ਸੁਖਪਾਲ ਖਹਿਰਾ ਨੇ ਕਿਹਾ, "ਮੈਂ 'ਆਪ' ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਰਕਾਰੀ ਅਧਿਕਾਰੀਆਂ ਨੂੰ ਧਮਕਾਉਣਾ ਬੰਦ ਕਰਨ।" ਚੰਡੀਗੜ੍ਹ : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਲਿਖਿਆ ਹੈ ਕਿ 'ਮੇਰੀ AAP ਦੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ, ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਇਸ ਦੀ ਸ਼ਿਕਾਇਤ ਭਗਵੰਤ ਮਾਨ ਨੂੰ ਕਰਨ ਕਿਉਂਕਿ ਸਾਡਾ ਕੰਮ ਕਾਨੂੰਨ ਬਣਾਉਣ ਦਾ ਹੈ ਅਤੇ ਸਾਡੇ ਕੋਲ ਕਿਸੇ ਨੂੰ ਸਸਪੈਂਡ ਜਾਂ ਚਾਰਜਸ਼ੀਟ ਕਰਨ ਦਾ ਕੋਈ ਪ੍ਰਸ਼ਾਸਨਿਕ ਅਧਿਕਾਰ ਨਹੀਂ ਹੈ। ਇਹ ਤਾਕਤ ਚੀਫ ਸੈਕਟਰੀ ਜਾਂ ਮਹਿਕਮਿਆਂ ਦੇ ਮੁੱਖੀਆਂ ਕੋਲ ਹਨ।'
ਸੁਖਪਾਲ ਖਹਿਰਾ ਨੇ ਅੱਗੇ ਲਿਖਿਆ ਹੈ ਕਿ 'ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਦੀ ਬਜਾਏ ਇਹ ਜ਼ਿਆਦਾ ਬੇਹਤਰ ਹੋਵੇਗਾ ਕਿ ਨਵੀਂ ਚੁਣੀ ਸਰਕਾਰ ਅਫਸਰਾਂ ਅਤੇ ਕਰਮਚਾਰੀਆਂ ਦੇ ਕੰਮ ਕਾਜ ਵਾਸਤੇ ਇੱਕ ਵਧੀਆ ਪਾਲਿਸੀ ਬਣਾਵੇ ਅਤੇ ਉਨ੍ਹਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਪਾਰਦਰਸ਼ਤਾ ਲਿਆਵੇ। “ਪੁੱਠਾ ਟੰਗ ਦਿਆਂਗੇ” ਵਰਗੇ ਸ਼ਬਦ ਇੱਕ MLA ਦੇ ਮੂੰਹ ਤੋਂ ਸ਼ੋਭਦੇ ਨਹੀਂ ਹਨ।'
ਇਸ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ 122 ਸਿਆਸਤਦਾਨਾਂ ਦੀ ਸਰਕਾਰੀ ਸੁਰੱਖਿਆ ਵਾਪਸ ਲੈਣ ਦੇ ਹੁਕਮਾਂ ਦਾ ਸੁਖਪਾਲ ਖਹਿਰਾ ਨੇ ਸਵਾਗਤ ਕੀਤਾ ਸੀ।
ਟਵੀਟ ਕਰਦਿਆਂ ਉਨ੍ਹਾਂ ਕਿਹਾ, ''ਮੈਂ ਭਗਵੰਤ ਮਾਨ ਵਲੋਂ 122 ਸਿਆਸਤਦਾਨਾਂ ਤੋਂ ਸੁਰੱਖਿਆ ਵਾਪਸ ਲੈਣ ਵਾਲੇ ਫ਼ੈਸਲੇ ਦਾ ਸੁਆਗਤ ਕਰਦਾ ਹਾਂ ਕਿਉਂਕਿ ਇਹ ਸੁਰੱਖਿਆ ਤੋਂ ਜ਼ਿਆਦਾ ਦਿਖਾਵੇ ਲਈ ਸੀ। ਇਸੇ ਲੜੀ ਤਹਿਤ ਮੈਂ ਭਗਵੰਤ ਮਾਨ ਨੂੰ ਉਨ੍ਹਾਂ ਨੌਕਰਸ਼ਾਹਾਂ/ਅਧਿਕਾਰੀਆਂ ਦੀ ਸੁਰੱਖਿਆ ਵਿਚ ਕਟੌਤੀ ਕਰਨ ਦੀ ਅਪੀਲ ਕਰਦਾ ਹਾਂ ਜਿਨ੍ਹਾਂ ਨੇ ਵੀ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਪਾਇਆ ਹੈ।''
ਜ਼ਿਕਰਯੋਗ ਹੈ ਕਿ ਦੋਆਬੇ ਦੀ ਹੌਟ ਸੀਟ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਆਪਣੀ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਕੇ 9225 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਦੱਸ ਦਈਏ ਕਿ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 37254 ਵੋਟਾਂ ਪਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 28029 ਵੋਟਾਂ ਮਿਲੀਆਂ। ਇਸ ਦੌਰਾਨ 9225 ਵੋਟਾਂ ਦੀ ਲੀਡ ਨਾਲ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜੇਤੂ ਰਹੇ। ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ 13612 ਵੋਟਾਂ ਪ੍ਰਾਪਤ ਕਰਦੇ ਤੀਜੇ ਸਥਾਨ 'ਤੇ ਰਹੇ। ਚੌਥੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਰਜਿੰਦਰ ਸਿੰਘ ਫੌਜੀ ਰਹੇ, ਜਿਨ੍ਹਾਂ ਨੂੰ 7578 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਪੰਜਵੇਂ ਨੰਬਰ 'ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਗੋਰਾ ਗਿੱਲ 1195 ਵੋਟਾਂ ਨਾਲ ਰਹੇ।
Published by: Sukhwinder Singh
First published: March 16, 2022, 11:07 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।