• Home
 • »
 • News
 • »
 • punjab
 • »
 • SUKHBIR SINGH BADAL ARRESTED AFTER PROTESTING HEAVY BARRICADING IN FRONT OF RAJ BHAWAN

ਸੁਖਬੀਰ ਸਿੰਘ ਬਾਦਲ ਨੇ ਰਾਜ ਭਵਨ ਅੱਗੇ ਭਾਰੀ ਬੈਰੀਕੇਡਿੰਗ ਦੇ ਨੇੜੇ ਧਰਨਾ ਦੇਣ ਮਗਰੋਂ ਦਿੱਤੀ ਗ੍ਰਿਫਤਾਰੀ

ਅਕਾਲੀ ਵਰਕਰਾ ਨੇ ਕੇਂਦਰੀ ਬਲਾਂ ਦਾ ਅੱਧੇ ਸੂਬੇ ’ਤੇ ਕੰਟਰੋਲ ਵਧਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨਾਲ ਗੰਢਤੁੱਪ ਕਰਨ ਤੇ ਉਸ ਅੱਗੇ ਆਤਮ ਸਮਰਪਣ ਕਰਨ ਵਿਰੁੱਧ ਦਿੱਤਾ ਧਰਨਾ

ਸੁਖਬੀਰ ਸਿੰਘ ਬਾਦਲ ਨੇ ਰਾਜ ਭਵਨ ਅੱਗੇ ਭਾਰੀ ਬੈਰੀਕੇਡਿੰਗ ਦੇ ਨੇੜੇ ਧਰਨਾ ਦੇਣ ਮਗਰੋਂ ਦਿੱਤੀ ਗ੍ਰਿਫਤਾਰੀ

ਸੁਖਬੀਰ ਸਿੰਘ ਬਾਦਲ ਨੇ ਰਾਜ ਭਵਨ ਅੱਗੇ ਭਾਰੀ ਬੈਰੀਕੇਡਿੰਗ ਦੇ ਨੇੜੇ ਧਰਨਾ ਦੇਣ ਮਗਰੋਂ ਦਿੱਤੀ ਗ੍ਰਿਫਤਾਰੀ

 • Share this:
  ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਨਾਲ ਰਾਜ ਭਵਨ ਅੱਗੇ ਭਾਰੀ ਬੈਰੀਕੇਡਿੰਗ ਦੇ ਨੇੜੇ ਲੰਬਾ ਧਰਨਾ ਦੇਣ ਮਗਰੋਂ ਗ੍ਰਿਫਤਾਰੀ ਦੇ ਕੇ ਪੰਜਾਬੀਆਂ ਨਾਲ ਇਕਜੁੱਟਤਾ ਪ੍ਰਗਟਾਈ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰੀ ਬਲਾਂ ਦੇ ਅੱਧੇ ਪੰਜਾਬ ’ਤੇ ਕੰਟਰੋਲ ਵਧਾਉਣ ਦੇ ਮਾਮਲੇ ਵਿਚ ਕੇਂਦਰ ਸਰਕਾਰ ਨਾਲ ਗੰਢਤੁੱਪ ਕਰਨ ਤੇ ਉਸ ਅੱਗੇ ਆਤਮ ਸਮਰਪਣ ਕਰਨ ਵਿਰੁੱਧ ਰੋਸ ਪ੍ਰਗਟਾ ਰਹੇ ਸਨ।

  ਅਕਾਲੀ ਦਲ ਦੇ ਪ੍ਰਧਾਨ ਨੇ ਗ੍ਰਿਫਤਾਰੀ ਦਿੱਤੀ ਤੇ ਉਹਨਾਂ ਨੂੰ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਨਾਲ ਬੱਸ ਵਿਚ ਸੈਕਟਰ ਤਿੰਨ ਦੇ ਪੁਲਿਸ ਥਾਣੇ ਲਿਜਾਇਆ ਗਿਆ। ਅਕਾਲੀ ਵਰਕਰਾਂ ਨੇ ਪੰਜਾਬ ਵਿਰੋਧੀ ਸਾਜ਼ਿਸ਼ ਰਚਣ ਲਈ ਕਾਂਗਰਸ ਪਾਰਟੀ ਤੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ।

  ਇਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਬੈਰੀਕੇਡਿੰਗ ਕਰ ਕੇ ਰਾਜ ਭਵਨ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਸਰਦਾਰ ਬਾਦਲ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਲਗਾਤਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਸੁਬੇ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ। ਹੁਣ ਉਹ ਬਾਰਡਰ ਸਕਿਓਰਿਟੀ ਫੋਰਸ ਯਾਨੀ ਬੀ ਐਸ ਐਫ ਦੇ ਅਧਿਕਾਰ ਖੇਤਰ ਵਿਚ ਵਾਧਾ ਕਰ ਕੇ ਸੂਬੇ ਵਿਚ ਅਮਨ ਕਾਨੁੰਨ ਦੀ ਸਥਿਤੀ ’ਤੇ ਕਬਜ਼ਾ ਕਰਨ ਦਾ ਯਤਨ ਕਰ ਰਹੀ ਹੈ।

  ਨਵੇਂ ਫੈਸਲੇ ਨੂੰ ਸੂਬੇ ਦੇ ਸੰਘੀ ਢਾਂਚੇ ’ਤੇ ਹਮਲਾ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹੁਣ ਸਾਡੇ ਪਵਿੱਤਰ ਧਾਰਮਿਕ ਅਸਥਾਨ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਤੇ ਰਾਮ ਤੀਰਥ ਵੀ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਆ ਜਾਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਕੁਤਾਹੀ ਖਿਲਾਫ ਸੱਚ ਦੀ ਲੜਾਈ ਲੜਦਾ ਰਹੇਗਾ ਕਿਉਂਕਿ ਅਸੀਂ ਅਸਲ ਸੰਘੀ ਢਾਂਚੇ ਲਈ ਡੱਟਦੇ ਹਾਂ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਨੇ 5 ਅਕਤੂਬਰ ਨੁੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਆਪਣੀ ਮੀਟਿੰਗ ਵਿਚ ਇਸ ਪੰਜਾਬ ਵਿਰੋਧੀ ਫੈਸਲੇ ਲਈ ਸਹਿਮਤੀ ਦੇ ਦਿੱਤੀ। ਉਹਨਾਂ ਕਿਹਾ ਕਿ ਚੰਨੀ ਨੇ ਸੱਤਾ ਦੇ ਕੁਝ ਹੋਰ ਮਹੀਨਿਆਂ ਖਾਤਰ ਸੂਬੇ ਦੇ ਹਿੱਤ ਵੇਚ ਦਿੱਤੇ ਹਨ।

  ਸ. ਬਾਦਲ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਨਾਲ ਉਦੋਂ ਵਿਤਕਰਾ ਕੀਤਾ ਗਿਆ ਸੀ ਜਦੋਂ ਕਾਂਗਰਸ ਸਰਕਾਰ ਨੇ ਇਸਦੇ ਦਰਿਆਈ ਪਾਣੀ ਖੋਹ ਲਏ ਸਨ। ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਜੀ ਐਸ ਟੀ ਦਾ ਦੌਰ ਸ਼ੁਰੂ ਹੋਣ ਨਾਲ ਅਸੀਂ ਆਪਣਾ ਮਾਲੀਆ ਵੀ ਗੁਆ ਲਿਆ। ਉਹਨਾਂ ਕਿਹਾ ਕਿ ਹੁਣ ਸਾਡੀ ਜ਼ਮੀਨ ਤੇ ਪੁਲਿਸ ਵੀ ਖੋਹੀ ਜਾ ਰਹੀ ਹੈ।

  ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨਵੇਂ ਫੈਸਲੇ ਦਾ ਪ੍ਰਭਾਵਸ਼ਾਲੀ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵੱਲੋਂ ਹਾਲੇ ਇਸ ਨਵੇਂ ਫੈਸਲੇ ਨੁੰ ਰੱਦ ਕਰਨਾ ਬਾਕੀ ਹੈ। ਉਹਨਾਂ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਕਰਾਰ ਬਣਨ ’ਤੇ ਇਹ ਫੈਸਲਾ ਰੱਦ ਕੀਤਾ ਜਾਵੇਗਾ।

  ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੇਂ ਕੇਂਦਰੀ ਫੈਸਲੇ ਨੇ ਲੋਕਾਂ ਨੂੰ ਅਤਿਵਾਦ ਦਾ ਉਹ ਕਾਲਾ ਦੌਰ ਚੇਤੇ ਕਰਵਾ ਦਿੱਤਾ ਹੈ ਜਦੋਂ ਕੇਂਦਰੀ ਬਲਾਂ ਦਾ ਪੂਰੇ ਸੁਬੇ ਵਿਚ ਰਾਜ ਹੁੰਦਾ ਸੀ। ਉਹਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਜੇਲ੍ਹ ਮੰਤਰੀ ਹੁੰਦਿਆਂ ਇਸ ਕਦਮ ਦੀ ਹਮਾਇਤ ਇਹ ਕਹਿ ਕੇ ਕੀਤੀ ਸੀ ਕਿ ਜੇਲ੍ਹਾਂ ਦਾ ਕੰਟਰੋਲ ਸੀ ਆਰ ਪੀ ਐਫ ਨੂੰ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਘਰ ਵੀ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਆ ਗਿਆ ਹੈ।

  ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਐਨ ਕੇ ਸ਼ਰਮਾ ਤੇ ਪਰਮਬੰਸ ਸਿੰਘ ਰੋਮਾਣਾ ਨੇ ਵੀ ਪਾਰਟੀ ਪ੍ਰਧਾਨ ਦੇ ਨਾਲ ਹੀ ਗ੍ਰਿਫਤਾਰੀ ਦਿੱਤੀ।
  Published by:Ashish Sharma
  First published: