ਬਰਨਾਲਾ 'ਚੋਂ ਗੰਨੇ ਦੀ ਕਾਸ਼ਤ ਖ਼ਤਮ ਹੋਣ ਕੰਢੇ, ਕਿਸਾਨਾਂ ਨੇ ਦੱਸੀ ਇਹ ਵਜ੍ਹਾ

ਬਰਨਾਲਾ 'ਚੋਂ ਗੰਨੇ ਦੀ ਕਾਸ਼ਤ ਖ਼ਤਮ ਹੋਣ ਕੰਢੇ, ਕਿਸਾਨਾਂ ਨੇ ਦੱਸੀ ਇਹ ਵਜ੍ਹਾ

  • Share this:

ਸਰਕਾਰਾਂ ਭਾਵੇਂ ਕਿਸਾਨਾਂ ਨੂੰ ਕਣਕ-ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਖੇਤੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਪਰ ਸਰਕਾਰੀ ਨੀਤੀਆਂ ਕਾਰਨ ਹੀ ਕਿਸਾਨ ਫ਼ਸਲੀ ਚੱਕਰ ਤੋਂ ਬਾਹਰ ਨਹੀਂ ਨਿਕਲ ਰਹੇ। ਕੁੱਝ ਅਗਾਂਹਵਧੂ ਕਿਸਾਨਾਂ ਵਲੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਗੰਨੇ ਦੀ ਖੇਤੀ ਸ਼ੁਰੂ ਕੀਤੀ ਸੀ। ਪਰ ਇਸ ਫ਼ਸਲ ਦੇ ਮੰਡੀਕਰਨ, ਪੱਕੇ ਭਾਅ ਅਤੇ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਇਸ ਫ਼ਸਲ ਤੋਂ ਵੀ ਕਿਨਾਰਾ ਕਰਦੇ ਜਾ ਰਹੇ ਹਨ। ਬਰਨਾਲਾ ਜ਼ਿਲੇ ਵਿੱਚ ਲਗਾਤਾਰ ਗੰਨੇ ਹੇਠਲਾ ਖੇਤੀ ਦਾ ਰਕਬਾ ਘਟਦਾ ਜਾ ਰਿਹਾ ਹੈ ਅਤੇ ਖ਼ਤਮ ਹੋਣ ਦੀ ਕਗਾਰ ’ਤੇ ਹੀ ਪੁੱਜ ਗਿਆ ਹੈ। ਬਰਨਾਲਾ ਵਿੱਚ ਗੰਨੇ ਅਧੀਨ ਮੌਜੂਦਾ ਸਮੇਂ ਵਿੱਚ ਸਿਰਫ਼ 296 ਹੈਕਟੇਅਰ ਰਕਬਾ ਗੰਨੇ ਦੀ ਫ਼ਸਲ ਅਧੀਨ ਹੈ। ਜਦੋਂਕਿ ਪਿਛਲੇ 2019 ਵਿੱਚ ਇਹ ਰਕਬਾ 511 ਹੈਕਟੇਅਰ ਅਤੇ 2018 ਵਿੱਚ 547 ਹੈਕਟੇਅਰ ਰਿਹਾ ਹੈ। ਕਿਸਾਨਾਂ ਵਲੋਂ ਗੰਨੇ ਦੀ ਖੇਤੀ ਛੱਡਣ ਦਾ ਕਾਰਨ ਘੱਟ ਭਾਅ, ਬਕਾਇਆ ਰਾਸ਼ੀ ’ਚ ਦੇਰੀ ਅਤੇ ਮੰਡੀਕਰਨ ਦੀ ਸਮੱਸਿਆ ਹੈ। ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਰਕਮ ਕਈ ਕਈ ਮਹੀਨੇ ਨਹੀਂ ਮਿਲ ਰਹੀ। ਬਰਨਾਲਾ ਜ਼ਿਲੇ ਵਿੱਚ ਕੋਈ ਵੀ ਸ਼ੂਗਰ ਮਿੱਲ ਨਾ ਹੋਣ ਕਾਰਨ ਕਿਸਾਨਾਂ ਨੂੰ ਦੂਜੇ ਜ਼ਿਲਿਆਂ ਵਿੱਚ ਸ਼ੂਗਰ ਮਿੱਲਾਂ ਵਿੱਚ ਗੰਨਾ ਵੇਚਣ ਜਾਣਾ ਪੈਂਦਾ ਹੈ। ਜਿੱਥੇ ਕਈ ਕਈ ਰਾਤਾਂ ਲੱਗ ਜਾਂਦੀਆਂ ਹਨ। ਇਸਤੋਂ ਬਾਅਦ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਿਸਾਨਾਂ ਵਲੋਂ ਕਰਜ਼ਾ ਚੁੱਕ ਕੇ ਇਹ ਖੇਤੀ ਕੀਤੀ ਜਾਂਦੀ ਹੈ। ਉਧਰ ਫ਼ਸਲ ਦੀ ਆਮਦਨ ਦੇਰ ਨਾਲ ਮਿਲਣ ਕਰਕੇ ਕਿਸਾਨਾਂ ਵਿਆਜ਼ ਦੀ ਮਾਰ ਵੀ ਝੱਲ ਰਹੇ ਹਨ। ਕਿਸਾਨਾਂ ਦਾ ਤਰਕ ਇਹ ਵੀ ਹੈ ਕਿ ਗੰਨੇ ਦੀ ਖੇਤੀ ਲਈ ਹੋਰਨਾਂ ਫ਼ਸਲਾਂ ਤੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਪਰ ਮਿਹਨਤ ਅਨੁਸਾਰ ਉਹਨਾਂ ਨੂੰ ਮੁੱਲ ਨਹੀਂ ਮਿਲਦਾ। ਜਿਸ ਕਰਕੇ ਕਿਸਾਨ ਗੰਨੇ ਦੀ ਖੇਤੀ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਵੀ ਗੰਨੇ ਦੀ ਖੇਤੀ ਕਿਸਾਨਾਂ ਵਲੋਂ ਛੱਡਣ ਦਾ ਕਾਰਨ ਬਕਾਇਆ ਰਾਸ਼ੀ ਜਲਦ ਨਾ ਮਿਲਣਾ ਦੱਸ ਰਿਹਾ ਹੈ।

ਇਸ ਸਬੰਧੀ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨ ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਸੁਖਪੁਰਾ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਗੰਨੇ ਦੀ ਖੇਤੀ ਕਰ ਰਹੇ ਹਨ। ਇਸ ਫ਼ਸਲ ਲਈ ਉਸਨੂੰ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਸੰਦ ਵੀ ਵੱਖਰੇ ਤੌਰ ’ਤੇ ਖ਼ਰੀਦਣੇ ਪੈਂਦੇ ਹਨ। ਗੰਨੇ ਦੀ ਕਟਾਈ ਲਈ ਵੀ ਮਜ਼ਦੂਰ ਯੂਪੀ ਤੋਂ ਲਿਆਉਣੇ ਪੈਂਦੇ ਹਨ। ਜਿਹਨਾਂ ਦੀ ਮਜ਼ਦੂਰੀ ਹਰ ਵਰੇ ਵਧਦੀ ਜਾ ਰਹੀ ਹੈ। ਬਰਨਾਲਾ ਜ਼ਿਲੇ ਵਿੱਚ ਗੰਨੇ ਦੀ ਖ਼ਰੀਦ ਲਈ ਕੋਈ ਸ਼ੂਗਰ ਮਿੱਲ ਨਹੀਂ ਹੈ। ਜਿਸ ਕਰਕੇ ਉਹਨਾਂ ਨੂੰ ਆਪਣੀ ਫ਼ਸਲ ਲੈ ਕੇ ਬਾਹਰਲੇ ਜ਼ਿਲਿਆਂ ਵਿੱਚ ਜਾਣਾ ਪੈਂਦਾ ਹੈ। ਬਰਨਾਲਾ ਦੇ ਬਹੁ ਗਿਣਤੀ ਕਿਸਾਨ ਧੂਰੀ ਸ਼ੂਗਰ ਮਿੱਲ ਵਿੱਚ ਹੀ ਗੰਨਾ ਲੈ ਕੇ ਜਾਂਦੇ ਹਨ। ਇਸ ਵਾਰ ਉਹ ਵੀ ਖ਼ੁਦ ਆਖਰੀ ਵਾਰ ਗੰਨੇ ਦੀ ਖੇਤੀ ਕਰ ਰਿਹਾ ਹੈ। ਕਿਉਂਕਿ ਗੰਨੇ ਦੀ ਬਕਾਇਆ ਰਾਸ਼ੀ ਬਹੁਤ ਦੇਰੀ ਨਾਲ ਮਿਲਦੀ ਹੈ। ਜਿਸ ਕਾਰਨ ਉਹਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਉਸਦੀ ਪਿਛਲੀ ਫ਼ਸਲ ਦੀ ਰਾਸ਼ੀ 8 ਮਹੀਨਿਆਂ ਬਾਅਦ ਵੀ ਸ਼ੂਗਰ ਮਿੱਲ ਵੱਲ ਅਟਕੀ ਖੜੀ ਹੈ। ਉਹਨਾਂ ਦੱਸਿਆ ਕਿ ਮਿਹਨਤ ਦੇ ਹਿਸਾਬ ਨਾਲ ਗੰਨੇ ਦੀ ਫ਼ਸਲ ਦਾ ਮੁੱਲ ਨਹੀਂ ਮਿਲ ਰਿਹਾ। ਉਧਰ ਗੰਨੇ ਦੀ ਖੇਤੀ ਛੱਡਣ ਵਾਲੇ ਕਿਸਾਨਾਂ ਜਸਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਗੰਨੇ ਦੀ ਖੇਤੀ ਕੀਤੀ ਜਾਂਦੀ ਸੀ। ਪਰ ਸਰਕਾਰੀ ਨੀਤੀਆਂ ਠੀਕ ਨਾ ਹੋਣ ਕਾਰਨ ਉਹਨਾਂ ਵਲੋਂ ਇਹ ਖੇਤੀ ਛੱਡ ਦਿੱਤੀ ਗਈ। ਇਸ ਫ਼ਸਲ ਦੀ ਪੇਮੈਂਟ ਸ਼ੂਗਰ ਮਿੱਲਾਂ ਦੇਰੀ ਨਾਲ ਦਿੰਦੀਆਂ ਹਨ। ਜਿਸ ਕਰਕੇ ਕਿਸਾਨਾਂ ਨੂੰ ਵਿਆਜ਼ ਦੀ ਮਾਰ ਝੱਲਣੀ ਪੈਂਦੀ ਹੈ। ਝੋਨੇ ਅਤੇ ਕਣਕ ਦੀ ਫ਼ਸਲ ਤੋਂ ਗੰਨੇ ਦੀ ਫ਼ਸਲ ’ਤੇ ਵਧੇਰੇ ਮਿਹਨਤ ਹੁੰਦੀ ਹੈ, ਪਰ ਮੁੱਲ ਇਹਨਾਂ ਦੋਵੇਂ ਫ਼ਸਲਾਂ ਵਰਗਾ ਹੀ ਮਿਲ ਰਿਹਾ ਹੈ। ਜਿਸ ਕਰਕੇ ਉਹਨਾਂ ਨੇ ਗੰਨੇ ਦੀ ਕਾਸ਼ਤ ਕਰਨੀ ਬੰਦ ਕਰ ਦਿੱਤੀ।


ਉਧਰ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਜ਼ਿਲਾ ਖੇਤੀਬਾੜੀ ਅਧਿਕਾਰੀ ਡਾ.ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ ਪਿਛਲੇ ਵਰੇ ਨਾਲੋਂ ਗੰਨੇ ਦੀ ਫ਼ਸਲ ਹੇਠ ਰਕਬਾ ਘਟਿਆ ਹੈ। ਜਿਸਦਾ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਬਕਾਇਆ ਰਾਸ਼ੀ ਦੇਰੀ ਨਾਲ ਮਿਲਣਾ ਰਿਹਾ ਹੈ। ਬਰਨਾਲਾ ਜ਼ਿਲੇ ਵਿੱਚ ਕਣਕ-ਝੋਨੇ ਦੀ ਖੇਤੀ ਦਾ ਏਰੀਆ ਹੋਣ ਕਾਰਨ ਇੱਥੇ ਸ਼ੂਗਰ ਮਿੱਲ ਲਗਾਉਣ ਦੀ ਕੋਈ ਪਲੈਨਿੰਗ ਨਹੀਂ ਹੈ। ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਕੇ ਗੰਨੇ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕਿਸਾਨ ਗੰਨੇ ਦੀ ਖੇਤੀ ਕਰਕੇ ਇਸਦਾ ਜੂਸ, ਗੁੜ, ਸ਼ੱਕਰ ਆਦਿ ਬਣਾ ਕੇ  ਕਮਾਈ ਕਰ ਸਕਦੇ ਹਨ। ਇਸਤੋਂ ਇਲਾਵਾ ਇਸ ਫਸਲ ਦੇ ਨਾਲ ਨਾਲ ਹੋਰਨਾਂ ਦਾਲਾਂ, ਸਬਜ਼ੀਆਂ ਦੀ ਕਾਸ਼ਤ ਵੀ ਕਰ ਸਕਦੇ ਹਾਂ।

Published by:Ashish Sharma
First published:

Tags: Barnala