ਚੰਡੀਗੜ੍ਹ: ਕੇਂਦਰੀ ਬਜਟ 2023 ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਲਈ ਨਿਰਾਸ਼ਾਜਨਕ ਹੈ ਅਤੇ ਇਸ ਵਿਚ ਪੰਜਾਬ ਵਿਚ ਖੇਤੀਬਾੜੀ ਤੇ ਸਨੱਅਤੀ ਖੇਤਰ ਨੂੰ ਸੁਰਜੀਤ ਕਰਨ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।
ਅੱਜ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਅਤੇ ਨਾ ਹੀ ਘੱਟੋ-ਘੱਟ ਸਮਰਥਨ ਮੁੱਲ 'ਤੇ ਸਾਰੀਆਂ ਫਸਲਾਂ ਦੀ ਖਰੀਦ ਲਈ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਨਾ ਸਾਲ 2022 ਤੱਕ ਪੱਕੇ ਮਕਾਨਾਂ ਨੂੰ ਯਕੀਨੀ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਵੀ ਕੁਝ ਨਹੀਂ ਕੀਤਾ ਗਿਆ ਨਾ ਹੀ ਹੁਣ ਮਹਿੰਗਾਈ ਨੂੰ ਕਾਬੂ ਕਰਨ, ਤੇਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਨੌਜਵਾਨ ਅਜੇ ਵੀ 16 ਕਰੋੜ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਕਿਉਂਕਿ ਵਾਅਦਾ ਕੀਤਾ ਗਿਆ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਇਸ ਦੇ ਇਲਾਵਾ ਇਸ ਬਜਟ ਵਿੱਚ ਪੰਜਾਬ ਲਈ ਵੀ ਕੁਝ ਨਹੀਂ ਹੈ। ਸਰਹੱਦੀ ਸੂਬੇ ਦੇ ਕਿਸਾਨਾਂ ਨੂੰ ਕੋਈ ਪ੍ਰੋਤਸਾਹਨ ਰਾਸ਼ੀ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨਾਲ ਨਜਿੱਠਣ ਲਈ ਫ਼ਸਲੀ ਵਿਭਿੰਨਤਾ ਲਈ ਕੋਈ ਫੰਡ ਨਹੀਂ ਦਿੱਤਾ ਗਿਆ ਅਤੇ ਦੇਸ਼ ਦੇ ਭੋਜਨ ਭੰਡਾਰ ਵਿੱਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਲਈ ਕੋਈ ਸਹਾਇਤਾਂ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਨਾ ਹੀ ਪੰਜਾਬ ਲਈ ਕੋਈ ਨਵੀਂ ਵੱਡੀ ਸੰਸਥਾ ਬਜਟ ਵਿਚ ਸ਼ਾਮਲ ਹੈ। ਉਹਨਾਂ ਕਿਹਾ ਕਿ ਬਜਟ ਵਿਚ ਕੇਂਦਰ ਸਰਕਾਰ ਵੱਲੋਂ ਸਿਰਫ਼ ਤੇ ਸਿਰਫ਼ ਕਾਰਪੋਰੇਟ ਅਤੇ ਅਗਾਮੀ ਚੋਣਾਂ ਵਾਲੇ ਰਾਜਾਂ 'ਤੇ ਤਵੱਜੋਂ ਦੇ ਰਿਹਾ ਹੈ।
ਸਰਕਾਰ ਵੱਲੋਂ ਮੋਟੇ ਅਨਾਜ ਯਾਨੀ ਬਾਜਰਾ, ਜਵਾਰ, ਜੌਂ ਆਦਿ ’ਤੇ ਜ਼ੋਰ ਦੇਣ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਇਹ ਤਾਂ ਹੀ ਸਫਲ ਹੋਵੇਗਾ ਜੇਕਰ ਮੋਟੇ ਅਨਾਜ ਦੀ ਖਰੀਦ ਢੁਕਵੀਂ ਐਮ ਐਸ ਪੀ ਅਨੁਸਾਰ ਕੀਤੀ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਸਨੱਅਤ ਮਾੜੇ ਸਮੇਂ ਵਿਚੋਂ ਲੰਘ ਰਹੀ ਹੈ ਤੇ ਸੂਬੇ ਦੀ ਇੰਡਸਟਰੀ ਹੋਰ ਰਾਜਾਂ ਵਿਚ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀਮੰਦਭਾਗੀ ਗੰਲ ਹੈ ਕਿ ਪੰਜਾਬ ਵਿਚ ਇੰਡਸਟਰੀਵਾਸਤੇ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਟੈਕਸ ਰਿਆਇਆਂ ਕਾਰਨ ਪੰਜਾਬ ਦੀ ਇੰਡਸਟਰੀ ਪਹਾੜੀ ਰਾਜਾਂ ਵਿਚ ਹਿਜਰਤ ਕਰ ਚੁੱਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Modi government, Nirmala Sitharaman, Shiromani Akali Dal, Sukhbir Badal, Union Budget, Union Budget 2023