ਸਿਆਸੀ ਵਿਰੋਧੀਆਂ ਨੂੰ ਲੁਧਿਆਣਾ ਬੰਬ ਧਮਾਕੇ ਨਾਲ ਜੋੜਨ ਦੇ ਸਬੂਤ ਜਨਤਕ ਕਰੋ ਜਾਂ ਫਿਰ ਘਟੀਆ ਰਾਜਨੀਤੀ ਖੇਡਣ ਲਈ ਮੁਆਫੀ ਮੰਗੋ

ਮੁੱਖ ਮੰਤਰੀ ਨੁੰ ਪਿਛਲੇ ਚਾਰ ਮਹੀਨਿਆਂ ਵਿਚ ਸੂਬੇ ਵਿਚ ਹੋਏ ਹੋਰ ਪੰਜ ਧਮਾਕਿਆਂ ਦੀ ਸਟੇਟਸ ਰਿਪੋਰਟ ਵੀ ਦੇਣ ਲਈ ਆਖਿਆ

ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਚੰਨੀ ਨੁੰ ਚੁਣੌਤੀ

 • Share this:
  ਜਗਰਾਓਂ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਕਿ ਉਹ ਲੁਧਿਆਣਾ ਬੰਬ ਧਮਾਕੇ ਨਾਲ ਸਿਆਸੀ ਵਿਰੋਧੀਆਂ ਨੁੰ ਜੋੜਨ ਦੇ ਸਬੂਤ ਜਨਤਕ ਕਰਨ ਜਾਂ ਫਿਰ ਇਸ ਸੰਵਦੇਨਸ਼ੀਲ ਮੁੱਦੇ ਜਿਸ ਨਾਲ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੋ ਸਕਦੀ ਹੈ, ’ਤੇ ਘਟੀਆ ਰਾਜਨੀਤੀ ਖੇਡਣ ਲਈ ਮੁਆਫੀ ਮੰਗਣ।

  ਅਕਾਲੀ ਦਲ ਦੇ ਪ੍ਰਧਾਨ ਅੱਜ ਜਗਰਾਓਂ ਵਿਚ ਐਸ ਕੇ ਆਰ ਕਲੇਰ ਅਤੇ ਨਿਹਾਲ ਸਿੰਘ ਵਾਲਾ ਤੋਂ ਬਲਦੇਵ ਸਿੰਘ ਮਾਣੂਕੇ ਦੇ ਹੱਕ ਵਿਚ ਵਿਸ਼ਾਲ ਰੈਲੀਆਂ ਨੁੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

  ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕ ਇਹ ਮੁੱਖ ਮੰਤਰੀ ਨੁੰ ਸੋਭਾ ਨਹੀਂ ਦਿੰਦਾ ਕਿ ਉਹ ਇਹ ਦਾਅਵਾ ਕਰਨ ਕਿ ਸੂਬੇ ਵਿਚ ਜੋ ਗੜਬੜ ਹੋ ਰਹੀ ਹੈ, ਉਹ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਹੋ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਚਰਨਜੀਤ ਚੰਨੀ ਨੇ ਆਪਣਾ ਦਿਮਾਗੀ ਤਵਾਜ਼ਨ ਗੁਆ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਅਕਾਲੀ ਆਗੂ ਨੁੰ ਅਜਿਹੇ ਘਿਨੌਣੇ ਅਪਰਾਧ ਨਾਲ ਜੋੜਨ ਦਾ ਕੋਈ ਸਬੂਤ ਹੈ ਤਾਂ ਉਸਨੁੰ ਤੁਰੰਤ ਜਨਤਕ ਕੀਤਾ ਜਾਵ। ਉਹਨਾਂ ਕਿਹਾ ਕਿਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਇਸ ਤ੍ਰਾਸਦੀ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰਨ ਲਈ ਜਨਤਕ ਮੁਆਫੀ ਮੰਗਣ।

  ਸ. ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਪਿਛਲੇ ਚਾਰ ਮਹੀਨਿਆਂ ਵਿਚ ਪੰਜ ਹੋਰ ਧਮਾਕੇ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹਨਾਂ ਸਾਰੀਆਂ ਘਟਨਾਵਾਂ ਦੀ ਸਟੇਟਸ ਰਿਪੋਰਟ ਵੀ ਲੋਕਾਂ ਦੇ ਸਾਹਮਣੇ ਰੱਖਣ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸਰਕਾਰ ਸੁੱਤੀ ਪਈ ਫੜੀ ਗਈ ਹੈ। ਉਹ ਸਿਆਸੀ ਵਿਰੋਧੀਆਂ ਨੁੰ ਫਸਾਉਣ ਵਿਚ ਰੁੱਝੀ ਹੋਈ ਹੈ ਤੇ ਇਸਨੇ ਦੇਸ਼ ਵਿਰੋਧੀ ਤਾਕਤਾਂ ਨੂੰ ਸੁਬੇ ਦੀ ਸ਼ਾਂਤੀ ਭੰਗ ਕਰਨ ਦਾ ਖੁੱਲ੍ਹਾ ਮੌਕਾ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਪਹਿਲੇ ਧਮਾਕਿਆਂ ਦੀ ਪੜਤਾਲ ਕੀਤੀ ਹੁੰਦੀ ਤਾਂ ਫਿਰ ਲੁਧਿਆਣਾ ਤ੍ਰਾਸਦੀ ਟਾਲੀ ਜਾ ਸਕਦੀ ਸੀ।

  ਮੁੱਖ ਮੰਤਰੀ ’ਤੇ ਪੰਜਾਬੀਆਂ ਨੁੰ ਮੂਰਖ ਬਣਾਉਣ ਵਿਚ ਰੁੱਝੇ ਰਹਿਣ ਦਾ ਦੋਸ਼ ਲਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਤੁਸੀਂ ਸਿਰਫ ਖੋਖਲੇ ਵਾਅਦੇ ਕਰਨ ਅਤੇ ਸੂਬੇ ਦੇ ਸਰੋਤ ਅਖ਼ਬਾਰਾਂ ਵਿਚ ਪੂਰੇ ਸਫਿਆਂ ਦੇ ਝੁਠੇ ਦਾਅਵਿਆਂ ਵਾਲੇ ਆਪਣੇ ਸਿਹਰਾ ਬੰਨਣ ਦਾ ਯਤਨ ਕਰਦਿਆਂ ਇਸ਼ਤਿਹਾਰ ਦੇਣ ਤੋਂ ਇਲਾਵਾ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੇ ਆਪਣੀ ਸਾਖ਼ ਗੁਆ ਲਈ ਹੈ ਤੇ ਹੁਣ ਉਹਨਾਂ ਨੂੰ ਐਲਾਨਜੀਤ ਸਿੰਘ ਆਖਿਆ ਜਾਂਦਾ ਹੈ।

  ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਿਰਫ 150 ਘੰਟੇ ਬਾਕੀ ਰਹਿ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਸਿਰਫ ਅਕਾਲੀ ਆਗੂਆਂ ਨੁੰ ਝੂਠੇ ਕੇਸਾਂ ਵਿਚ ਫਸਾਉਣ ਵਿਚ ਰੁੱਝੀ ਹੈ। ਉਹਨਾਂ ਨੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੇ ਪੁੱਤਰਾਂ ਖਿਲਾਫ ਮਨਘੜਤ ਦੋਸ਼ਾਂ ਹੇਠ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਜਾਣ ਦੀ ਉਦਾਹਰਣ ਦਿੱਤੀ।
  ਸਰਦਾਰ ਬਾਦਲ ਨੇ ਅਫਸਰਾਂ ਨੁੰ ਚੇਤਾਵਨੀ ਦਿੱਤੀ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸਾਰੇ ਝੂਠੇ ਕੇਸਾਂ ਦੀ ਇਕ ਕਮਿਸ਼ਨ ਵੱਲੋਂ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਹੜੇ ਅਫਸਰ ਝੁਠੇ ਕੇਸ ਬਣਾਉਣ ਦੇ ਜ਼ਿੰਮੇਵਾਰ ਪਾਏ ਗਏ, ਉਹਨਾਂ ਦੇ ਖਿਲਾਫ ਕਾਰਵਾਈ ਆਰੰਭੀ ਜਾਵੇਗੀ। ਉਹਨਾਂ ਕਿਹਾ ਕਿ ਅਗਲੀ ਸਰਕਾਰ ਕਾਂਗਰਸ ਸਰਕਾਰ ਵੱਲੋਂ ਪਿਛਲੇ ਤਿੰਨ ਮਹੀਨਿਆਂ ਵਿਚ ਲਏ ਸਾਰੇ ਲੋਕ ਵਿਰੋਧੀ ਫੈਸਲਿਆਂ ਦੀ ਵੀ ਸਮੀਖਿਆ ਕਰੇਗੀ।

  ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਵਾਪਰੀਆਂ ਤਿੰਨ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਇਹਨਾਂ ਨੂੰ ਸੰਜੀਦਗੀ ਨਾਲ ਨਾ ਲੈਣ ’ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਨਿਖੇਧੀ ਵੀ ਕੀਤੀ। ਉਹਨਾਂ ਕਿਹਾ ਕਿ ਦੋ ਕੇਸਾਂ ਵਿਚ ਮੁਲਜ਼ਮ ਪੁਲਿਸ ਦੇ ਹਵਾਲੇ ਕੀਤੇ ਗਏ ਪਰ ਮਾਮਲੇ ਵਿਚ ਕੋਈ ਕਾਰਵਈ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਨਾਲ ਦੁਨੀਆਂ ਭਰ ਵਿਚ ਬੈਠੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।

  ਇਕੱਠ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨਾਲ ਕੀਤੇ ਵਾਅਦੇ ਮੁੜ ਦੁਹਰਾਏ ਤੇ ਕਿਹਾ ਕਿ ਬੀ ਪੀ ਐਲ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਦੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦਿੱਤੀ ਜਾਵੇਗੀ, ਸਾਰਿਆਂ ਨੁੰ ਹਰ ਦੋ ਮਹੀਨਿਆਂ ਵਿਚ 800 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ, ਮੈਗਾ ਸਕੂਲ ਖੋਲ੍ਹੇ ਜਾਣਗੇ, ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ 33 ਫੀਸਦੀ ਰਾਖਵਾਂਕਰਨ ਕੀਤਾ ਜਾਵੇਗਾ, ਸਰਕਾਰੀ ਨੌਕਰੀਆਂ ਵਿਚ ਮਹਿਲਾਵਾਂ ਲਈ 50 ਫੀਸਦੀ ਰਾਖਵਾਂਕਰਨ ਹੋਵੇਗਾ, ਸਾਰਿਆਂ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਹੋਵੇਗਾ, ਜ਼ਿਲ੍ਹਾ ਪੱਧਰ ’ਤੇ ਮੈਡੀਕਲ ਕਾਲਜ ਖੋਲ੍ਹੇ ਜਾਣਗੇ, ਬੇਰੋਜ਼ਗਾਰਾਂ ਨੁੰ ਆਪਣੇ ਉਦਮ ਸਥਾਪਿਤ ਕਰਨ ਵਾਸਤੇ ਵਿਆਜ਼ ਮੁਕਤ 5 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਕਿਸਾਨਾਂ ਨੁੰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ, ਪ੍ਰਤੀ ਏਕੜ 50 ਹਜ਼ਾਰ ਰੁਪਏ ਫਸਲੀ ਬੀਮਾ ਹੋਵੇਗਾ ਤੇ ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ।
  Published by:Ashish Sharma
  First published: