Home /News /punjab /

ਮੁੱਖ ਮੰਤਰੀ ਫੇਲ੍ਹ ਦਿੱਲੀ ਮਾਡਲ ਦਾ ਖਹਿੜਾ ਛੱਡਣ : ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਫੇਲ੍ਹ ਦਿੱਲੀ ਮਾਡਲ ਦਾ ਖਹਿੜਾ ਛੱਡਣ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਆਪ ਹਾਈ ਕਮਾਂਡ ਈਸਟ ਇੰਡੀਆ ਕੰਪਨੀ ਵਾਂਗ ਵਿਹਾਰ ਕਰ ਰਹੀ ਹੈ ਜੋ ਪੰਜਾਬ ਨੂੰ ਲੁੱਟ ਕੇ ਫੰਡ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਖਰਚ ਕਰ ਰਹੀ ਹੈ (file photo)

ਕਿਹਾ ਕਿ ਆਪ ਹਾਈ ਕਮਾਂਡ ਈਸਟ ਇੰਡੀਆ ਕੰਪਨੀ ਵਾਂਗ ਵਿਹਾਰ ਕਰ ਰਹੀ ਹੈ ਜੋ ਪੰਜਾਬ ਨੂੰ ਲੁੱਟ ਕੇ ਫੰਡ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਖਰਚ ਕਰ ਰਹੀ ਹੈ (file photo)

ਕਿਹਾ ਕਿ ਸਿੱਖਿਆ ’ਤੇ ਲਗਾਤਾਰ ਤੀਜੇ ਸਰਵੇਖਣ ਨੇ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਨਾਲੋਂ ਬੇਹਤਰ ਕਰਾਰ ਦਿੱਤਾ ਜਦੋਂ ਕਿ ਮੁੱਖ ਮੰਤਰੀ ਦੇ ਦਿੱਲੀ ਦੇ ਸਕੂਲਾਂ ਦੀ ਵਕਾਲਤ ਕਰ ਰਹੇ ਹਨ

 • Share this:

  ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਝੂਠੀ ਪਬਲੀਸਿਟੀ ’ਤੇ ਆਧਾਰਿਤ ਦਿੱਲੀ ਮਾਡਲ ਦਾ ਖਹਿੜਾ ਛੱਡਣ ਅਤੇ ਪੰਜਾਬ ਦੇ ਸਿੱਖਿਆ ਤੇ ਸਿਹਤ ਖੇਤਰਾਂ ਨੂੰ ਸੂਬੇ ਦੀਆਂ ਲੋਕਾਂ ਮੁਤਾਬਕ ਚਲਾਉਣ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ਹੋਰਨਾਂ ਚੀਜ਼ਾਂ ਵਾਂਗ ਪੂਰੀ ਤਰ੍ਹਾਂ ਫੇਲ੍ਹ ਹੈ ਤੇ ਸਿਰਫ ਪ੍ਰਾਪੇਗੰਡੇ ਤੇ ਪੇਡ ਨਿਊਜ਼ ਦੇ ਸਹਾਰੇ ਇਸਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

  ਇਥੇ ਵੱਖ ਵੱਖ ਜਨਤਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਅਤੇ ਅਨੇਕਾਂ ਸੀਨੀਅਰ ਅਕਾਲੀ ਆਗੂਆਂ ਦੇ ਘਰਾਂ ਵਿਚ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਕੂਲ ਸਿੱਖਿਆ ਦੇ ਦਿੱਲੀ ਮਾਡਲ ਦੀ ਸਹੁੰ ਖਾਣ ਤੋਂ ਨਹੀਂ ਥੱਕਦੇ ਜਦੋਂ ਕਿ ਕੌਮੀ ਸਰਵੇਖਣਾਂ ਵਿਚ ਵਾਰ ਵਾਰ ਪੰਜਾਬ ਦੀ ਸਕੂਲ ਸਿੱਖਿਆ ਦਾ ਮਿਆਰ ਦਿੱਲੀ ਦੇ ਮੁਕਾਬਲੇ ਚੰਗਾ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤਾਜ਼ਾ ਫਾਉਂਡੇਸ਼ਨ ਲਰਨਿੰਗ ਸਟੱਡੀ 2022 ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਤੀਜੀ ਜਮਾਤ ਦੇ ਵਿਦਿਆਰਥੀ ਬੁਨਿਆਦੀ ਜਾਣਕਾਰੀ ਤੇ ਮੁਹਾਰਤ ਵਿਚ ਦਿੱਲੀ ਦੇ ਸਕੂਲਾਂ ਨਾਲੋਂ ਕਿਤੇ ਮੋਹਰੀ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਨੈਸ਼ਨਲ ਅਚੀਵਮੈਂਟ ਸਰਵੇਖਣ ਅਤੇ ਪਰਫਾਰਮੈਂਸ ਗਰੇਡਿੰਗ ਇੰਡੈਕਸ ਸਰਵੇਖਣ ਵਿਚ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਤੋਂ ਕਿਤੇ ਮੋਹਰੀ ਦੱਸਿਆ ਗਿਆ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਦਿੱਲੀ ਦੇ ਸਕੂਲ ਸਿੱਖਿਆ ਮਾਡਲ ਦੀ ਵਕਾਲਤ ਕਰਨੀ ਛੱਡਣੀ ਚਾਹੀਦੀ ਹੈ।

  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਮਾਡਲ ਸੂਬੇ ਲਈ ਬਹੁਤ ਮਹਿੰਗਾ ਸਾਬਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਹਾਲ ਹੀ ਵਿਚ ਦੱਸਿਆ ਸੀ ਕਿ ਸੂਬੇ ਦੇ ਆਬਕਾਰੀ ਮਾਲੀਏ ਵਿਚ 47 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਪੰਜ ਮਹੀਨਿਆਂ ਵਿਚ ਜੀ ਐਸ ਟੀ ਤੋਂ ਆਮਦਨ 24 ਫੀਸਦੀ ਵਧੀ ਹੈ ਪਰ ਸਰਕਾਰ ਇਸਦੇ ਬਾਵਜੂਦ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੀ ਅਦਾਇਗੀ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਾਸਤੇ ਆਰ ਬੀ ਆਈ ਗਰੰਟੀਆਂ ਦਾ ਸਹਾਰਾ ਲਿਆ ਹੈ।

  ਬਾਦਲ ਨੇ ਕਿਹਾ ਕਿ ਇਹ ਸਭ ਕੁਝ ਇਸ ਕਰ ਕੇ ਹੋਰ ਰਿਹਾ ਹੈ ਕਿਉਂਕਿ ਆਪ ਹਾਈ ਕਮਾਂਡ ਈਸਟ ਇੰਡੀਆ ਕੰਪਨੀ ਵਾਂਗ ਵਿਹਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਆਮਦਨ ਨੂੰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਵਾਸਤੇ ਲੁਟਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਵਿਚ ਖਾਸ ਤੌਰ ’ਤੇ ਜਿਹਨਾਂ ਰਾਜਾਂ ਵਿਚ ਚੋਣਾਂ ਹੋਣੀਆਂ ਹਨ, ਉੲਨਾਂ ਵਿਚ ਇਸ਼ਤਿਹਾਰਾਂ ਤੇ ਪੇਡ ਨਿਊਜ਼ ’ਤੇ 100 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਮੌਜੂਦਾ ਮਾਲੀ ਸਾਲ ਵਿਚ ਇਸ਼ਤਿਹਾਰਬਾਜ਼ੀ ਲਈ ਸੂਬੇ ਦੇ ਬਜਟ ਵਿਚ 700 ਕਰੋੜ ਰੁਪਏ ਰੱਖੇ ਗਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਵਿਕਾਸ ਕਾਰਜ ਨਹੀਂ ਹੋ ਰਹੇ ਅਤੇ ਤਨਖਾਹਾਂ ਦੇਣ ਵਾਸਤੇ ਵੀ ਫੰਡ ਨਹੀਂ ਹਨ।

  ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਆਖਦੇ ਹੁੰਦੇ ਸਨ ਕਿ ਉਹਨਾਂ ਦੀ ਸਰਕਾਰ ਪਿੰਡਾਂ ਵਿਚ ਰਹੇਗੀ। ਉਹਨਾਂ ਕਿਹਾ ਕਿ ਪਿੰਡਾਂ ਦੀ ਤਾਂ ਗੱਲ ਹੀ ਛੱਡੋ, ਸਰਕਾਰ ਤਾਂ ਚੰਡੀਗੜ੍ਹ ਵਿਚ ਵੀ ਨਹੀਂ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿਚ ਲੋਕਾਂ ਨੂੰ ਆਟਾ ਦਾਲ ਸਕੀਮ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ।

  ਮੁੱਖ ਮੰਤਰੀ ਦੀ ਮਾਤਾ ਤੇ ਪਤਨੀ ਵੱਲੋਂ ਸੰਵਿਧਾਨਕ ਭੂਮਿਕਾਵਾਂ ਵਿਚ ਆਉਣ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਹ ਗਲਤ ਹੈ। ਸੰਵਿਧਾਨਕ ਅਹੁਦਿਆਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਇਹਨਾਂ ’ਤੇ ਕਬਜ਼ਾ ਕਰਨ ਦਾ ਹੱਕ ਨਹੀਂ ਹੈ। ਵੁਹਨਾਂ ਕਿਹਾ ਕਿ ਜੇਕਰ ਅਜਿਹਾ ਜਾਰੀ ਰਿਹਾ ਤਾਂ ਸੂਬੇ ਵਿਚ ਹਫੜਾ ਦਫੜੀ ਵਾਲਾ ਮਾਹੌਲ ਬਣ ਜਾਵੇਗਾ।


  ਉਹਨਾਂ ਨੇ ਪੰਜਾਬੀਆਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਆਪ ਅਤੇ ਇਸਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸੂਬੇ ਦੇ ਦਰਿਆਈ ਪਾਣੀਆਂ ਦੀ ਲੁੱਟ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਅਸੀਂ ਕਦੇ ਵੀ ਆਪ ਵੱਲੋਂ ਸਾਡੇ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਦੀ ਰਚੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦਿਆਂਗੇ ਅਤੇ ਅਸੀਂ ਇਸ ਸਾਜ਼ਿਸ਼ ਨੂੰ ਮਾਤ ਪਾਉਣ ਵਾਸਤੇ ਕੋਈ ਵੀ ਸ਼ਹੀਦੀ ਦੇਣ ਵਾਸਤੇ ਤਿਆਰ ਹਾਂ।

  ਇਸ ਮੌਕੇ ਸੀਨੀਅਰ ਆਗੂ  ਇਕਬਾਲ ਸਿੰਘ ਝੂੰਦਾਂ, ਬਲਦੇਵ ਸਿੰਘ ਮਾਨ, ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਗੁਲਜ਼ਾਰ ਸਿੰਘ ਮੂਣਕ ਵੀ ਹਾਜ਼ਰ ਸਨ।

  Published by:Ashish Sharma
  First published:

  Tags: AAP Punjab, Arvind Kejriwal, Bhagwant Mann, Sangrur, Sukhbir Badal