ਅੰਮ੍ਰਿਤਸਰ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਭਗਵੰਤ ਮਾਨ 'ਤੇ ਵੱਡਾ ਨਿਸ਼ਾਨਾ, ਕਿਹਾ ਕਿ ਜਿਹੜਾ ਬੰਦਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ, ਉਹਨੂੰ ਕੀ ਪਤਾ ਗੁਰੂ ਘਰ ਦੀ ਕੀ ਸ਼ਾਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇੱਕ ਬਹੁਤ ਹੀ ਅਯੋਗ ਮੁੱਖ ਮੰਤਰੀ ਮਿਲਿਆ ਹੈ, ਜਿਸਨੂੰ ਇਹ ਨਹੀਂ ਪਤਾ ਕਿ ਪੰਜਾਬ ਅਤੇ ਸਰਕਾਰ ਨੂੰ ਕਿਵੇਂ ਚਲਾਉਣਾ ਹੈ। ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਵਿਖੇ ਪਰਿਵਾਰ ਨਾਲ ਪਹੁੰਚੇ ਸਨ। ਉਨ੍ਹਾਂ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਖਬੀਰ ਬਾਦਲ ਨੇ ਜੋੜਿਆਂ ਦੀ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਾਸਤਿਕ ਬੰਦਾ ਹੈ। ਉਨ੍ਹਾਂ ਨੂੰ ਸਿੱਖ ਸਿਧਾਂਤ ਅਤੇ ਸਿੱਖ ਮਰਿਆਦਾ ਬਾਰੇ ਕੁਝ ਨਹੀ ਪਤਾ ਹੈ। ਉਹਨਾਂ ਨੂੰ ਗੁਰੂ ਨਾਲ ਕੋਈ ਪ੍ਰੇਮ ਨਹੀਂ ਹੈ ਅਤੇ ਉਹ ਹੰਕਾਰੀ ਬਣ ਗਏ ਹਨ। ਉਹਨਾਂ ਪੰਜਾਬ ਦੀ ਸੇਵਾ ਕਰਨ ਦੀ ਥਾਂ ਇਸ ਨੂੰ ਬਰਬਾਦ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਅੱਗੇ ਕਿਹਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਨਾਲਾਇਕ ਮੁੱਖ ਮੰਤਰੀ ਪੰਜਾਬ ਦੇ ਪੱਲੇ ਪੈ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ 6 ਮਹੀਨਿਆਂ ਅੰਦਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਉਨ੍ਹਾਂ ਐਸਵਾਈਐਲ ਦੇ ਮੁੱਦੇ ਉਤੇ ਬੋਲਦਿਆਂ ਕਿਹਾ ਕਿ ਜਦੋਂ ਪਾਣੀ ਹੀ ਨਹੀਂ ਤੇ ਐਸਵਾਈਐਲ ਲਈ ਜ਼ਮੀਨ ਹੀ ਨਹੀਂ ਤਾਂ ਫਿਰ ਮੀਟਿੰਗ ਕਰਨ ਦੀ ਕੋਈ ਤੁੱਕ ਹੀ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਸਾਜਿਸ਼ ਘੜੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Bhagwant Mann, Sukhbir Badal, SYL